ਛੋਟਾ ਘੱਲੂਘਾਰਾ
ਛੋਟਾ ਘੱਲੂਘਾਰਾ
ਸਿੱਖਾਂ ਲਈ ਅਠਾਰਵੀਂ ਸਦੀ ਸਾਰੀ, ਸੀ ਕਠਨਾਈਆਂ ਦਾ ਸਚਮੁੱਚ ਯੁਗ ਸਿੰਘੋ।
ਪੈ ਗਏ ਸਿਰਾਂ ਦੇ ਮੁੱਲ ਸਨ ਖਾਲਸੇ ਦੇ, ਦੁਸ਼ਮਣ ਘਰ ਘਰ ਪਏ ਸੀ ਉੱਗ ਸਿੰਘੋ।
ਸੁੰਘਣ ਸ਼ਕਤੀ ਸੀ ਕੁੱਤੇ ਦੇ ਵਾਂਗ ਰੱਖਦੇ, ਗੱਲ ਰਹੀ ਸੀ ਉਨ੍ਹਾਂ ਦੀ ਪੁੱਗ ਸਿੰਘੋ।
ਸੂਹ ਸਿੰਘਾਂ ਦੀ ਭੇਜਦੇ ਝੱਟ ਉਹ ਤਾਂ, ਜਿਥੇ ਕਿਧਰੇ ਵੀ ਮਿਲਦੀ ਉੱਘ ਸੁਗ ਸਿੰਘੋ।
ਉਲੂ ਬੋਲਣੇ ਉਥੇ ਸਨ ਸ਼ੁਰੂ ਹੋਏ, ਵਸਦੇ ਰਸਦੇ ਜੋ ਪਿੰਡ ਸਨ ਘੁੱਗ ਸਿੰਘੋ।
ਓਸ ਦੌਰ ਦਾ ਜਦੋਂ ਇਤਿਹਾਸ ਪੜ੍ਹੀਏ, ਭਰਿਆ ਜਾਂਦਾ ਏ ਦਿਲ ਦਾ ਰੁੱਗ ਸਿੰਘੋ।
ਜਸਪੱਤ ਰਾਇ ਹੰਕਾਰੀ ਦਾ ਕੀ ਦੱਸਾਂ, ਫਿਰਿਆ ਹੋਇਆ ਸੀ ਬੜਾ ਹੀ ਸਿਰ ਓਦੋਂ ।
ਅੱਤਿਆਚਾਰ ਦੀ ਸਿੰਘਾਂ ਦੇ ਸਿਰਾਂ ਉੱਤੇ, ਬਿਜਲੀ ਰਹੀ ਅਸਮਾਨੀ ਸੀ ਗਿਰ ਓਦੋਂ।
ਰੋੜੀ ਸਾਹਿਬ ਦੇ ਆਣ ਕੇ ਗੁਰਦੁਆਰੇ, ਸਿੰਘ ਠਹਿਰੇ ਸਨ ਥੋੜ੍ਹਾ ਹੀ ਚਿਰ ਓਦੋਂ।
ਅਚਨਚੇਤ ਹੀ ਹਮਲਾ ਉਸ ਕਰ ਦਿੱਤਾ, ਸਿੰਘ ਦੁਸ਼ਮਣਾਂ ਵਿੱਚ ਗਏ ਘਿਰ ਓਦੋਂ।
ਜਸਪੱਤ ਰਾਇ ਦੇ ਹਾਥੀ ਤੇ ਚੜ੍ਹਨ ਲੱਗਿਆਂ,‘ਨਿਰਭਉ ਸਿੰਘ’ ਨੇ ਲਾਇਆ ਨਾ ਚਿਰ ਓਦੋਂ।
ਉਹਨੇ ਬਿਜਲੀ ਦੇ ਫੁਰਤੀ ਦੇ ਨਾਲ ਹੈਸੀ,‘ਜਸਪੱਤ ਰਾਇ’ ਦਾ ਵੱਢਿਆ ਸਿਰ ਓਦੋਂ।
ਆਪਣੇ ਭਾਈ ਦੀ ਮੌਤ ਦੀ ਖਬਰ ਸੁਣ ਕੇ,‘ਲਖਪੱਤ ਰਾਇ’ ਦਾ ਨਿਕਲਿਆ ਤ੍ਰਾਹ ਏਥੇ।
ਉਹਨੇ ਸੂਬੇ ਲਾਹੌਰ ਦੇ ਕੋਲ ਜਾ ਕੇ, ਰੱਖੀ ਪੈਰਾਂ ’ਚ ਪਗੜੀ ਸੀ ਲਾਹ ਏਥੇ।
ਓਦੋਂ ਤੱਕ ਨਹੀਂ ਸਿਰ ਤੇ ਇਹ ਰੱਖਣੀ, ਜਦ ਤੱਕ ਸਿੰਘ ਨਾ ਕੀਤੇ ਤਬਾਹ ਏਥੇ।
ਨਾਂ ਨਿਸ਼ਾਨ ਮਿਟਾ ਦਿਓ ਸਿਖੜਿਆਂ ਦਾ, ਕੀਤਾ ਹੁਕਮ ਉਹਨੂੰ, ਸ਼ਹਿਨਸ਼ਾਹ ਏਥੇ।
ਓਹਨੇ ਲਾਹੋਰੋਂ ਬੇ-ਦੋਸ਼ੇ ਫਿਰ ਸਿੰਘ ਫੜਕੇ, ਕੋਹ ਕੋਹ ਮਾਰੇ ਸਨ ਬੇ-ਗੁਨਾਹ ਏਥੇ।
