ਸ੍ਰ: ਹਰੀ ਸਿੰਘ ਨਲੂਆ ਸੰਬੰਧੀ ਕਵਿਤਾਵਾਂ
ਸ੍ਰ: ਹਰੀ ਸਿੰਘ ਨਲੂਆ
ਜਰਨਲ ਹਰੀ ਸਿੰਘ ਨਲੂਏ ਦਾ ਨਾਂ ਸੁਣ ਕੇ, ਕਾਂਬਾ ਛਿੜਦਾ ਸੀ ਕਾਬਲ ਕੰਧਾਰ ਤਾਈਂ।
ਆਪਣੇ ਤੇਜ ਤੇ ਬਲ ਦੇ ਨਾਲ ਉਸ ਨੇ, ਕਾਬੂ ਕੀਤਾ ਸੀ ਹਰ ਖੂੰ-ਖਾਰ ਤਾਈਂ ।
ਨਾਢੂ ਖਾਂ ਤੇ ਖੱਬੀ ਖਾਂ ਸੀ ਜਿਹੜੇ, ਯਾਦ ਕਰਦੇ ਸਨ ਓਹਦੀ ਤਲਵਾਰ ਤਾਈਂ।
ਮਹਾਰਾਜ ਨੇ ਦਿੱਤਾ ਸਨਮਾਨ ਤਾਹੀਉਂ, ਬੀਰ, ਬਾਂਕੜੇ ਏਸ ਸਰਦਾਰ ਤਾਈਂ।
ਸ਼ਿਕਾਰ ਖੇਡਦੇ ਖੇਡਦੇ ‘‘ਹਰੀ ਸਿੰਘ’’ ਤੇ, ਜਦੋਂ ਸ਼ੇਰ ਨੇ ਪੰਜਾ ਉਲਾਰਿਆ ਸੀ।
ਅੱਗੋਂ ਏਸ ਨੇ ਬੜੀ ਬਹਾਦਰੀ ਨਾਲ, ਜਬਾੜਾ ਫੜ, ਪਟਕਾ ਕੇ ਮਾਰਿਆ ਸੀ।
ਮਹਾਰਾਜਾ ਰਣਜੀਤ ਸਿੰਘ ਖੁਸ਼ ਹੋ ਕੇ, ‘ਨਲੂਆ’ ਕਹਿ ਕੇ ਇਹਨੂੰ ਸਤਿਕਾਰਿਆ ਸੀ।
ਇਹ ਸੀ ਸੂਰਮਾ, ਜੰਗਿ ਮੈਦਾਨ ਅੰਦਰ, ਸਦਾ ਜਿਤਿਆ, ਕਦੇ ਨਾ ਹਾਰਿਆ ਸੀ।
ਜੀਵਨ ਲਾਇਆ ਸੀ ਜਿਸ ਨੇ ਪੰਥ ਖਾਤਰ, ਹੈਸੀ ਸੂਰਮਾਂ ਮਰਦ ਦਲੇਰ ਉਹ ਤਾਂ।
ਭਾਵੇਂ ਸ਼ੇਰਾਂ ਵਾਂਗ ਹੁੰਦੇ ਨੇ ਕਈ ਅਣਖੀ, ਪਰ ਸੀ ਸ਼ੇਰਾਂ ’ਚੋਂ ਬੱਬਰ ਸ਼ੇਰ ਉਹ ਤਾਂ।
ਭੇਡਾਂ ਬਕਰੀਆਂ ਵਾਂਗ ਹੀ ਦੁਸ਼ਮਣਾਂ ਨੂੰ, ਚਾਰੇ ਪਾਸੇ ਤੋਂ ਲੈਂਦਾ ਸੀ ਘੇਰ ਉਹ ਤਾਂ।
ਗਾਜਰ ਮੂਲੀਆਂ ਵਾਂਗ ਸੀ ਕੁਤਰ ਦਿੰਦਾ, ਬਣ ਕੇ ਵੈਰੀ ਲਈ ਮੌਤ ਹਨੇਰ ਉਹ ਤਾਂ।
