1984 ਵਿੱਚ ਸਿੱਖਾਂ ਦਾ ਕਤਲੇਆਮ
1984 ਵਿੱਚ ਸਿੱਖਾਂ ਦਾ ਕਤਲੇਆਮ
ਬਦਲਾ ਲੈ ਲਿਆ ਸਿੰਘਾਂ ਨੇ ਗੁਰੂ ਘਰ ਦਾ, ਸਿੱਖ ਕੌਮ ਦੀ ਸ਼ਾਮਤ ਪਰ ਆਈ ਓਦੋਂ।
ਸਿੱਖੀ ਸੂਰਜ ਦੇ ਚਾਨਣੇ ਸਾਹਮਣੇ ਤਦ, ਗਹਿਰੀ ਜ਼ੁਲਮੀ ਕੋਈ ਧੁੰਧ ਦੀ ਛਾਈ ਓਦੋਂ।
ਚਾਰੇ ਪਾਸੇ ਫਿਰ ਸਹਿਮ ਦੇ ਛਾਏ ਬੱਦਲ, ਤੂਫਾਨ ਅਤੇ ਹਨੇਰੀ ਕੋਈ ਆਈ ਓਦੋਂ।
ਉੱਡ ਪੁੱਡ ਗਏ ਘਰ ਤੇ ਘਾਟ ਸਾਡੇ, ਪਈ ਤੜਥੱਲ ਤੇ ਮਚੀ ਦੁਹਾਈ ਓਦੋਂ।
ਇਸ ਹਨੇਰੀ ਕਾਰਣ ਸਿੱਖੀ ਬਾਗ ਅੰਦਰ, ਜਾਨੀ ਮਾਲੀ ਕੋਈ ਪਤਝੱੜ ਸੀ ਆਈ ਓਦੋਂ।
ਅਸੀਂ ਜਿਨ੍ਹਾਂ ਦੇ ਬੁਝੇ ਜਗਾਏ ਦੀਵੇ, ਉਨ੍ਹਾਂ ਸਿੱਖਾਂ ਦੀ ਜੋਤ ਬੁਝਾਈ ਓਦੋਂ।
ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਛੇਤੀ, ਦਿੱਤੀਆਂ ਗਈਆਂ ਅਫਵਾਹਾਂ ਫੈਲਾ ਦਿੱਲੀ।
ਪਹਿਲੀ ਅਫ਼ਵਾਹ ਕਿ ਕਤਲ ਦੀ ਖਬਰ ਸੁਣ ਕੇ, ਸਿੱਖ ਰਹੇ ਨੇ ਖੁਸ਼ੀਆਂ ਮਨਾ ਦਿੱਲੀ।
ਥਾਂ ਥਾਂ ਮਿਠਿਆਈਆਂ ਇਹ ਵੰਡ ਕੇ ਤੇ, ਕੱਠੇ ਹੋ ਕੇ ਭੰਗੜੇ ਰਹੇ ਪਾ ਦਿੱਲੀ।
ਦੂਜੀ ਇਹ ਕਿ ਸਿੱਖਾਂ ਨੇ ਮਾਰ ਹਿੰਦੂ, ਪੰਜਾਬੋਂ ਦਿੱਤੇ ਨੇ ਸਾਰੇ ਪਹੁੰਚਾ ਦਿੱਲੀ।
ਭਰੀ ਹਿੰਦੂਆਂ ਦੀਆਂ ਲਾਸ਼ਾਂ ਦੇ ਨਾਲ ਗੱਡੀ, ਖੜੀ ਹੋਈ ਸਟੇਸ਼ਨ ਤੇ ਆ ਦਿੱਲੀ।
ਤੀਜੀ ਇਹ ਕਿ ਸਿੱਖਾਂ ਨੇ ਕਰ ਸਾਜਿਸ਼, ਦਿੱਤੈ ਪਾਣੀ ’ਚ ਜ਼ਹਿਰ ਮਿਲਾ ਦਿੱਲੀ।
ਥਾਂ-ਥਾਂ ਅਫ਼ਵਾਹਾਂ ਦਾ ਗਰਮ ਬਜ਼ਾਰ ਕਰਕੇ, ਜਾਣ ਬੁਝ ਕੇ ਹਿੰਸਾ ਭੜਕਾਈ ਇਨ੍ਹਾਂ।
ਸਿੱਖ ਕੌਮ ਨੂੰ ਸਬਕ ਸਿਖਾਉਣ ਦੇ ਲਈ, ਸੋਚ ਸਮਝ ਕੇ ਵਿਉਂਤ ਬਣਾਈ ਇਨ੍ਹਾਂ।
ਕਾਂਗਰਸੀ ਆਗੂਆਂ ਵਰਕਰਾਂ ਹੋ ਕੱਠੇ, ਖੂਨ ਖਰਾਬੇ ਦੀ ਕੀਤੀ ਅਗਵਾਈ ਇਨ੍ਹਾਂ।
ਬੱਸਾਂ ਵਿੱਚ ਲਿਆ ਕੇ ਗੁੰਡਿਆਂ ਨੂੰ, ਸ਼ਰੇਆਮ ਸੀ ਲੁੱਟ ਮਚਾਈ ਇਨ੍ਹਾਂ।
ਸਿੱਖ ਘਰਾਂ, ਦੁਕਾਨਾਂ ਗੁਰਦੁਅਰਿਆਂ ਨੂੰ, ਚੁਣ ਚੁਣ ਕੇ ਅੱਗ ਸੀ ਲਾਈ ਇਨ੍ਹਾਂ।
