ਤਖ਼ਤ ਸ੍ਰੀ ਹਜ਼ੂਰ ਸਾਹਿਬ, ਅਬਿਚਲ ਨਗਰ
ਤਖ਼ਤ ਸ੍ਰੀ ਹਜ਼ੂਰ ਸਾਹਿਬ, ਅਬਿਚਲ ਨਗਰ
ਭਾਗ ਲਾਉਣ ਲਈ ਪਾਵਨ ਧਰਤ ਤਾਈਂ, ਆਪ ਆਏ ਹਜ਼ੂਰ, ਹਜ਼ੂਰ ਸਾਹਿਬ।
ਮਾਧੋ ਦਾਸ ਤੇ ਤਾਈਂ ਬਣਾ ਬੰਦਾ, ਖਤਮ ਕੀਤਾ ਗਰੂਰ ਹਜ਼ੂਰ ਸਾਹਿਬ।
ਗੁਰੂ ਗਰੰਥ ਜੀ ਤਾਈਂ ਗੁਰਿਆਈ ਦਿੱਤੀ, ਕੀਤੇ ਸ਼ੰਕੇ ਸਭ ਦੂਰ, ਹਜ਼ੂਰ ਸਾਹਿਬ।
ਹਰ ਇਕ ਸਿੱਖ ਦੀ ਦਿਲੀ ਇਹ ਰੀਝ ਹੁੰਦੀ, ਦਰਸ਼ਨ ਕਰੀਏ ਜਰੂਰ, ਹਜ਼ੂਰ ਸਾਹਿਬ।
ਏਸ ਪਾਵਨ ਅਸਥਾਨ ਤੇ ਪਾਤਸ਼ਾਹ ਨੇ, ਕੀਤਾ ਮੁੱਖ ਤੋਂ ਰੱਬੀ ਫੁਰਮਾਨ ਸੋਹਣਾ।
ਦੇਹਧਾਰੀਆਂ ਦੀ ਰੀਤ ਬੰਦ ਹੋ ਗਈ, ਦਿੱਤਾ ‘ਗ੍ਰੰਥ’ ਨੂੰ ਗੁਰੂ ਅਸਥਾਨ ਸੋਹਣਾ।
ਅੱਗੋਂਗੁਰੂ ਨਹੀਂ ਹੋਊਗਾ ਦੇਹਧਾਰੀ, ਸਾਰੀ ਸੰਗਤ ਨੂੰ ਕੀਤਾ ਬਿਆਨ ਸੋਹਣਾ।
ਗੁਰੂ ਗ੍ਰੰਥ ਦੇ ਤਾਬਿਆ ਪੰਥ ਹੋਊ, ਪਾਵਨ ਮੁੱਖ ਤੋਂ ਕੀਤਾ ਐਲਾਨ ਸੋਹਣਾ।
ਜੁਗੋ ਜੁਗ ਅਟੱਲ ਇਹ ਗੁਰੂ ਥੋਡਾ, ਲਾਉਣੀ ਮਸਤਕ ਨੂੰ ਇਨ੍ਹਾਂ ਦੀ ਖਾਕ ਹਰਦਮ।
ਥੋਡੇ ਸ਼ੰਕੇ ਤੇ ਕਿੰਤੂ ਮਿਟਾਊ ਸਾਰੇ, ਗੁਰੂ ਗ੍ਰੰਥ ਮਹਾਰਾਜ ਦਾ ਵਾਕ ਹਰਦਮ।
ਪਰ ਨਾਰੀ ਪੁਰਸ਼ ਦਾ ਤਿਆਗ ਕਰਕੇ, ਰੱਖਣਾ ਆਪਣਾ ਉੱਚਾ ਇਖਲਾਕ ਹਰਦਮ।
ਰਹਿਤ ਬਹਿਤ ਦੇ ਵਿੱਚ ਪ੍ਰਪੱਕ ਰਹਿਣਾ, ਥੋਡਾ ਮੇਰਾ ਏ ਸਿੱਖੀ ਦਾ ਸਾਕ ਹਰਦਮ।
ਉਨ੍ਹਾਂ ਕਿਹਾ ਸੀ ਮੁੱਖ ’ਚੋਂ ਖਾਲਸਾ ਜੀ, ਥੋਡਾ ਧਰਮ ਇਕੋ ਥੋਡੀ ਜਾਤ ਇਕੋ।
ਸਿੰਘ ਸੂਰਮੇ ਤੁਸੀਂ ਬਲਵਾਨ ਯੋਧੇ, ਥੋਡਾ ਪਿਤਾ ਇਕੋ ਥੋਡੀ ਮਾਤ ਇਕੋ।
ਭਲਾ ਸਦਾ ਸਰਬੱਤ ਦਾ ਮੰਗਣਾ ਏ, ਜ਼ਾਲਮ ਲਈ ਪਰ ਬਣੋ ਆਫਾਤ ਇਕੋ।
ਚੜ੍ਹਦੀ ਕਲਾ ’ਚ ਰਹਿਣਾ ਏ ਖਾਲਸੇ ਨੇ, ਸਦਾ ਰਹਿੰਦੇ ਨਹੀਂ ਕਦੇ ਹਾਲਾਤ ਇਕੋ।
ਮੇਰੇ ਪੁੱਤਰਾਂ ਤੋਂ ਪਿਆਰੇ ਖਾਲਸਾ ਜੀ, ਗਲਤ ਕਦਮ ਨਾ ਲੈਣਾ ਕੋਈ ਪੁੱਟ ਸਿੰਘੋ।
ਆਪੋ ਵਿੱਚ ਨਾ ਕਦੇ ਟਕਰਾ ਜਾਣਾ, ਬੜੀ ਚੰਦਰੀ ਹੁੰਦੀ ਜੇ ਫੁੱਟ ਸਿੰਘੋ।
ਇਸ ਗੱਲ ਨੂੰ ਰੱਖਣਾ ਬੰਨ ਪੱਲ੍ਹੇ, ਦੇਣਾ ਭੰਗ ਦੇ ਭਾੜੇ ਨਾ ਸੁੱਟ ਸਿੰਘੋ।
ਉਹ ਫੁੱਲ ਤਾਂ ਛੇਤੀ ਕੁਮਲਾ ਜਾਂਦੈ, ਜਿਹੜਾ ਟਾਹਣੀ ਤੋਂ ਜਾਂਦਾ ਏ ਟੁੱਟ ਸਿੰਘੋ।
ਕਰੋ ਚੰਦਨ ਦੀ ਚਿਖਾ ਤਿਆਰ ਛੇਤੀ, ਸਮਾਂ ਜਾਣ ਦਾ ਆਇਐ ਨਜ਼ਦੀਕ ਸਿੰਘੋ।
ਸਦਾ ਲਗਣਗੇ ਇਥੇ ਦੀਵਾਨ ਭਾਰੀ, ਅਬਚਲ ਨਗਰ ਨੇ ਰਹਿਣੈ ਰਮਣੀਕ ਸਿੰਘੋ।
ਅੰਗ ਸੰਗ ਮੈਂ ਰਹੂੰਗਾ ਖਾਲਸੇ ਦੇ, ਸਮਝੋ ਏਸ ਨੂੰ ਪੱਥਰ ’ਤੇ ਲੀਕ ਸਿੰਘੋ।
ਹੁਣ ਗੱਜ ਕੇ ਫਤਹਿ ਬੁਲਾਉ ‘ਜਾਚਕ’, ਰਹੇ ਪੁਰਖ ਅਕਾਲ ਉਡੀਕ ਸਿੰਘੋ।