ਸ੍ਰ: ਸ਼ਾਮ ਸਿੰਘ ਅਟਾਰੀ ਸੰਬੰਧੀ ਕਵਿਤਾਵਾਂ
ਸ੍ਰ: ਸ਼ਾਮ ਸਿੰਘ ਅਟਾਰੀ
ਰਾਣੀ ਜਿੰਦ ਕੌਰ ਖੂਨ ਨਾਲ ਲਿਖੀ ਚਿੱਠੀ, ਬੀਰ ਬਲੀ ਵਰਿਆਮ, ਹੁਣ ਸ਼ਾਮ ਸਿੰਘ ਜੀ।
ਸਿੱਖ ਰਾਜ ਦੀ ਸਿਖਰ ਦੁਪਹਿਰ ਮਗਰੋਂ, ਪੈ ਰਹੀ ਹੈ ਸ਼ਾਮ, ਹੁਣ ਸ਼ਾਮ ਸਿੰਘ ਜੀ।
ਏਧਰ ਆਣ ਫਰੰਗੀ ਪੰਜਾਬ ਨੇੜੇ, ਕੀਤੀ ਨੀਂਦ ਹਰਾਮ, ਹੁਣ ਸ਼ਾਮ ਸਿੰਘ ਜੀ।
ਐਸੇ ਬਿਪਤਾ ਤੇ ਕਸ਼ਟਾਂ ਦੀ ਘੜੀ ਅੰਦਰ, ਕਰ ਰਹੇ ਤੁਸੀਂ ਆਰਾਮ, ਹੁਣ ਸ਼ਾਮ ਸਿੰਘ ਜੀ।
ਚਿੱਠੀ ਪੜ੍ਹਦਿਆਂ ਖੂਨ ਸੀ ਖੌਲ ਉਠਿਆ, ਆਇਆ ਜੋਸ਼ ਉਸ ਬਾਂਕੇ ਬਲਵਾਨ ਅੰਦਰ।
ਓਹਦੀ ਖੂਨ ਤਿਹਾਈ ਸ਼ਮਸ਼ੀਰ ਓਦੋਂ, ਉਸਲਵਟੇ ਸਨ ਲਏ ਮਿਆਨ ਅੰਦਰ।
ਜਾਂ ਤਾਂ ਕਰੂੰ ਫਰੰਗੀ ਦੇ ਦੰਦ ਖੱਟੇ, ਸ਼ਹੀਦੀ ਪਾਊਂ ਜਾਂ ਯੁੱਧ ਘਸਮਾਨ ਅੰਦਰ।
ਗੁਰੂ ਚਰਨਾਂ ’ਚ ਕਰ ਅਰਦਾਸ ਪਹੁੰਚਾ, ਓਹ ਸਭਰਾਵਾਂ ਦੇ ਰਣ ਮੈਦਾਨ ਅੰਦਰ।
ਤੇਜੇ ਲਾਲੂ ਨੇ ਕਿਹਾ ਸਰਦਾਰ ਤਾਈਂ, ਗੱਲ ਸੁਣ ਲੈ ਸਾਡੀ ਇਕ ਖਾਸ ਸਿੰਘਾ।
ਇਸ ਰਣ ਮੈਦਾਨ ’ਚੋਂ ਖਿਸਕ ਚਲੀਏ, ਸਾਡੇ ਜਿੱਤਣ ਦੀ ਕੋਈ ਨਹੀਂ ਆਸ ਸਿੰਘਾ।
ਗੱਲ ਹੋਈ ਫਰੰਗੀਆ ਨਾਲ ਖੁੱਲ੍ਹ ਕੇ, ਓਨ੍ਹਾਂ ਦਿੱਤਾ ਏ ਸਾਨੂੰ ਧਰਵਾਸ ਸਿੰਘਾ।
ਫਰੰਗੀ ਰਾਜ ਦੇ ਵਿੱਚ ਵੀ ਰਹਿਣਗੀਆਂ, ਜਗੀਰਾਂ ਸਾਡੀਆਂ ਸਾਡੇ ਹੀ ਪਾਸ ਸਿੰਘਾ।
ਸ਼ਾਮ ਸਿੰਘ ਨੂੰ ਸੁਣ ਕੇ ਰੋਹ ਚੜ੍ਹਿਆ, ਅੱਖਾਂ ਲਾਲ ਹੋ ਗਈਆਂ ਸਰਦਾਰ ਦੀਆਂ ।
ਫਰਕੇ ਡੌਲੇ ਸੀ ਜੋਸ਼ ਦੇ ਵਿਚ ਉਸਦੇ, ਸੁਣ ਸੁਣ ਕੇ ਗੱਲਾਂ ਗਦਾਰ ਦੀਆਂ।