ਸਿੱਖਾਂ ਤਾਈ, ਫਿਰ ਜ਼ਿੰਦਾ ਜਲਾ ਕੇ ਤੇ, ਅੱਗ ਪਾਣੀਆਂ ਤਾਈਂ ਸੀ ਲਾਈ ਇਨ੍ਹਾਂ।
ਜਿਨ੍ਹਾਂ ਦੇਸ਼ ਅਜ਼ਾਦੀ ਲਈ ਲਹੂ ਡੋਲ੍ਹੇ, ਹਰ ਇਕ ਉਨ੍ਹਾਂ ਨੂੰ ਸਬਕ ਸਿਖਾਉਣ ਆਇਆ।
ਲਲਿਤ ਮਾਕਨ ਅੰਬੈਸਡਰ ਕਾਰ ਵਿਚੋਂ, ਭੜਕੀ ਭੀੜ ਨੂੰ ਹੋਰ ਭੜਕਾਉਣ ਆਇਆ।
ਟਾਇਟਲਰ ਤੇ ਸੱਜਣ ਕੁਮਾਰ ਓਦੋਂ, ਗੁੰਡਿਆਂ ਹੱਥੋਂ ਸੀ ਸਿੱਖ ਮਰਵਾਉਣ ਆਇਆ।
ਸੌ ਰੁਪਈਆ, ਸ਼ਰਾਬ ਦੀ ਇੱਕ ਬੋਤਲ, ਇੱਕ ਇੱਕ ਗੁੰਡੇ ਦੇ ਹੱਥ ਫੜਾਉਣ ਆਇਆ।
ਧਰਮ ਦਾਸ ਸ਼ਾਸ਼ਤਰੀ, ਲੈ ਕੇ ਵੋਟ ਲਿਸਟਾਂ, ਸਿੱਖ ਘਰਾਂ ਦੀ ਸ਼ਨਾਖ਼ਤ ਕਰਵਾਉਣ ਆਇਆ।
ਹਰਿਕ੍ਰਿਸ਼ਨ ਲਾਲ ਭਗਤ ਵੀ ਪੁਲਸ ਕੋਲੋਂ, ਫੜੇ ਗੁੰਡਿਆਂ ਤਾਈਂ ਛੁਡਵਾਉਣ ਆਇਆ।
ਖੂਨੀ ਯਾਤਰਾ ਦਿੱਲੀ ਚ ਸ਼ੁਰੂ ਹੋਈ, ਸ਼ਿਕਾਰੀ ਰਹੇ ਸ਼ਿਕਾਰ ਸਨ ਟੋਲ ਓਦੋਂ।
ਅੱਗ ਲਾਉਣ ਲਈ ਕੇਨੀਆ ਤੇਲ ਦੀਆਂ, ਫੜੀਆਂ ਹੋਈਆਂ ਸਨ ਦੁਸ਼ਟਾਂ ਦੇ ਕੋਲ ਓਦੋਂ।
ਆ ਕੇ ਹਿਟਲਰ ਦੀ ਰੂਹ ਨੇ ਉਸ ਵੇਲੇ, ਸਿੱਖ ਲਏ ਦਬੋਚ ਅਣਭੋਲ ਓਦੋਂ।
ਸਾੜ ਦਿੱਤੇ ਗਏ ਗਲਾਂ ’ਚ ਟਾਇਰ ਪਾ ਕੇ, ਹੀਰੇ, ਰਤਨ, ਜਵਾਹਰ ਅਨਮੋਲ ਓਦੋਂ।
ਸਿੱਖ ਮੌਤ ਦੇ ਆਏ ਜਬਾੜਿਆਂ ਚ, ਭੇਦ ਦਿਲ ਦਾ ਸਕੇ ਨਾ ਖੋਹਲ ਓਦੋਂ।
ਇਕ ਇਕ ਸਿੱਖ ਦੇ ਸੈਂਕੜੇ ਗਲ ਪੈ ਗਏ, (ਉਹ) ਬੋਲ ਸਕੇ ਨਾ ਮੂੰਹੋਂ ਕੋਈ ਬੋਲ ਓਦੋਂ।
ਨਵੰਬਰ, 84 ਦੇ ਪਹਿਲੇ ਸਪਤਾਹ ਅੰਦਰ, ਨੱਚਿਆ ਮੌਤ ਨੇ ਸੀ ਤਾਂਡਵ ਨਾਚ ਏਥੇ।
ਹਜ਼ਾਰਾਂ ਸਿੱਖ ਜੀਉਂਦੇ ਹੀ ਗਏ ਸਾੜੇ, ਹੀਰੇ ਲਾਲ ਕਈ ਗਏ ਗਵਾਚ ਏਥੇ।
ਸੜਦੇ ਸਿੱਖਾਂ ਨੂੰ ਤੜਫਦੇ ਤੱਕ ਹੱਸਦੇ, ਕਹਿੰਦੇ ਸਿੱਖ ਇਹ ਨੱਚ ਰਹੇ ਨਾਚ ਏਥੇ।
‘ਅਹਿੰਸਾ ਪਰਮੋ ਧਰਮਾ’ ਕਹਿਣ ਵਾਲਿਆਂ ਨੇ, ਸਿੱਖੀ ਹਿੰਸਾ ਦੀ ਖੁਲ੍ਹ ਕੇ ਜਾਚ ਏਥੇ।
ਮਾਰ ਮਾਰ ਬੇਦੋਸ਼ੇ ਨਿਹੱਥਿਆਂ ਨੂੰ, ਆਖਰ ਜਾਂਦੇ ਸਨ ਪੱਤਰਾ-ਵਾਚ ਏਥੇ।
