ਮਹਾਰਾਜਾ ਰਣਜੀਤ ਸਿੰਘ ਸੰਬੰਧੀ ਕਵਿਤਾਵਾਂ
ਮਹਾਰਾਜਾ ਰਣਜੀਤ ਸਿੰਘ
ਸਿੱਖ ਕੌਮ ਦਾ ਪਹਿਲਾ ਜੋ ਮਹਾਰਾਜਾ, ਆਓ ਓਹਦੇ ਸਤਿਕਾਰ ਦੀ ਗੱਲ ਕਰੀਏ ।
ਸਦਾ ਘੋੜੇ ਦੀ ਕਾਠੀ ਤੇ ਰਿਹਾ ਜਿਹੜਾ, ਓਸ ਬਾਂਕੇ ਬਲਕਾਰ ਦੀ ਗੱਲ ਕਰੀਏ ।
ਬਾਜ ਵਾਂਗ ਜੋ ਝਪਟੀ ਸੀ ਦੁਸ਼ਮਣਾਂ ਤੇ, ਰੋਹ ਭਰੀ ਤਲਵਾਰ ਦੀ ਗੱਲ ਕਰੀਏ ।
ਫਤਹਿ ਕੀਤਾ ਜਿਸ ਕਾਬਲ ਕੰਧਾਰ ਤਾਈਂ, ਰਣਜੀਤ ਸਿੰਘ ਸਰਦਾਰ ਦੀ ਗੱਲ ਕਰੀਏ।
ਰੱਖਿਆ ਕੀਤੀ ਰਣਜੀਤ ਪੰਜਾਬੀਆਂ ਦੀ, ਸੱਚੀਮੁੱਚੀ ਪੰਜਾਬ ਦਾ ਸ਼ੇਰ ਬਣ ਕੇ।
ਨਾਢੂ ਖਾਂਨਾ ਦੇ ਦਿਲ ਸੀ ਕੰਬ ਉੱਠੇ, ਲੜਿਆ ਜਦੋਂ ਉਹ ਮਰਦ ਦਲੇਰ ਬਣ ਕੇ।
ਪਿਛੇ ਮੁੜ ਕੇ ਕਦੇ ਨਾ ਤੱਕ ਸਕੇ, ਚੜ੍ਹ ਕੇ ਆਉਂਦੇ ਸੀ ਜਿਹੜੇ ਲੁਟੇਰ ਬਣ ਕੇ।
ਓਹਦੀ ਇਕੋ ਹੀ ਭਬਕ ਤੇ ਗਰਜ ਸੁਣ ਕੇ, ਉਡ ਗਏ ਸਭ ਤਿੱਤਰ ਬਟੇਰ ਬਣ ਕੇ।
ਨਕਲੀ ਸ਼ੇਰੇ ਪੰਜਾਬ ਕਈ ਬਣੇ ਏਥੇ, ਅਸਲ ਵਿੱਚ ਪਰ ਸ਼ੇਰੇ ਪੰਜਾਬ ਸੈਂ ਤੂੰ।
ਭਾਂਵੇਂ ਦੁਨੀਆਂ ’ਚ ਲੱਖਾਂ ਨੇ ਫੁੱਲ ਸੋਹਣੇ, ਫੁੱਲਾਂ ਵਿੱਚੋਂ ਪਰ ਫੁੱਲ ਗੁਲਾਬ ਸੈਂ ਤੂੰ।
ਪਾਏ ਸਮੇਂ ਨੇ ਕਈ ਸੁਆਲ ਤੈਨੂੰ, ਉਨ੍ਹਾਂ ਸਭ ਦਾ ਇਕੋ ਜੁਆਬ ਸੈਂ ਤੂੰ।
ਦਿਲ ਦੀ ਧੜਕਣ ਸੈਂ ਸਾਰੇ ਪੰਜਾਬੀਆਂ ਦੀ, ਮੈਂ ਤਾਂ ਸਮਝਦਾ ਸਾਰਾ ਪੰਜਾਬ ਸੈਂ ਤੂੰ।
ਬਚਪਨ ਆਪਣਾ ਬਾਲਕ ਰਣਜੀਤ ਸਿੰਘ ਨੇ, ਵਹਿੰਦੇ ਖੂਨ ਦੇ ਵਿੱਚ ਗੁਜਾਰਿਆ ਸੀ।