ਨੂਰੀ ਚਿਹਰੇ ਤੇ ਗੁੱਸੇ ਨਾਲ ਆਈ ਤਿਊੜੀ, ਤੱਕ ਚਤੁਰਾਈਆਂ ਫਰੰਗੀ ਦੇ ਯਾਰ ਦੀਆਂ।
ਅੱਖਾਂ ਸਾਹਮਣੇ ਬੁੱਕਲ ਦੇ ਸੱਪ ਤੱਕ ਕੇ, ਭਵਾਂ ਤਣੀਆਂ ਸਨ ਸਿਪਾਹ ਸਲਾਰ ਦੀਆਂ।
ਦੇ ਕੇ ਮੁੱਛਾਂ ਨੂੰ ਵੱਟ ਉਹ ਕਹਿਣ ਲੱਗਾ, ਤੇਜੇ, ਲਾਲੂ, ਇਹ ਕਦੇ ਨਹੀਂ ਹੋ ਸਕਦਾ।
ਮੈਂ ਪੰਜਾਬ ਦੀ ਪਾਵਨ ਇਸ ਧਰਤ ਉੱਤੇ, ਗੋਰਾ ਰਾਜ ਦੇ ਬੀਜ ਨਹੀਂ ਬੋ ਸਕਦਾ।
ਮੈਂ ਤਾਂ ਜੂਝਾਂਗਾ ਰਣ ਮੈਦਾਨ ਅੰਦਰ, ਫਰੰਗੀ ਸਾਹਵੇਂ ਨਹੀਂ ਮੇਰੇ ਖਲੋ ਸਕਦਾ।
ਮੇਰੇ ਜੀਊਂਦਿਆਂ ਜੀਅ ਜਹਾਨ ਅੰਦਰ, ਇਹ ਪੰਜਾਬ ਗੁਲਾਮ ਨਹੀਂ ਹੋ ਸਕਦਾ।
ਖਰੀਆਂ-ਖਰੀਆਂ ਇਹ ਸੁਣ ਕੇ ਸ਼ਾਮ ਸਿੰਘ ਤੋਂ, ਭੈ-ਭੀਤ ਹੋ ਗਏ ਗਦਾਰ ਦੋਵੇਂ।
ਭਾਂਡਾ ਵਿੱਚ ਚੌਰਾਹੇ ਨਾ ਭੱਜ ਜਾਵੇ, ਬੋਲੇ ਝਟਪਟ ਨਾਲ ਪਿਆਰ ਦੋਵੇਂ।
ਸਿੰਘਾ ਵੇਖਣਾ ਅਸੀਂ ਸੀ ਦਿਲ ਤੇਰਾ, ਅਸੀਂ ਕੌਮ ਦੇ ਹਾਂ ਵਫਾਦਾਰ ਦੋਵੇਂ।
ਅਸੀਂ ਤੈਨੂੰ ਹਾਂ ਪੱਕਾ ਇਹ ਬਚਨ ਦਿੰਦੇ, ਲੜ ਕੇ ਮਰਾਂਗੇ ਰਣ ਵਿਚਕਾਰ ਦੋਵੇਂ।
ਲੈ ਕੇ ਸਸ਼ਤਰ ਅੰਗਰੇਜ਼ ਤੇ ਸਿੱਖ ਫੌਜਾਂ, ਆਹਮੋਂ ਸਾਹਮਣੇ ਆਈਆਂ ਮੈਦਾਨ ਅੰਦਰ।
ਸਿੱਖ ਫੌਜਾਂ ਨੇ ਵਾਹੀ ਸੀ ਤੇਗ ਐਸੀ, ਭੜਥੂ ਪੈ ਗਏ ਸੀ ਇੰਗਲਿਸਤਾਨ ਅੰਦਰ।
ਭੱਜਣ ਲਈ ਅੰਗਰੇਜ਼ ਤਿਆਰ ਹੋ ਗਏ, ਹੁੰਦੀ ਹਾਰ ਤੱਕ ਰਣ ਮੈਦਾਨ ਅੰਦਰ।
ਓਨ੍ਹਾਂ ਨਾਲ ਪਰ ਨਮਕ ਹਰਾਮ ਮਿਲ ਗਏ, ਕੌਮ ਜਦੋਂ ਸੀ ਕਰੜੇ ਇਮਤਿਹਾਨ ਅੰਦਰ।
ਫੌਜ ਵਿਚ ਸੀ ਭਾਜੜ ਪੁਆ ਦਿੱਤੀ, ਕਰ ਗਏ ਗਦਾਰੀ ਗਦਾਰ ਓਦੋਂ।