‘ਸੈਟੇਲਾਈਟ’ ਨੇ ਜੱਗ’ਚ ਜਾਹਰ ਕੀਤਾ, ਦੁਸ਼ਟਾਂ ਨੱਚਿਆ ਜੋ ਨੰਗਾ ਨਾਚ ਏਥੇ।
ਵਾਂਗ ਜਾਨਵਰਾਂ ਵਹਿਸ਼ੀ ਦਰਿੰਦਿਆਂ ਨੇ, ਕਤਲ ਸਿੱਖ ਸਭ ਖਾਸ ਤੇ ਆਮ ਕੀਤੇ।
ਆਜ਼ਾਦ ਭਾਰਤ ’ਚ ਅਜ਼ਾਦ ਨਾਗਰਿਕਾਂ ਦੇ, ਚਿੱਟੇ ਦਿਨ ਏਥੇ ਕਤਲੇਆਮ ਕੀਤੇ।
ਅਣਮਨੁੱਖੀ ਤਸ਼ੱਦਦ ਵੀ ਕਈ ਇਨ੍ਹਾਂ, ਪੁਲਿਸ ਸਾਹਮਣੇ ਸੀ ਸ਼ਰੇਆਮ ਕੀਤੇ।
ਵਿਉਂਤਬੱਧ ਤਰੀਕੇ ਨਾਲ ਕਤਲ ਹੋਏ, ਜਥੇਬੰਦਕ ਸਨ ਐਸੇ ਇੰਤਜ਼ਾਮ ਕੀਤੇ।
ਪੂਰੇ ਤਿੰਨ ਦਿਨ ਦਹਿਸ਼ਤ ਮਚਾ ਕੇ ਤੇ, ਉਨ੍ਹਾਂ ਕਨੂੰਨ ਦੇ ਪਹੀਏ ਸਨ ਜਾਮ ਕੀਤੇ।
ਟੋਟੇ ਜਿਗਰ ਦੇ ਕਈਆਂ ਦੇ ਹੋਏ ਟੋਟੇ, ਹਜ਼ਾਰਾਂ ਬੱਚੇ ਯਤੀਮ, ਸ਼ਰੇਆਮ ਕੀਤੇ।
ਵੋਟਰ ਲਿਸਟਾਂ ਤੇ ਪਤੇ ਸਨ ਸਭ ਕੋਲੇ, ਕਰਨੀ ਪਈ ਨਾ ਸਿੱਖਾਂ ਦੀ ਖੋਜ ਏਥੇ।
ਲੱਗਾ ਹੋਇਆ ਸੀ ਕਰਫਿਊ ਨਾਂ ਦਾ ਹੀ, ਨਾ ਕੋਈ ਪੁਲਸ ਤੇ ਨਾ ਸੀ ਫੌਜ ਏਥੇ।
ਉਦੋਂ ਪੁਲਸ ਨੇ ਗੁੰਡਿਆਂ ਨਾਲ ਰਲ ਕੇ, ਲੁੱਟਿਆ ਮਾਲ ਤੇ ਲੁੱਟੀ ਸੀ ਮੌਜ ਏਥੇ।
ਖੁੱਲ੍ਹੇ ਛੱਡ ਦਿੱਤੇ ਰੱਸੇ ਜਦੋਂ ਉਨ੍ਹਾਂ, ਹਰ ਇਕ ਨੂੰ ਲੱਗਗਈ ਮੌਜ ਏਥੇ।
ਲੁੱਟ ਲਉ ਜੋ ਲੁੱਟਣ ਨੂੰ ਦਿਲ ਕਰਦੇ, ਮੌਕਾ ਮਿਲਣਾ ਨਹੀਂ ਰੋਜ਼ ਰੋਜ਼ ਏਥੇ।
ਗਹਿਣੇ ਸੋਨੇ ਦੇ, ਟੀ.ਵੀ., ਫਰਿਜ ਆਦਿਕ, ਲੁੱਟ ਕੇ ਜਾ ਰਹੀ ਸੀ, ‘ਗੁੰਡਾ ਫੌਜ‘ ਏਥੇ।
‘ਖੂਨ ਕਾ ਬਦਲਾ ਖੂਨ’ ਜਿਹੇ ਗਰਮ ਨਾਹਰੇ, ਟੀ.ਵੀ. ਉੱਤੇ ਵਿਖਾਉਣ ਦੀ ਲੋੜ ਕੀ ਸੀ।
ਰਾਜੀਵ ਗਾਂਧੀ ਨੂੰ ਉਦੋਂ ਬਿਆਨ ਦੇ ਕੇ, ਤੇਲ ਬਲਦੀ ਤੇ ਪਾਉਣ ਦੀ ਲੋੜ ਕੀ ਸੀ।
‘ਧਰਤੀ ਹਿੱਲੇ ਜਦ ਵੱਡਾ ਦਰੱਖਤ ਡਿੱਗਦੇ’ ਕਹਿ ਕੇ ਹੋਰ ਉਕਸਾਉਣ ਦੀ ਲੋੜ ਕੀ ਸੀ।
ਟੇਡੇ ਢੰਗ ਨਾਲ ਜਾਇਜ਼ ਠਹਿਰਾ ਸਭ ਕੁਝ, ਵਹਿਸ਼ੀ ਦਰਿੰਦੇ ਬਚਾਉਣ ਦੀ ਲੋੜ ਕੀ ਸੀ।
ਧੁਖ ਰਹੀ ਸਿੱਖੀ ਵਿਰੁੱਧ ਜੇ ਦੁਸ਼ਮਣੀ ਸੀ, ਉਹਨੂੰ ਹੋਰ ਧੁਖਾਉਣ ਦੀ ਲੋੜ ਕੀ ਸੀ।