ਗਵਰਨਰ ਬਣ ਪਿਸ਼ਾਵਰ ਦਾ ਜਦੋਂ ਨਲੂਆ, ਹੋਇਆ ਤਖ਼ਤ ਉੱਤੇ ਬਿਰਾਜਮਾਨ ਓਥੇ।
ਓਹਨੇ ਕਾਬਲੀ ਸੱਪਾਂ ਦੀ ਖੁੰਬ ਠੱਪੀ, ਕਹਿੰਦੇ ਕਹਾਉਂਦੇ ਸਨ ਜਿਹੜੇ ਸੁਲਤਾਨ ਓਥੇ।
ਆਉਂਦੇ ਜਿਹੜੇ ਪੰਜਾਬ ਸੀ ਮੂੰਹ ਚੁੱਕੀ, ਕਾਬੂ ਕੀਤੇ ਸੀ, ਖੱਬੀ ਖਾਨ ਓਥੇ।
ਝੂਲਣ ਲੱਗਾ ਜਮਰੌਦ ਦੇ ਕਿਲ੍ਹੇ ਉੱਤੇ, ਖਾਲਸਾ ਪੰਥ ਦਾ ਕੇਸਰੀ ਨਿਸ਼ਾਨ ਓਥੇ।
ਕੈਰੀ ਅੱਖ ਨਾਲ ਜਿਹੜਾ ਵੀ ਵੇਖਦਾ ਸੀ, ਉਹਦਾ ਬਣਦਾ ਸੀ ਕਬਰਸਤਾਨ ਓਥੇ।
ਉਹਦੇ ਸਾਹਵੇਂ ਸਨ ਹੋ ਬੇਵੱਸ ਚੁੱਕੇ, ਸਾਰੇ ਕਾਬਲ ਦੇ ਹੁਕਮਰਾਨ ਓਥੇ।
‘ਚੁਪ ਸ਼ੈ ਹਰੀਆ ਰਾਂਗਲੇ’ ਕਹਿ, ਪੁੱਤ ਡਰਾਉਂਦੇ ਪਠਾਨੀਆਂ ਪਠਾਨ ਓਥੇ।
ਜੀਉਂਦੇ ਸ਼ੇਰ ਦੀ ਮੁੱਛ ਨੂੰ ਹੱਥ ਪਾਉਣਾ, ਕਿਹੜਾ ਕੰਮ ਸੀ ਇਹ ਅਸਾਨ ਓਥੇ।
ਹਿੰਦੁਸਤਾਨ ਨੂੰ ਜਿਨ੍ਹਾਂ ਨੇ ਲੁਟਿਆ ਸੀ, ਕੋਸ ਰਹੇ ਸਨ ਮੱਥੇ ਤੇ ਭਾਗ ਇਹ ਤਾਂ।
ਅਹਿਮਦ ਸ਼ਾਹ ਅਬਦਾਲੀ ਦੇ ਪੋਤਿਆਂ ਦਾ, ਉਜੜ ਗਿਆ ਸੀ ਸਦਾ ਲਈ ਬਾਗ ਇਹ ਤਾਂ।
ਕਬਜਾ ਸਿੰਘਾਂ ਦਾ ਕਿਲ੍ਹੇ ਜਮਰੌਦ ਉੱਤੇ, ਮੱਥੇ ਉਨ੍ਹਾਂ ਦੇ, ਕਾਲਾ ਸੀ ਦਾਗ ਇਹ ਤਾਂ।
ਡੰਗ ਮਾਰਨ ਦੀ ਤਾਕ ਵਿਚ ਸਨ ਬੈਠੇ, ਵਿਸ ਘੋਲ ਰਹੇ ਕਾਬਲੀ ਨਾਗ ਇਹ ਤਾਂ।
ਜਾ ਕੇ ਜਦੋਂ ਜਸੂਸਾਂ ਨੇ ਖਬਰ ਦਿੱਤੀ, ਪਿਸ਼ਾਵਰ ਬੈਠਾ ਏ ਨਲੂਆ ਸਰਦਾਰ ਜਾ ਕੇ।