ਰਣਤੱਤੇ ’ਚ ਜੂਝਣੇ ਵਾਲਿਆਂ ਨੇ, ਉਹਨੂੰ ਸਸ਼ਤਰਾਂ ਨਾਲ ਸ਼ਿੰਗਾਰਿਆ ਸੀ।
ਨਾਢੂ ਖਾਂ ਸੀ ਗਿੱਦੜਾਂ ਵਾਂਗ ਦੌੜੇ, ਬੱਬਰ ਸ਼ੇਰ ਨੇ ਜਦੋਂ ਲਲਕਾਰਿਆ ਸੀ।
ਇਹਦੇ ਵਿਚ ਵੀ ਨਹੀਂ ਹੈ ਝੂਠ ਕੋਈ, (ਉਹ) ਸਦਾ ਜਿੱਤਿਆ ਕਦੇ ਨਾ ਹਾਰਿਆ ਸੀ।
ਜੋ ਪੰਜਾਬ ਨੂੰ ਆਉਂਦੇ ਸੀ ਮੂੰਹ ਚੁੱਕੀ, ਫੜ ਕੇ ਪਿੱਛੇ ਪਰਤਾਏ ਰਣਜੀਤ ਸਿੰਘ ਨੇ।
ਮੁੜ ਕੇ ਫੇਰ ਨਾ ਏਧਰ ਨੂੰ ਮੂੰਹ ਕੀਤਾ, ਐਸੇ ਮੂੰਹ ਭੁਵਾਏ ਰਣਜੀਤ ਸਿੰਘ ਨੇ।
ਜਿਹੜੇ ਕਹਿੰਦੇ ਕਹਾਉਂਦੇ ਸੀ ਜੱਗ ਅੰਦਰ, ਖੱਬੀ ਖਾਨ ਝਟਕਾਏ ਰਣਜੀਤ ਸਿੰਘ ਨੇ।
ਸ਼ਾਹ ਜਮਾਨ ਅਬਦਾਲੀ ਦੇ ਪੋਤਰੇ ਨੂੰ, ਦਿਨੇ ਤਾਰੇ ਵਿਖਾਏ ਰਣਜੀਤ ਸਿੰਘ ਨੇ।
ਰੱਖਿਆ ਕੀਤੀ ਰਣਜੀਤ ਪੰਜਾਬੀਆਂ ਦੀ, ਸਚਮੁੱਚ ਪੰਜਾਬ ਦਾ ਸ਼ੇਰ ਬਣ ਕੇ।
ਉਹਨੇ ਉਨ੍ਹਾਂ ਦਾ ਸਭ ਕੁਝ ਲੁਟਿਆ ਸੀ, ਚੜ੍ਹਕੇ ਆਉਂਦੇ ਸੀ ਜਿਹੜੇ ਲੁਟੇਰ ਬਣ ਕੇ।
ਉਹਨੂੰ ਵੇਖ ਕੇ ਮੌਤ ਵੀ ਕੰਬਦੀ ਸੀ, ਜਦੋਂ ਜੂਝਦਾ ਮਰਦ ਦਲੇਰ ਬਣ ਕੇ।
ਕਾਲੀ ਰਾਤ ਅਠਾਰਵੀਂ ਸਦੀ ਪਿੱਛੋਂ, ਚੜਿਆ ਕੌਮ ਲਈ ਚਾਨਣ ਸਵੇਰ ਬਣ ਕੇ।
ਰਹਿਣੇ ਸਦਾ ਇਤਿਹਾਸ ਦੇ ਪੰਨਿਆਂ ’ਤੇ, ਕੀਤੇ ਕੰਮ ਸਨ ਜਿਹੜੇ ਮਹਾਨ ਉਸ ਨੇ।
ਸਿੱਖ ਹੁੰਦਿਆਂ ਧਰਮ ਨਿਰਪੱਖ ਰਹਿਕੇ, ਸਾਰੇ ਧਰਮਾਂ ਦਾ ਕੀਤਾ ਸਨਮਾਨ ਉਸ ਨੇ।
ਮੰਦਰਾਂ, ਮਸਜਿਦਾਂ ਤੇ ਗੁਰਦੁਆਰਿਆਂ ਲਈ, ਖੁੱਲ੍ਹੇ ਦਿਲ ਨਾਲ ਦਿੱਤੇ ਸੀ ਦਾਨ ਉਸ ਨੇ।
ਇਕੋ ਲੜੀ ਦੇ ਵਿੱਚ ਪਰੋ ਦਿੱਤੇ, ਹਿੰਦੂ ਸਿੱਖ ਨਾਲੇ ਮੁਸਲਮਾਨ ਉਸ ਨੇ।