ਅੱਲੇ ਜ਼ਖਮਾਂ ਤੇ ਛਿੜਕ ਕੇ ਲੂਣ ਸਾਡੇ, ਸਾਨੂੰ ਹੋਰ ਤੜਫਾਉਣ ਦੀ ਲੋੜ ਕੀ ਸੀ।
ਕਿੰਨੇ ਦਿਨ ਹੀ ਸਿੰਘਾਂ ਦੇ ਘਰਾਂ ਅੰਦਰ, ਸਰੀਰ ਸੜ ਸੜ ਕੋਲੇ ਸਨ ਹੋਏ ਓਦੋਂ।
ਸੜ ਸੜ ਸਾਡੇ ਮਕਾਨ, ਸਮਾਨ ਸਭ ਕੁਝ, ਅੱਖਾਂ ਸਾਹਵੇਂ ਸੁਆਹ ਸਨ ਹੋਏ ਓਦੋਂ।
ਖੂਨੀ ਭੂਮੀ ਸੀ ਬਣੀ ਹੋਈ ਇਹ ਦਿੱਲੀ, ਤੱਕ ਕੇ ਜਿਮੀਂ ਅਸਮਾਨ ਵੀ ਰੋਏ ਓਦੋਂ।
ਕੱਲੀ ਦਿੱਲੀ ’ਚ ਪੰਜਾਹ ਹਜ਼ਾਰ ਲਗਭਗ, ਬੁੱਚੜਾਂ ਹੱਥੋਂ ਸ਼ਿਕਾਰ ਸਨ ਹੋਏ ਓਦੋਂ।
ਖਿੱਚ ਖਿੱਚ ਕੇ ਤੇ ਧੂਹ ਧੂਹ ਮਾਰੇ, ਬੱਸਾਂ ਗੱਡੀਆਂ ਦੇ ਵਿਚੋਂ ਉਤਾਰ ਕੇ ਤੇ।
ਗਰਭਵਤੀ ਵੀ ਔਰਤਾਂ ਛੱਡੀਆਂ ਨਾ, ਮਾਰੀਆਂ ਪੇਟ ਅੰਦਰ ਛੁਰੇ ਮਾਰ ਕੇ ਤੇ।
ਇਕ ਦੂਜੇ ਨੂੰ ਇਨ੍ਹਾਂ ਹਰਾਮੀਆਂ ਨੇ, ਉੱਚੀ ਉੱਚੀ ਸੀ ਕਿਹਾ ਪੁਕਾਰ ਕੇ ਤੇ।
ਔਰਤਾਂ ਨਾਲ ਫਿਰ ਜਬਰ ਜਿਨਾਹ ਕਰਿਉ, ਪਹਿਲਾਂ ਇਨ੍ਹਾਂ ਦੇ ਮਰਦਾਂ ਨੂੰ ਮਾਰ ਕੇ ਤੇ।
ਸਚਮੁੱਚ ਹੀ ਜਿੰਦਾਂ ਉਹ ਮਰ ਗਈਆਂ, ਪਤੀ ਮਾਰੇ ਜੋ ਸੋਚ ਵਿਚਾਰ ਕੇ ਤੇ।
ਸ਼ਰੇਆਮ ਹੀ ਕੀਤੇ ਬਲਾਤਕਾਰ ਉਨ੍ਹਾਂ, ਸਾਰੇ ਡਰ ਤੇ ਭਉ ਉਤਾਰ ਕੇ ਤੇ।
ਉਹ ਸੀ ‘ਸਿੱਖ’ ਨੂੰ ਵੇਖ ਕੇ ਟੁੱਟ ਪੈਂਦੇ, ਸੁਣਦੇ ਨਹੀਂ ਸਨ ਕਿਸੇ ਦਾ ਤਰਕ ਕੋਈ।
ਰਾਧਾਸੁਆਮੀ, ਨਿਰੰਕਾਰੀ ਜਾਂ ਨਾਮਧਾਰੀ, ਸਮਝਿਆ ਰਤਾ ਵੀ ਉਨ੍ਹਾਂ ਨਾ ਫਰਕ ਕੋਈ।
ਕਾਮਰੇਡ, ਅਕਾਲੀ ਜਾਂ ਕਾਂਗਰਸੀ ਵੀ, ਅੱਗੇ ਪਿੱਛੇ ਨਾ ਸਕਿਆ ਸਰਕ ਕੋਈ।
ਰਾਖਸ਼ ‘ਸਿੱਖ ਬੋ, ਸਿੱਖ ਬੋ‘ ਕਰ ਰਹੇ ਸੀ, ਦਿੱਲੀ ਨਹੀਂ ਇਹ ਕੁੰਭੀ ਸੀ ਨਰਕ ਕੋਈ।
ਵਹਿੰਦੇ ਖੂਨ ਨੂੰ ਤੱਕ ਕੇ ਹੱਸਦੇ ਸੀ, ਖੂਨ ਨਹੀਂ ਇਹ ਜਿਦਾਂ ਸੀ ਅਰਕ ਕੋਈ।
ਥਾਂ ਥਾਂ ਜਿਨ੍ਹਾਂ ਨੇ ਦਾਤਾ ਨਿਰਦੋਸ਼ ਮਾਰੇ, ਕਰ ਦੇ ਉਨ੍ਹਾਂ ਦਾ ਬੇੜਾ ਵੀ ਗਰਕ ਕੋਈ।
ਤੁਰੇ ਜਾਂਦੇ ਸਨ ਵੱਗ ਦੇ ਵਾਂਗ ਇਹ ਤਾਂ, ਤੁਰਦੀ ਇਕ ਪਿੱਛੇ ਦੂਜੀ ਭੇਡ ਜਿਦਾਂ।