ਤੇਜਾ ਸਿੰਘ ਨੇ ਪੁਲ ਸੀ ਤੋੜ ਦਿੱਤਾ, ਹੋ ਕੇ ਸਤਲੁਜ ਦਰਿਆ ਤੋਂ ਪਾਰ ਓਦੋਂ।
ਸ਼ਾਮ ਸਿੰਘ ਸਰਦਾਰ ਇਹ ਤੱਕ ਹਾਲਤ, ਚਿੱਟੇ ਘੋੜੇ ਤੇ ਹੋਇਆ ਸੁਆਰ ਓਦੋਂ।
ਭੱਜੇ ਜਾ ਰਹੇ ਸਿੱਖ ਸੈਨਿਕਾਂ ਨੂੰ, ਏਦਾਂ ਕਿਹਾ ਸੀ ਓਹਨੇ ਲਲਕਾਰ ਓਦੋਂ।
ਧਰਮ ਯੁੱਧ ਲਈ ਆਏ ਹਾਂ ਅਸੀਂ ਏਥੇ, ਕਿਤੇ ਜਾਣਾ ਨਾ ਹੌਂਸਲਾ ਹਾਰ ਸਿੰਘੋ।
ਦਸਮ ਪਿਤਾ ਦੇ ਤੁਸੀਂ ਹੋ ਸ਼ੇਰ ਬਾਂਕੇ, ਬਣ ਕੇ ਜੂਝੋ ‘ਅਜੀਤ ਜੁਝਾਰ’ ਸਿੰਘੋ।
ਭੁੱਖੇ ਬਾਜਾਂ ਦੇ ਵਾਂਗ ਹੁਣ ਕਰੋ ਹਮਲਾ, ਥੋਡੇ ਸਾਹਵੇਂ ਇਹ ਚਿੜੀਆਂ ਦੀ ਡਾਰ ਸਿੰਘੋ।
ਸਿੱਖ ਰਾਜ ਜੇ ਹੋਇਆ ਬਰਬਾਦ ਸਾਡਾ, ਕਿੱਦਾਂ ਸਕਾਂਗੇ ਆਪਾਂ ਸਹਾਰ ਸਿੰਘੋ।
ਜੋਸ਼ ਭਰੀ ਤਕਰੀਰ ਨੂੰ ਸੁਣ ਕੇ ਤੇ, ਲੜੇ ਸੂਰਮੇ ਸਿੰਘ ਸਰਦਾਰ ਓਦੋਂ।
ਨਾਨੀ ਚੇਤੇ ਕਰਵਾਈ ਫਰੰਗੀਆਂ ਨੂੰ, ਮਚ ਗਈ ਜੰਗ ਅੰਦਰ ਹਾਹਾਕਾਰ ਓਦੋਂ।
ਓਨ੍ਹਾਂ ਤੋਪਾਂ ਦੇ ਮੂੰਹ ਸੀ ਮੋੜ ਦਿੱਤੇ, ਫੜ ਕੇ ਹੱਥਾਂ ਦੇ ਵਿੱਚ ਹਥਿਆਰ ਓਦੋਂ।
ਲੜਦੇ ਲੜਦੇ ਕਈ ਸਿੰਘ ਸ਼ਹੀਦ ਹੋ ਗਏੇ, ਜਾਨਾਂ ਵਾਰ ਗਏ ਜਾਂ-ਨਿਸਾਰ ਓਦੋਂ।
ਧੋਖਾ ਦਿੱਤਾ ਸੀ ਨਮਕ ਹਰਾਮੀਆਂ ਨੇ, ਸਿੰਘ ਜਿੱਤੇ ਹੋਏ ਗਏ ਤਦ ਹਾਰ ਹੈਸੀ।
ਚਾਰੇ ਪਾਸੇ ਤੋਂ ਚੱਲੀਆਂ ਗੋਲੀਆਂ ਨਾਲ, ਛਾਨਣੀ ਛਾਨਣੀ ਹੋਇਆ ਸਰਦਾਰ ਹੈਸੀ।
ਸੌਂ ਗਿਆ ਉਹ ਸਦਾ ਦੀ ਨੀਂਦ ਯੋਧਾ, ਐਪਰ ਮੁੱਠ ’ਚ ਰਹੀ ਤਲਵਾਰ ਹੈਸੀ।
ਸ਼ਾਮ ਸਿੰਘ ਸਰਦਾਰ ਦੇ ਨਾਲ ਉਸਦਾ, ਕਰਨਾ ਪਿਆ ਤਦ ‘ਜਾਚਕ’ ਸਸਕਾਰ ਹੈਸੀ।