ਖਾਲੀ ਪਿਆ ਏ ਕਿਲ੍ਹਾ ਜਮਰੌਦ ਵਾਲਾ, ਇਹਦੇ ਉੱਤੇ ਜਮਾਉ ਅਧਿਕਾਰ ਜਾ ਕੇ।
ਸੁਣਦੇ ਸਾਰ ਅਫਗਾਨਾਂ ਨੂੰ ਚਾਅ ਚੜ੍ਹਿਆ, ਕਹਿੰਦੇ ਕਿਲ੍ਹੇ ਉੱਤੇ ਕਰੀਏ ਵਾਰ ਜਾ ਕੇ।
ਏਦੂੰ ਚੰਗਾ ਹੁਣ ਮੌਕਾ ਨਹੀਂ ਹੋਰ ਲੱਭਣਾ, ਕਰੀਏ ਸਿੰਘਾਂ ਨੂੰ ਠੰਢਾ ਠਾਰ ਜਾ ਕੇ।
ਉਹਨਾਂ ਹੱਥ ਜਹਾਦ ਦਾ ਫੜ ਝੰਡਾ, ਕਰ ਲਏ ਸਨ ਗਾਜੀ ਤਿਆਰ ਓਦੋਂ।
ਤਿੰਨ ਹਜ਼ਾਰ ਦੇ ਲਗ ਭਗ ਫੌਜ ਚੱਲੀ, ਕਰਦੀ ਕਿਲ੍ਹੇ ਵੱਲੇ ਮਾਰੋ ਮਾਰ ਓਦੋਂ।
ਉਨ੍ਹਾਂ ਜਾਂਦਿਆਂ ਹਮਲਾ ਸੀ ਕਰ ਦਿੱਤਾ, ਹੋ ਕੇ ਘੋੜਿਆਂ ਉੱਤੇ ਸਵਾਰ ਓਦੋਂ।
ਮਹਾਂ ਸਿੰਘ ਜੋ ਨਲੂਏ ਦਾ ਧਰਮ ਪੁੱਤਰ, ਅੱਗੋਂ ਬੈਠਾ ਸੀ ਤਿਆਰ ਬਰ ਤਿਆਰ ਉਦੋਂ।
ਬਿਪਤਾ ਸਿਰਾਂ ਤੇ ਜਦੋਂ ਵੀ ਆਣ ਪੈਂਦੀ, ਦਿਲ ਛੱਡਦੇ ਨਹੀਂ ਕਦੇ ਸਰਦਾਰ ਅੰਦਰੋਂ।
ਜੰਗੀ ਜੌਹਰ ਦਿਖਾਉਣ ਲਈ ਖਾਲਸੇ ਨੇ, ਬੂਹੇ ਕਿਲ੍ਹੇ ਦੇ ਲਏ ਸੀ ਮਾਰ ਅੰਦਰੋਂ।
ਟਿੱਡੀ ਦਲ ਦਾ ਟਾਕਰਾ ਕਰਨ ਦੇ ਲਈ, ਡੱਟ ਗਏ ਮੁੱਠੀ ਭਰ ਸਿੰਘ ਸਰਦਾਰ ਅੰਦਰੋਂ।
ਓਧਰ ਸੂਹੀਏ ਹੱਥ ਨਲੂਏ ਸਰਦਾਰ ਵੱਲੇ, ਸਾਰੇ ਭੇਜ ਦਿੱਤੇ ਸਮਾਚਾਰ ਅੰਦਰੋਂ।
ਖਾ ਰਿਹਾ ਸੀ ‘ਨਲੂਆ’ ਸਰਦਾਰ ਰੋਟੀ, ਕੜਕੀ ਬਿਜਲੀ ਇਹ ਜਦੋਂ ਅਸਮਾਨ ਵਿੱਚੋਂ।
ਸੁਣਦੇ ਸਾਰ ਹੀ ਮਾੜੀ ਇਹ ਖਬਰ ਉਸ ਨੇ, ਰੋਟੀ ਖਾਣੀ ਸੀ ਛੱਡੀ ਦਰਮਿਆਨ ਵਿੱਚੋਂ।