ਸਿੱਖ ਲਭਣ ਲਈ ਘਰਾਂ ਚ ਇਉਂ ਵੜਦੇ, ਵੜਦੀ ਪੁਲਸ ਏ ਮਾਰਨ ਲਈ ਰੇਡ ਜਿਦਾਂ।
ਸਰੀਏ ਮਾਰ ਕੇ ਸਿਰਾਂ ’ਚੋਂ ਮਿਝ ਕੱਢਦੇ, ਖੇਡ ਰਹੇ ਕੋਈ ਖੂਨੀ ਸੀ ਖੇਡ ਜਿਦਾਂ।
ਮਰਦੇ ਸਿੱਖਾਂ ਵੱਲ ਤੱਕ ਕੇ ਇਉਂ ਹੱਸਣ, ਕਰਨੀ ਹੁੰਦੀ ਏ ਕੋਈ ਜੇਡ ਜਿਦਾਂ।
ਸੜਦੇ ਘਰਾਂ ਵੱਲ ਏਦਾਂ ਤੱਕ ਰਹੇ ਸੀ, ਅਜ਼ਾਦੀ ਦਿਵਸ ਦੀ ਹੋਵੇ ਪਰੇਡ ਜਿਦਾਂ।
ਕੋਈ ਨਾ ਕਿਸੇ ਵੀ ਦੇਸ਼ ਚ ਖੇਡ ਸਕਦਾ, ਏਥੇ ਖੇਡੀ ਗਈ ਖੂਨੀ ਸੀ ਖੇਡ ਜਿਦਾਂ।
ਇਸ ਬਿਪਤਾ ਤੇ ਸੰਕਟ ਦੀ ਘੜੀ ਅੰਦਰ, ਨਿਕਲੇ ਸਭ ਦੇ ਸਨ ਤ੍ਰਾਹ ਓਦੋਂ ।
ਖੜੀ ਜਿਨ੍ਹਾਂ ਦੇ ਆਸਰੇ ਇਹ ਦੁਨੀਆਂ, ਡੁੱਬਦੇ ਬੇੜੇ ਦੇ ਬਣੇ ਮਲਾਹ ਓਦੋਂ।
ਕਈ ਹਿੰਦੂ ਤੇ ਮੁਸਲਮ ਗਵਾਂਢੀਆਂ ਨੇ, ਦਿੱਤੀ ਸਿੱਖਾਂ ਨੂੰ ਘਰੀਂ ਪਨਾਹ ਓਦੋਂ।
ਆਪੋ ਆਪਣੇ ਫਰਜ ਨੂੰ ਸਮਝ ਕੇ ਤੇ, ਸੀਨਾ ਤਾਣ ਕੇ ਰੋਕਿਆ ਰਾਹ ਓਦੋਂ।
ਅੱਗੋਂ ਡੱਟ ਕੇ ਇਨ੍ਹਾਂ ਨੇ ਲਾਏ ਡੱਕੇ, ਚੜ੍ਹਕੇ ਆਏ ਜੋ ਖਾਹਮਖਾਹ ਓਦੋਂ।
ਗੁੱਸੇ ਵਿੱਚ ਆ ਕੇ ਇਨ੍ਹਾਂ ਗੁੰਡਿਆਂ ਨੇ, ਕੀਤੀ ਉਨ੍ਹਾਂ ਦੀ ਵੀ ਲਾਹ ਪਾਹ ਓਦੋਂ।
ਅੱਗ ਲਾ ਕੇ ਉਨ੍ਹਾਂ ਦੇ ਘਰਾਂ ਤਾਈਂ, ਕਰ ਦਿੱਤੇ ਸਨ ਸਾੜ ਸੁਆਹ ਓਦੋਂ।
ਆਦਮਖੋਰ ਤੇ ਵਹਿਸ਼ੀ ਦਰਿੰਦਿਆਂ ਦੀ, ਇਨ੍ਹਾਂ ਕੀਤੀ ਨਾ ਰਤਾ ਪਰਵਾਹ ਓਦੋਂ।
ਥਾਂ ਥਾਂ ਤੇ ਅਮਨ ਜਲੂਸ ਕੱਢ ਕੇ, ਕਿਹਾ ‘ਸਿੱਖ ਹਨ ਬੇਗੁਨਾਹ’ ਓਦੋਂ।
‘ਨਾਗਰਕ ਏਕਤਾ ਮੰਚ’ ਦੇ ਰਾਹੀਂ ਲਾਈ, ਮੁੜ ਵਸਾਉਣ ਲਈ ਪੂਰੀ ਸੀ ਵਾਹ ਓਦੋਂ।
ਪੀ.ਯੂ.ਡੀ.ਆਰ. ਤੇ ਪੀ.ਯੂ.ਸੀ. ਐਲ. ਨੇ, ਰੱਖੀ ਦੋਸ਼ੀਆਂ ਉੱਤੇ ਨਿਗਾਹ ਓਦੋਂ।
ਗਿਣ ਰਹੇ ਸਨ ਆਖਰੀ ਸਾਹ ਜਿਹੜੇ, ਪਾਏ ਉਨ੍ਹਾਂ ਦੇ ਸਾਹ ’ਚ ਸਾਹ ਓਦੋਂ।
ਅਸਲ ਵਿਚ ਸੀ ਗਿਣੀ ਤੇ ਮਿਥੀ ਸਾਜਸ਼, ਸਭ ਕੁਝ ਸਾਹਮਣੇ ਗਿਆ ਏ ਆ ਏਥੇ।