ਸਿੰਘ ਕਈ ਹਜ਼ਾਰ ਸ਼ਹੀਦ ਕਰਕੇ, ਉਹਨੇ ਲਿਆ ਸੀ ਸੁੱਖ ਦਾ ਸਾਹ ਏਥੇ।
ਏਨਾ ਸਮਾਂ ਖ਼ਰਾਬ ਸੀ ਜੇਸ ਅੰਦਰ, ਸਿੰਘਾਂ ਛੱਡੇ ਸੀ ਘਰ ਤੇ ਬਾਰ ਓਦੋਂ।
ਡੇਰੇ ਲਾਏ ਸੁਰੱਖਿਅਤ ਸਮਝ ਸਿੰਘਾਂ, ਕਾਹਨੂੰਵਾਨ ਦੇ ਛੰਭ ਵਿਚਕਾਰ ਓਦੋਂ।
ਦਾਣਾ ਪਾਣੀ ਵੀ ਖਤਮ ਸੀ ਹੋ ਚੁੱਕਾ, ਕਈ ਪੈ ਗਏ ਸਿੰਘ ਬੀਮਾਰ ਓਦੋਂ।
ਸਾਰੇ ਜੰਗਲ ਨੂੰ ਦੁਸ਼ਮਣ ਫਿਰ ਅੱਗ ਲਾਈ, ਫਸ ਗਏ ਸਿੰਘ ਸਨ ਬੇਸ਼ੁਮਾਰ ਓਦੋਂ।
ਜਾਨਾਂ ਤਲੀ ਤੇ ਰੱਖ ਕੇ ਕਈ ਸਿੰਘਾਂ, ਕੀਤਾ ਰਾਵੀ ਦਰਿਆ ਨੂੰ ਪਾਰ ਓਦੋਂ।
ਜੂਨ ਮਾਹ ਦੀ ਤੱਤੀ ਦੁਪਹਿਰ ਅੰਦਰ, ਗਰਮ ਰੇਤੇ ਤੇ ਤੁਰੇ ਸਰਦਾਰ ਓਦੋਂ।
ਲੱਖਪੱਤ ਦੀ ਫੌਜ ਸੀ ਆਣ ਪਹੁੰਚੀ, ਪਹਾੜੀ ਰਾਜੇ ਸਨ ਅੱਗੋਂ ਤਿਆਰ ਓਦੋਂ।
ਦੇਉ ਕੱਦ ਪਹਾੜ ਸੀ ਇਕ ਪਾਸੇ, ਬਿਆਸ ਰਿਹਾ ਸੀ ਉਧਰ ਲਲਕਾਰ ਓਦੋਂ।
ਕੀਤਾ ਸਿੰਘਾਂ ਦਾ ਸੁਆਗਤ ਸੀ ਗੋਲੀਆਂ ਨੇ, ਦੁਸ਼ਮਣ ਖੜੇ ਸਨ ਲੈ ਹਥਿਆਰ ਓਦੋਂ।
ਚਾਰੇ ਪਾਸਿਉਂ ਮੌਤ ਨੇ ਰਾਹ ਮੱਲੇ, ਘਿਰ ਗਏ ਸਿੰਘ ਸਨ ਵਿੱਚ ਮੰਝਧਾਰ ਓਦੋਂ।
ਭਾਵੇਂ ਬਿਪਤਾ ਤੇ ਕਸ਼ਟਾਂ ਦੀ ਘੜੀ ਸੀ ਇਹ, ਸਿੰਘਾਂ ਮੰਨੀ ਨਾ ਫੇਰ ਵੀ ਹਾਰ ਓਦੋਂ।
ਸਿੰਘ ਸਿੰਘਣੀਆਂ ਤੇ ਬੱਚੇ ਖਾਲਸੇ ਦੇ, ਆਪਾ ਪੰਥ ਤੋਂ ਗਏ ਸਨ ਵਾਰ ਓਦੋਂ।
ਪਹਿਲਾ ਘੱਲੂਘਾਰਾ ਇਹਨੂੰ ਆਖਦੇ ਨੇ, ਕਿੰਨੇ ਈ ਸਿੰਘ ਸ਼ਹੀਦੀਆਂ ਪਾ ਗਏ ਸੀ।
ਕਰ ਦਿੱਤੇ ਨੇ ਸਿੰਘ ਹੁਣ ਖਤਮ ਏਥੇ, ‘ਲਖਪਤ’ ਜਹੇ ਭੁਲੇਖਾ ਇਹ ਖਾ ਗਏ ਸੀ।
ਬੜੀ ਛੇਤੀ ਫਿਰ ਮਿਸਲਾਂ ਬਣਾ ਕੇ ਤੇ, ਸਿੰਘ ਵਿਚ ਮੈਦਾਨ ਦੇ ਆ ਗਏ ਸੀ।
ਜਿਨ੍ਹੇ ਜਿੰਨ੍ਹੇ ਵੀ ਕੀਤੇ ਸਨ ਜ਼ੁਲਮ ਏਥੇ, ਉਹਨੂੰ ਕੀਤੀ ਦਾ ਮਜਾ ਚਖਾ ਗਏ ਸੀ।
ਏਥੋਂ ਤੀਕਰਾਂ ਕਿ ‘ਲਾਲ ਕਿਲ੍ਹੇ’ ਉਪਰ, ਝੰਡਾ ਕੇਸਰੀ ਸਿੰਘ ਝੁਲਾ ਗਏ ਸੀ।
ਕੱਠੇ ਹੋ ਕੇ ਬੱਦਲਾਂ ਵਾਂਗ‘ਜਾਚਕ’, ਸਿੰਘ ਸਾਰੇ ਪੰਜਾਬ ਤੇ ਛਾ ਗਏ ਸੀ।