ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲੇ ਸੰਬੰਧੀ ਕਵਿਤਾਵਾਂ
ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲੇ
ਭਾਈ ਸੇਵਾ ਸਿੰਘ ਘਰ ਸੀ ਜਨਮ ਹੋਇਆ, ਧਰਮ ਕੌਰ ਦੇ ਲਾਡਲੇ ਲਾਲ ਹੈਸਨ।
ਅੰਮ੍ਰਿਤ ਛਕ ਕੇ ਬਣੇ ਜਦ ਗੁਰੂ ਵਾਲੇ, ਨੂਰੀ ਚਿਹਰੇ ਤੇ ਨੂਰੀ ਜਲਾਲ ਹੈਸਨ।
ਮਹਾਰਾਜੇ ਦੀ ਫੌਜ ਵਿੱਚ ਹੋ ਸ਼ਾਮਲ, ਕਰਦੇ ਯੁੱਧਾਂ ਵਿੱਚ ਰਹੇ ਕਮਾਲ ਹੈਸਨ।
ਓਨ੍ਹਾਂ ਜਿਹਾ ਨਹੀਂ ਦੁਨੀਆਂ ਵਿੱਚ ਕੋਈ ਹੋਇਆ, ਓਹ ਤਾਂ ਆਪਣੀ ਆਪ ਮਿਸਾਲ ਹੈਸਨ।
ਪਤਾ ਲੱਗਾ ਜਦ ਆ ਰਹੀ ਫੌਜ ਏਧਰ, ਲੰਮੀ ਸੋਚ ਦੁੜਾਈ ਸੀ ਮਹਾਂਪੁਰਖਾਂ।
ਆਪੋ ਵਿੱਚ ਨਾ ਖੂਨੀ ਟਕਰਾ ਹੋ ਜਾਏ, ਐਸੀ ਬਣਤ ਬਣਾਈ ਸੀ ਮਹਾਂਪੁਰਖਾਂ।
ਭਰਾਵਾਂ ਹੱਥੋਂ ਭਰਾ ਨਾ ਜਾਣ ਮਾਰੇ, ਜਿੰਮੇਵਾਰੀ ਨਿਭਾਈ ਸੀ ਮਹਾਂਪੁਰਖਾਂ।
ਗੁਰੂ ਗਰੰਥ ਦੀ ਤਾਬਿਆ ਬੈਠ ਕੇ ਤੇ, ਸੁੰਨ ਸਮਾਧੀ ਲਗਾਈ ਸੀ ਮਹਾਂਪੁਰਖਾਂ।
ਗੁਰੂ ਪਿਆਰਿਆਂ ਨਾਲ ਹੀ ਓਸ ਵੇਲੇ, ਲਾੜੀ ਮੌਤ ਵਿਆਹੀ ਸੀ ਮਹਾਂਪੁਰਖਾਂ।
ਟੁੱਟ ਰਹੇ ਬੰਨ੍ਹ ਨੂੰ ਸਿਰਾਂ ਦੇ ਬੰਨ੍ਹ ਲਾਏ, ਐਸੀ ਜੁਅਰਤ ਵਿਖਾਈ ਸੀ ਮਹਾਂਪੁਰਖਾਂ।
ਆਪਣੇ ਲਹੂ ਦਾ ਪਾ ਕੇ ਤੇਲ ਓਨ੍ਹਾਂ, ਬੁਝਦੀ ਜੋਤ ਜਗਾਈ ਸੀ ਮਹਾਂਪੁਰਖਾਂ।
ਆਪ ਸੋਂ ਕੇ ਸਦਾ ਦੀ ਨੀਂਦ ‘ਜਾਚਕ’, ਸੁੱਤੀ ਕੌਮ ਜਗਾਈ ਸੀ ਮਹਾਂਪੁਰਖਾਂ।
ਸਾਰੀ ਉਮਰ ਹੀ ਬਾਬਾ ਜੀ ਖਾਲਸੇ ਲਈ, ਚਲਦੇ ਰਹੇ ਸਨ ਖੰਡੇ ਦੀ ਧਾਰ ਉਤੇ।
ਬੜੀ ਪਾਕ ਪਵਿੱਤਰ ਓਹ ਆਤਮਾ ਸੀ, ਦਿੱਤਾ ਜੋਰ ਸੀ ਗੁਰਮਤਿ ਪ੍ਰਚਾਰ ਉਤੇ।
ਆਪਣੇ ਲਹੂ ਨਾਲ ਲਿਖ ਤਕਦੀਰ ਸਾਡੀ, ਨਾਂ ਛੱਡ ਗਏ ਸਾਰੇ ਸੰਸਾਰ ਉਤੇ।
ਦਮਦਮਾ ਸਾਹਿਬ ਠੱਟਾ ਅਸਥਾਨ ਅੰਦਰ, ਮੇਲੇ ਲੱਗ ਰਹੇ ਨੇ ਯਾਦਗਾਰ ਉਤੇ।