ਦੰਗਿਆਂ ਬਾਰੇ ਰਿਪੋਰਟਾਂ ਨੇ ਛਪ ਚੁੱਕੀਆਂ, ਕੋਈ ਨਹੀਂ ਰਿਹਾ ਹੁਣ ਲੁਕ ਲੁਕਾ ਏਥੇ।
ਹਿੰਦ ਹਕੂਮਤ ਨੇ ਉਦੋਂ ਸੀ ਜਾਣ ਬੁਝ ਕੇ, ਦਿੱਤੇ ਸਿੱਖ ਬੇੱਦੋਸ਼ੇ ਮਰਵਾ ਏਥੇ।
‘ਦੋਸ਼ੀ ਕੌਣ ਹੈ?’ ਪੁਸਤਕ ’ਚ ਛਪੀ ਘਟਨਾ, ਇਸ ਸੰਦਰਭ ’ਚ ਦਿਆਂ ਸੁਣਾ ਏਥੇ।,
ਪੁਲਸ ਕਮਿਸ਼ਨਰ ਸ੍ਰੀ ਐਸ.ਸੀ. ਟੰਡਨ, ਪਰੈਸ ਕਾਨਫਰੰਸ ’ਚ ਬੈਠਾ ਸੀ ਆ ਏਥੇ।
ਪੱਤਰਕਾਰਾਂ ਨੇ ਪੁੱਛਿਆ, ਪਤਾ ਲੱਗੈ, ਕਾਂਗਰਸੀ ਕੇਸਾਂ ਨੂੰ ਰਹੇ ਦਬਾ ਏਥੇ।
ਕਹਿਣ ਲੱਗਾ ਉਹ ਜੋਸ਼ ਦੇ ਵਿੱਚ ਆ ਕੇ, ਸਾਡੇ ਉੱਤੇ ਨਹੀਂ ਕੋਈ ਦਬਾਅ ਏਥੇ।
ਪਕੜ ਲਏ ਨੇ ਅਸੀਂ ਤਾਂ ਕਈ ਮੁਜ਼ਰਮ, ਦਿੱਤੇ ਜੇਲਾਂ ਦੇ ਵਿੱਚ ਪਹੁੰਚਾ ਏਥੇ।
ਏਨੇ ਚਿਰ ਨੂੰ ਕਮਰੇ ’ਚ ਹੋ ਦਾਖਲ,‘ਟਾਇਟਲਰ’ ਬੋਲਿਆ ਗੁੱਸੇ ਚ ਆ ਏਥੇ।
ਸਾਡਾ ਬੰਦਾ ਤੂੰ ਅਜੇ ਤੱਕ ਛੱਡਿਆ ਨਹੀਂ, ਫੜ ਲਿਐ ਜਿਹੜਾ ਤੂੰ ਖਾਹਮਖਾਹ ਏਥੇ।
ਪਾਣੀ ਪਾਣੀ ਉਹ ਸ਼ਰਮ ਦੇ ਨਾਲ ਹੋਇਆ, ਨਿਕਲ ਗਿਆ ਸੀ ਉਸ ਦਾ ਤ੍ਰਾਹ ਏਥੇ।
ਪਰਦੇ ਪਿਛੇ ਇਹ ਜੋ ਵੀ ਹੋ ਰਿਹਾ ਸੀ, ਸਭ ਦੇ ਸਾਹਮਣੇ ਗਿਆ ਸੀ ਆ ਏਥੇ।
ਅੱਖਾਂ ਅੱਗੇ ਹਨੇਰਾ ਸੀ ਛਾ ਚੁੱਕਾ, ਚਿੱਟੇ ਦਿਨ ਹੋ ਗਈ ਕਾਲੀ ਰਾਤ ਹੈਸੀ।
ਆਪਣੇ ਦੇਸ਼ ’ਚ ਸ਼ਰਨਾਰਥੀ ਬਣ ਕੇ ਤੇ, ਰੁਲ ਰਹੀ ਇਹ ਸਿੱਖ ਜਮਾਤ ਹੈਸੀ।
ਵੱਸਦੇ ਰਸਦੇ ਹੋਏ ਘਰ ਸਨ ਕੱਲ੍ਹ ਜਿਹੜੇ, ਬਣ ਚੁੱਕੇ ਓਹ ਅਜ ਖੰਡਰਾਤ ਹੈਸੀ।
ਬਾਹਰ ਲੱਗੇ ਹੋਏ ਤੰਬੂਆਂ ਵਿਚ ਓਦੋਂ, ਕੱਟੀ ਠੰਢ ’ਚ ਕਈਆਂ ਹਰ ਰਾਤ ਹੈਸੀ।
ਇਥੇ ਕੌਣ ਸੀ ਕਿਸੇ ਦਾ ਦੁੱਖ ਸੁਣਦਾ, ਤਰਸਯੋਗ ਇਹ ਬੜੇ ਹਾਲਾਤ ਹੈਸੀ।
ਸੋਚ ਸਮਝ ਕੇ ਇਨਾਂ ਨੇ ਪਾਈ ਏਥੇ, ਨਾਦਰਸ਼ਾਹੀ ਵੀ ਜ਼ੁਲਮਾਂ ਨੂੰ ਮਾਤ ਹੈਸੀ।
ਧਰਤੀ ਫਟੀ ਤੇ ਅੰਬਰ ਸੀ ਰੋਣ ਲੱਗਾ, ਐਸਾ ਕਹਿਰ ਕਮਾਇਆ ਸੀ ਜ਼ਾਲਮਾਂ ਨੇ।
ਮਹਾਤਮਾ ਗਾਂਧੀ ਗੋਡਸੇ ਮਾਰਿਆ ਜਦ, ਓਦੋਂ ਰੌਲਾ ਨਾ ਪਾਇਆ ਸੀ ਜ਼ਾਲਮਾਂ ਨੇ।