ਸ਼ਾਹੀ ਮਹਿਲ ਵਿੱਚ ਗੁਰੂ ਗ੍ਰੰਥ ਜੀ ਦਾ, ਸਭ ਤੋਂ ਉਤੇ ਸੀ ਕੀਤਾ ਪ੍ਰਕਾਸ਼ ਓਨ੍ਹਾਂ।
ਸ਼ਬਦ ਗੁਰੂ ਤੇ ਸਿੱਖੀ ਸਿਧਾਂਤ ਉਤੇ, ਪੂਰਾ ਰੱਖਿਆ ਸਿਦਕ ਵਿਸ਼ਵਾਸ ਓਨ੍ਹਾਂ।
ਸੋਨਾ ਚਾੜਿਆ ਪਾਵਨ ਦਰਬਾਰ ਉਤੇ, ਗੁਰੂ ਪੰਥ ਵਾਲੇ ਬਣ ਕੇ ਦਾਸ ਓਨ੍ਹਾਂ।
ਸਮੇਂ ਸਮੇਂ ’ਤੇ ਜਦੋਂ ਵੀ ਪਈ ਬਿਪਤਾ, ਗੁਰੂ ਚਰਨਾਂ ’ਚ ਕੀਤੀ ਅਰਦਾਸ ਓਨ੍ਹਾਂ।
ਕਈ ਨਾਦਰਾਂ ਅਤੇ ਅਬਦਾਲੀਆਂ ਦਾ, ਤੂਹੀਓਂ ਟਾਕਰਾ ਕੀਤਾ ਰਣਜੀਤ ਸਿੰਘਾ।
ਆਪੋ ਵਿੱਚ ਦੀ ਪਾਟੇ ਪੰਜਾਬੀਆਂ ਨੂੰ, ਹੱਥੀਂ ਆਪਣੇ ਸੀਤਾ ਰਣਜੀਤ ਸਿੰਘਾ।
ਕੈਰੀ ਅੱਖ ਨਾਲ ਵੇਖਿਆ ਜੇਸ ਏਧਰ, ਲਹੂ ਓਸੇ ਦਾ ਪੀਤਾ ਰਣਜੀਤ ਸਿੰਘਾ।
ਚੜ੍ਹ ਕੇ ਆਇਆ ਜੋ, ਉਸ ਨੂੰ ਰਾਖ ਕੀਤਾ, ਬਣਕੇ ਤੂੰ ਪਲੀਤਾ ਰਣਜੀਤ ਸਿੰਘਾ।
ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ, ਨਾਂ ਦਾ ਸਿੱਕਾ ਚਲਾਇਆ ਰਣਜੀਤ ਸਿੰਘ ਨੇ।
ਫੂਲਾ ਸਿੰਘ ਤੋਂ ਕੋਰੜੇ ਖਾਣ ਲੱਗਿਆਂ, ਮੱਥੇ ਵੱਟ ਨਾ ਪਾਇਆ ਰਣਜੀਤ ਸਿੰਘ ਨੇ।
ਕੀ ਮਜਾਲ ਹੈ ਕਿਸੇ ਗਰੀਬੜੇ ਦਾ, ਹੋਵੇ ਦਿਲ ਦੁਖਾਇਆ ਰਣਜੀਤ ਸਿੰਘ ਨੇ।
ਇਕੋ ਘਾਟ ਤੇ ਸ਼ੀਹ ਤੇ ਬੱਕਰੀ ਨੂੰ, ’ਕੱਠਾ ਪਾਣੀ ਪਿਲਾਇਆ ਰਣਜੀਤ ਸਿੰਘ ਨੇ।
ਜਦੋਂ ਅਟਕ ਦਰਿਆ ਅਟਕਾਉਣ ਲੱਗਾ, ਅੱਗੋਂ ਅਟਕ ਅਟਕਾਇਆ ਰਣਜੀਤ ਸਿੰਘ ਨੇ।
ਸ਼ੂਕਾਂ ਮਾਰਦੇ ਅਟਕ ਦਰਿਆ ਅੰਦਰ, ਜਦੋਂ ਘੋੜਾ ਠਿਲਾਇਆ ਰਣਜੀਤ ਸਿੰਘ ਨੇ।