ਗਰਾਹੀ ਰੋਟੀ ਦੀ ਬਾਅਦ ’ਚ ਜਾਊ ਅੰਦਰ, ਪਹਿਲਾਂ ਕੱਢੂੰ ਅਫਗਾਨਾਂ ਦੀ ਜਾਨ ਵਿੱਚੋਂ।
ਝੰਡਾ ਕੇਸਰੀ ਕਦੇ ਨਹੀਂ ਲਹਿ ਸਕਦਾ, ਮੇਰੇ ਜੀਉਂਦਿਆਂ ਇਸ ਜਹਾਨ ਵਿੱਚੋਂ।
ਆਪਣੀ ਪਾਵਨ ਤਲਵਾਰ ਨੂੰ ਉਸ ਵੇਲੇ, ਉਹਨੇ ਚੁੰਮਿਆ, ਕੱਢ ਮਿਆਨ ਵਿੱਚੋਂ।
ਸੂਰਬੀਰਾਂ ਦੀ ਕੰਡ ਤੇ ਮਾਰ ਥਾਪੀ, ਤੋਲੀ ਤਾਕਤ ਉਸ ਹਰ ਜਵਾਨ ਵਿੱਚੋਂ।
ਸਰਪਟ ਘੋੜੇ ਫਿਰ ਦੌੜੇ ਜਮਰੌਦ ਵੱਲੇ, ਤੀਰ ਨਿਕਲਦੇ ਜਿਵੇਂ ਕਮਾਨ ਵਿੱਚੋਂ।
ਹਫੜਾ ਦਫੜੀ ਸੀ ਪੈ ਗਈ ਉਸ ਵੇਲੇ, ‘ਨਲੂਆ’ ਟਪਕਿਆ ਜਦੋਂ ਅਸਮਾਨ ਵਿੱਚੋਂ।
ਆਇਆ ਹੜ੍ਹ ਸੀ ਜੋਸ਼ ਤੇ ਬੀਰਤਾ ਦਾ, ਨਹੀਂ ਸੀ ਕਿਸੇ ਵੀ ਦੁਸਮਣ ਦੀ ਖੈਰ ਓਦੋਂ।
ਗਾਜੀ ਬਕਰਿਆਂ ਵਾਂਗ ਝਟਕਾ ਕੇ ਤੇ, ਅਗਲੇ ਪਿਛਲੇ ਸਭ ਕੱਢੇ ਵੀ ਵੈਰ ਓਦੋਂ।
ਕੱਖਾਂ ਕਾਨਿਆਂ ਵਾਂਗ ਉਡਾ ਦਿੱਤੇ, ਲੱਗਣ ਦਿੱਤੇ ਨਾ ਕਿਸੇ ਦੇ ਪੈਰ ਓਦੋਂ।
ਭੱਜ ਗਏ ਉਹ ਰਣ ਮੈਦਾਨ ਛੱਡ ਕੇ, ਕਬਜਾ ਕਿਲ੍ਹੇ ਤੇ ਕੀਤੇ ਬਗੈਰ ਓਦੋਂ।
ਪਹਾੜੀ ਪਿਛੇ ਸਨ ਛਿਪੇ ਪਠਾਨ ਗਾਜੀ, ਕਿਉਂਕਿ ਫੌਜਾਂ ਵਿੱਚ ਮੈਦਾਨ ਦੇ ਹਾਰੀਆਂ ਸੀ।
ਮੌਕਾ ਤਾੜ ਸਰਦਾਰ ਦੀ ਪਿੱਠ ਅੰਦਰ, ਉਨ੍ਹਾਂ ਦਰਜਨਾਂ ਗੋਲੀਆਂ ਮਾਰੀਆਂ ਸੀ।
ਉਹਦੇ ਸਰੀਰ ਦੇ ਇਕ ਇਕ ਅੰਗ ਓਦੋਂ, ਲਾਈਆਂ ਲਹੂ ਦੇ ਵਿਚ ਤਦ ਤਾਰੀਆਂ ਸੀ।