ਦੋ ਸਿੱਖਾਂ ਨੇ ਲੈ ਲਿਆ ਜੇ ਬਦਲਾ, ਵਖਤ ਕੌਮ ਨੂੰ ਪਾਇਆ ਸੀ ਜ਼ਾਲਮਾਂ ਨੇ।
ਉਦੋਂ ਰਾਜਸੀ ਰੋਟੀਆਂ ਸੇਕਣੇ ਲਈ, ਜ਼ੁਲਮੀਂ ਤੰਦੂਰ ਤਪਾਇਆ ਸੀ ਜ਼ਾਲਮਾਂ ਨੇ।
ਪਰਲੋ ਆਈ ਸੀ ਸਿੱਖਾਂ ਦੇ ਲਈ ਜਿਹੜੀ, ਉਹਦੇ ਵੱਲ ਧਿਆਨ ਦਿਵਾਉਣ ਲੱਗਾ।
ਬੇਕਸੂਰ ਹਜ਼ਾਰਾਂ ਹੀ ਗਏ ਮਾਰੇ, ਉਨ੍ਹਾਂ ਵਿਚੋਂ ਇਕ ਘਟਨਾ ਸੁਨਾਉਣ ਲੱਗਾ।
ਖੂਨ ਨਾਲ ਇਹ ਲੱਥ ਪੱਥ ਪੰਨਿਆਂ ਚੋਂ, ਇਕ ਘਰ ਦੀ ਝਲਕ ਦਿਖਾਉਣ ਲੱਗਾ।
ਕਿਵੇਂ ਮਾਰੇ ਗਏ ਮਾਂ ਦੇ ਤਿੰਨ ਪੁੱਤਰ, ਦਰਦ ਭਰੀ ਉਹ ਵਿਥਿਆ ਸੁਨਾਉਣ ਲੱਗਾ।
ਵੱਡੇ ਪੁੱਤ ਦੇ ਕੇਸ ਸਨ ਬਹੁਤ ਲੰਬੇ, ਫੜਿਆ ਦੁਸ਼ਟਾਂ ਇਹ ਬਰਖੁਰਦਾਰ ਓਦੋਂ।
ਕੇਸ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਤੇ, ਨੰਗੀ ਕੀਤੀ ਫਿਰ ਬਿਜਲੀ ਦੀ ਤਾਰ ਓਦੋਂ।
ਕਰੰਟ ਲੱਗਣ ਦੇ ਨਾਲ ਉਹ ਤੜਫ਼ ਕੇ ਤੇ, ਰਿਹਾ ਹੱਥ ਤੇ ਪੈਰ ਸੀ ਮਾਰ ਓਦੋਂ।
‘ਕੈਸਾ ਬੜ੍ਹੀਆ ਯਿਹ ਰਹਾ ਹੈ ਨਾਚ’ ਦੇਖੋ, ਕਹਿੰਦੇ ਹੱਸ ਕੇ ਤੇ ਠਹਾਕਾ ਮਾਰ ਓਦੋਂ।
ਖੂਨ ਪੀਣ ਲਈ ਉਤਾਰੂ ਭੀੜ ਦੇ ਹੱਥ, ਆ ਗਿਆ ਦੂਜਾ ਵੀ ਉਸ ਦਾ ਬਾਲ ਏਥੇ।
ਦੁਸ਼ਟਾਂ ਛਿੜਕ ਕੇ ਮਿੱਟੀ ਦਾ ਤੇਲ ਉਸ ਤੇ, ਦਿੱਤੀ ਮਾਚਸ ਦੀ ਤੀਲੀ ਸੀ ਬਾਲ ਏਥੇ।
ਪਿਛਲੇ ਪਾਸੇ ਦਾ ਸੜਿਆ ਮਾਸ ਉਸ ਦਾ, ਚਿਪਕ ਗਿਆ ਦੀਵਾਰ ਦੇ ਨਾਲ ਏਥੇ।
ਪੀਣ ਲਈ ਜਦ ਮੰਗਿਆ ਉਸ ਪਾਣੀ, ਤੁੰਨੀ ਮੂੰਹ ’ਚ ਬਲਦੀ ਮਿਸ਼ਾਲ ਏਥੇ।
ਤੀਜਾ ਪੁਤ ਜੋ ਦੌੜਿਆ ਸੜਕ ਵੱਲੇ, (ਉਹ) ਪੈਰਾਂ ਹੇਠ ਮਧੌਲ ਲਿਤਾੜ ਦਿੱਤਾ।
ਫੇਰ ਛਿੜਕ ਕੇ ਮਿੱਟੀ ਦਾ ਤੇਲ ਉਸ ਤੇ, ਜਿਉਂਦੇ ਜੀਅ ਹੀ ਉਸਨੂੰ ਸਾੜ ਦਿੱਤਾ।
ਕਰਕੇ ਮਾਂ ਨੂੰ ਉਨ੍ਹਾਂ ਫਿਰ ਅਲਫ ਨੰਗਾ,ਬੇ-ਹਯਾਈ ਦਾ ਚੰਨ ਸੀ ਚਾੜ੍ਹ ਦਿੱਤਾ।
ਬੁਰੀਆਂ ਰੂਹਾਂ ਬੇਕਦਰੀ ਦੇ ਨਾਲ ਇਦਾਂ, ਵਸਦਾ ਰਸਦਾ ਇਹ ਘਰ ਉਜਾੜ ਦਿੱਤਾ।