ਠਿਲ ਪਈ ਫਿਰ ਨਾਲ ਹੀ ਸਿੱਖ ਸੈਨਾ, ਜਦ ਜੈਕਾਰਾ ਗਜਾਇਆ ਰਣਜੀਤ ਸਿੰਘ ਨੇ।
ਜਾ ਕੇ ਦੁਸ਼ਮਣ ਦੀ ਫੌਜ ਦੀ ਹਿੱਕ ਉਤੇ, ਕੌਮੀ ਝੰਡਾ ਝੁਲਾਇਆ ਰਣਜੀਤ ਸਿੰਘ ਨੇ।
ਤੇਰੇ ਰਾਜ ਦੇ ਸੂਰਜ ਦੇ ਛਿਪਦਿਆਂ ਹੀ, ਢਲ ਗਈ ਸੀ ਸਾਡੀ ਦੁਪਹਿਰ ਏਥੇ।
ਨਮਕ ਹਲਾਲ ਨਾਲੇ ਵਫ਼ਾਦਾਰ ਬਣ ਗਏ, ਨਮਕ ਹਰਾਮੀ ਗਦਾਰ ਤੇ ਗੈਰ ਏਥੇ।
ਇਕ ਕਰੋੜ ’ਚੋਂ ’ਠਾਰਾਂ ਲੱਖ ਰਹੇ ਬਾਕੀ, ਚਾਰੇ ਪਾਸੇ ਸੀ ਵਰਤਿਆ ਕਹਿਰ ਏਥੇ।
ਸਿੰਘ ਜਿੱਤੀਆਂ ਬਾਜੀਆਂ ਹਾਰ ਗਏ ਸੀ, ’ਕੱਲੇ ਸ਼ੇਰੇ ਪੰਜਾਬ ਬਗੈਰ ਏਥੇ।
ਤੇਰੇ ਪਿੱਛੋਂ ਧਿਆਨ ਸਿੰਘ ਡੋਗਰੇ ਜਿਹਾਂ, ਤਾਂਡਵ ਨਾਚ ਨਚਾਇਆ ਰਣਜੀਤ ਸਿੰਘਾ।
ਉਨ੍ਹਾਂ ਉਸੇ ਹੀ ਥਾਲੀ ’ਚ ਛੇਕ ਕੀਤੇ, ਜਿਹੜੀ ਥਾਲੀ ’ਚ ਖਾਇਆ ਰਣਜੀਤ ਸਿੰਘਾ।
ਉਸ ਸੱਪ ਨੇ ਮਾਰਿਆ ਡੰਗ ਆਖਰ, (ਤੂੰ) ਜੀਹਨੂੰ ਦੁੱਧ ਪਿਲਾਇਆ ਰਣਜੀਤ ਸਿੰਘਾ।
ਘਰ ਦੇ ਭੇਤ ਦਿੱਤੇ ਉਨ੍ਹਾਂ ਈ, ਜਿਨ੍ਹਾਂ ਨੂੰ ਤੂੰ, ਘਰ ਦੇ ਭੇਤੀ ਬਣਾਇਆ ਰਣਜੀਤ ਸਿੰਘਾ।
ਤੇਰੇ ਜਾਣ ਦੇ ਨਾਲ ਹੀ ਦੂਲਿਆ ਉਏ, ਚਲਾ ਗਿਆ ਉਹ ਪਾਵਨ ਪੰਜਾਬ ਸਾਡਾ।
ਪੈਰਾਂ ਹੇਠ ਬੇ-ਕਦਰੀ ਦੇ ਨਾਲ ‘ਜਾਚਕ’, ਮਿਧਿਆ ਗਿਆ ਇਹ ਫੁੱਲ ਗੁਲਾਬ ਸਾਡਾ।
ਮੁੜ ਕੇ ਕਦੇ ਵੀ ਸਾਡਾ ਨਾ ਹੋ ਸਕਿਆ, ਰਾਵੀ ਜਿਹਲਮ ਦਰਿਆ ਚਨਾਬ ਸਾਡਾ।
ਜਿਹੜਾ ਕਦੇ ਵੀ ਪੂਰਾ ਨਹੀਂ ਹੋ ਸਕਦਾ, ਹੋਇਆ ਘਾਣ ਉਹ ਬੇਹਿਸਾਬ ਸਾਡਾ।