ਕਿਲੇ ਵਿਚ ਪਰ ‘ਨਲੂਏ’ ਨੇ ਪਹੁੰਚ ਕੇ ਤੇ, ਫੌਜਾਂ ਕੱਠੀਆਂ ਕੀਤੀਆਂ ਸਾਰੀਆਂ ਸੀ।
ਹੌਲੀ ਹੌਲੀ ਸਰਦਾਰ ਨੇ ਕਿਹਾ ਸਿੰਘੋ, ਥੋਨੂ ਕਦੇ ਨਹੀਂ ਕੋਈ ਝੁਕਾ ਸਕਿਆ।
ਮੈਨੂੰ ਮਾਣ ਜਮਰੌਦ ਦੇ ਕਿਲ੍ਹੇ ਉਤੋਂ, ਝੰਡਾ ਕੇਸਰੀ ਕੋਈ ਨਹੀਂ ਲਾਹ ਸਕਿਆ।
ਉਥੇ ਚੱਲਿਆਂ ਮੈਂ ਹੁਣ ਖਾਲਸਾ ਜੀ, ਜਿਥੋਂ ਪਰਤ ਕੇ ਕੋਈ ਨਹੀਂ ਆ ਸਕਿਆ।
ਮਹਾਰਾਜਾ ਰਣਜੀਤ ਸਿੰਘ ਤਾਈਂ, ਨਹੀਂ ਮੈਂ ਆਖ਼ਰੀ ਫਤਹਿ ਬੁਲਾ ਸਕਿਆ।
ਸਿੱਖ ਰਾਜ ਨੂੰ ਓਸ ਤੇ ਸੀ ਗੌਰਵ, ਮਹਾਰਾਜੇ ਦਾ ਕਰਦਾ ਸਤਿਕਾਰ ਸੀ ਉਹ।
ਹਰ ਹੁਕਮ ਨੂੰ ਮੰਨਣ ਲਈ ਖਿੜੇ ਮੱਥੇ, ਹਰਦਮ ਰਹਿੰਦਾ ਤਿਆਰ ਬਰ ਤਿਆਰ ਸੀ ਉਹ।
ਬੇਸ਼ੱਕ ਤੇਗ ਦਾ ਧਨੀ ਸੀ ਉਹ ਦੂਲਾ, (ਪਰ) ਬਾਣੀ ਬਾਣੇ ਨਾਲ ਕਰਦਾ ਪਿਆਰ ਸੀ ਉਹ।
ਸ਼ੇਰੇ ਪੰਜਾਬ ਨੇ ਜਿਹੜੇ ਵੀ ਸੁਪਨੇ, ਹਰੀ ਸਿੰਘ ਨੇ ਕੀਤੇ ਸਕਾਰ ਸੀ ਉਹ।
ਖਾਲਸਾ ਪੰਥ ਨੂੰ ‘ਜਾਚਕਾ’ ਚਾਹੀਦਾ ਏ, ਹਰੀ ਸਿੰਘ ਜਿਹਾ ਮਰਦ ਦਲੇਰ ਆਗੂ।
ਜੀਹਦਾ ਨਾਂ ਸੁਣ ਦੁਸ਼ਮਣ ਨੂੰ ਗਸ਼ ਪੈ ਜਾਏ, ਅੱਜ ਵੀ ਚਾਹੀਦਾ ਏ ਬੱਬਰ ਸ਼ੇਰ ਆਗੁ।
ਸੰਤ ਸਿਪਾਹੀ ਦੇ ਪੂਰਨ ਸਰੂਪ ਅੰਦਰ, ਮਿਲੇ ਕੌਮ ਨੂੰ ਇਹੋ ਜਿਹਾ ਫੇਰ ਆਗੂ।
ਸਿੱਖ ਪੰਥ ਦੇ ਸੋਹਣੇ ਅਸਮਾਨ ਉੱਤੇ, ਲੈ ਆਏ ਜੋ ਨਵੀਂ ਸਵੇਰ ਆਗੂ।