ਵਾਂਗ ਬੱਕਰਿਆਂ ਸੀ ਸਿੱਖ ਝਟਕਾਏ ਜਿਨ੍ਹਾਂ, ਉਹ ਤਾਂ ਨਿਕਲ ਗਏ ਬੱਚ ਕੇ ਸਾਫ ਏਥੇ।
ਕਰਕੇ ਜ਼ੁਰਮਾਂ ਦੇ ਖਤਮ ਸਬੂਤ ਲੱਗਦੈ, ਅਤਿਆਚਾਰੀ ਸਭ ਕੀਤੇ ਮੁਆਫ ਏਥੇ।
ਸੂਲੀ ਉੱਤੇ ਨਹੀਂ ਟੰਗਿਆ ਕੋਈ , ਜਿੰਨ੍ਹਾਂ, ਕੀਤੇ ਸਿੱਖ ਸਨ ਸਾੜ ਕੇ ਸਾਫ਼ ਏਥੇ।
ਦਿੱਤੀਆਂ ਧਮਕੀਆਂ, ਜਿੰਦਾ ਨਹੀਂ ਉਹ ਛੱਡਣੇ, ਕੱਢੀ ਜਿਨ੍ਹਾਂ ਨੇ ਕਿਧਰੇ ਕੋਈ ਭਾਫ ਏਥੇ।
ਦੋ ਮਿੰਟ ਦਾ ਮੋਨ ਨਹੀਂ ਰੱਖ ਸੱਕੀ, ਪਾਰਲੀਮੈਂਟ ਇਹ ਦੰਗਿਆਂ ਖਿਲਾਫ ਏਥੇ।
ਕਈ ਸਾਲਾਂ ਤੋਂ ਬਾਅਦ ਵੀ ਅਜੇ, ‘ਜਾਚਕ’, ਸਾਨੂੰ ਮਿਲਿਆ ਨਹੀਂ ਕੋਈ ਇਨਸਾਫ ਏਥੇ।
ਭਾਰਤ ਵਾਸੀਓ, ਇਕ ਗੱਲ ਯਾਦ ਰੱਖਿਓ, ਸਿੰਘ ਮਰ ਕੇ ਵੀ ਕਦੇ ਨਾ ਮੋਏ ਏਥੇ।
ਪਹਿਲੀ ਵਾਰ ਨਹੀਂ ਕੋਈ ਇਹ ਜ਼ੁਲਮ ਹੋਇਆ, ਜਨਮੇ ਜਦ ਤੋਂ, ਜ਼ੁਲਮ ਨੇ ਹੋਏ ਏਥੇ।
ਸਮੇਂ ਸਮੇਂ ਤੇ ਸਮੇਂ ਦੇ ਬਾਦਸ਼ਾਹ ਕਈ, ਸਾਨੂੰ ਮਾਰਨ ਲਈ ਉਠ ਖਲੋਏ ਏਥੇ।
ਅਬਦਾਲੀ ਨਾਦਰ ਤੇ ਜਕਰੀਏ ਜਿਹਾਂ ਆ ਕੇ, ਸਾਨੂੰ ਜ਼ੁਲਮ ਦੇ ਕੰਡੇ ਚੁਭੋਏ ਏਥੇ।
ਲਖਪਤ ਰਾਇ ਵੀ ਇਥੇ ਸੀ ਸੌਂਹ ਖਾਧੀ, ਭਾਵੇਂ ਧਰਤੀ ਇਧਰ ਤੋਂ ਉਧਰ ਨੂੰ ਹੋਏ ਏਥੇ।
ਉਨ੍ਹਾਂ ਚਿਰ ਨਹੀਂ ਸਿਰ ਤੇ ਪੱਗ ਰੱਖਣੀ, ਸਿੰਘ ਖਤਮ ਨਾ ਜਿੰਨਾਂ ਚਿਰ ਹੋਏ ਏਥੇ।
ਸਾਡਾ ਸਾਰਾ ਇਤਿਹਾਸ ਇਹ ਦੱਸਦਾ ਏ, ਅਸੀਂ ਬਣੇ ਸੀ ਮੰਨੂੰ ਦੇ ਸੋਏ ਏਥੇ।
ਟੋਟੇ ਟੋਟੇ ਕਰ ਜਿਗਰ ਦੇ ਟੋਟਿਆਂ ਦੇ, ਗਲ ਮਾਵਾਂ ਦੇ ਹਾਰ ਪਰੋਏ ਏਥੇ।
ਪਹਿਲੇ, ਦੂਜੇ ਤੇ ਤੀਜੇ ਘੱਲੂਘਾਰਿਆਂ ’ਚ, ਸਿੱਖ ਮੌਤ ਦੇ ਵਿਹੜੇ ਖਲੋਏ ਏਥੇ।
ਚੱਪਾ ਚੱਪਾ ਇਸ ਧਰਤੀ ਨੇ ਹਿੱਕ ਅੰਦਰ, ਸੌ ਸੌ ਸ਼ਹੀਦਾਂ ਦੇ ਸਿਰ ਲੁਕੋਏ ਏਥੇ।
ਖਤਮ ਕਰਨ ਵਾਲੇ ਆਪ ਖਤਮ ਹੋ ਗਏ,ਐਪਰ ਸਿੰਘ ਨਾ ਖਤਮ ਹੋਏ ਏਥੇ।
‘ਜਾਚਕ’ ਜਦੋਂ ਵੀ ਸਿੱਖਾਂ ਦੀ ਪਈ ਵਾਢੀ,ਸਿੱਖ ਦੂਣ ਸਵਾਏ ਸੀ ਹੋਏ ਏਥੇ।