ਸ੍ਰ: ਜੱਸਾ ਸਿੰਘ ਆਹਲੂਵਾਲੀਆ ਸੰਬੰਧੀ ਕਵਿਤਾਵਾਂ
ਸ੍ਰ: ਜੱਸਾ ਸਿੰਘ ਆਹਲੂਵਾਲੀਆ
ਆਹਲੂ ਪਿੰਡ ਲਾਹੌਰ ਦੇ ਜਿਲੇ ਅੰਦਰ, ਜੱਸਾ ਸਿੰਘ ਸਰਦਾਰ ਦਾ ਜਨਮ ਹੋਇਆ।
ਤਿੰਨ ਮਈ ਸਤਾਰਾਂ ਸੋ ਅਠਾਰਾਂ ਈਸਵੀ ਨੂੰ, ਏਸ ਹੋਣਹਾਰ ਦਾ ਜਨਮ ਹੋਇਆ।
ਬਦਰ ਸਿੰਘ ਅਤੇ ਜੀਵਨ ਕੌਰ ਦੇ ਘਰ, ਏਸ ਬਰਖੁਰਦਾਰ ਦਾ ਜਨਮ ਹੋਇਆ।
ਤਿੰਨ ਸਦੀਆਂ ਤੋਂ ਕੁਝ ਸਾਲ ਪਹਿਲਾਂ, ਏਸ ਬਾਂਕੇ ਬਲਕਾਰ ਦਾ ਜਨਮ ਹੋਇਆ।
ਚਾਰ ਸਾਲ ਦੀ ਉਮਰ ਸੀ ਅਜੇ ਉਸਦੀ, ਜਦੋਂ ਪਿਤਾ ਨੇ ਕੀਤੀ ਚੜ੍ਹਾਈ ਹੈਸੀ।
ਜੱਸਾ ਸਿੰਘ ਦੀ ਮਾਤਾ ਤਦ ਬੱਚਿਆਂ ਨੂੰ, ਪਿੰਡ ਆਹਲੂ ਤੋਂ ਦਿੱਲੀ ਲਿਆਈ ਹੈਸੀ।
ਮਾਤਾ ਸੁੰਦਰੀ ਜੀ ਦੇ ਪਾਸ ਰਹਿ ਕੇ, ਕੀਰਤਨ ਕਰਨ ਦੀ ਸੇਵਾ ਨਿਭਾਈ ਹੈਸੀ।
ਮਾਤਾ ਜੀ ਨੇ ਕੀਰਤਨ ਤੋਂ ਖੁਸ਼ ਹੋ ਕੇ, ਤਦ ਅਸੀਸਾਂ ਦੀ ਝੜੀ ਲਗਾਈ ਹੈਸੀ।
ਏਸ ਬਾਲਕ ਤੇ ਮਿਹਰ ਦੀ ਨਜ਼ਰ ਕਰ ਕੇ, ਜੀਵਨ ਜਿਉਣ ਦੀ ਜਾਚ ਸਿਖਾਈ ਸੋਹਣੀ।
ਕਪੂਰ ਸਿੰਘ ਨਵਾਬ ਨਾਲ ਭੇਜ ਇਸ ਨੂੰ, ਏਸ ਬਾਲਕ ਦੀ ਕਿਸਮਤ ਚਮਕਾਈ ਸੋਹਣੀ।
ਓਨ੍ਹਾਂ ਆਪਣਾ ਪੁੱਤਰ ਬਣਾ ਕੇ ਤੇ, ਹਰ ਤਰ੍ਹਾਂ ਦੀ ਦਿੱਤੀ ਸਿਖਲਾਈ ਸੋਹਣੀ।
ਆਹਲੂਵਾਲੀਆ ਮਿਸਲ ਦੇ ਮੁੱਖੀ ਬਣ ਕੇ, ਏਸ ਮਿਸਲ ਨੂੰ ਦਿੱਤੀ ਅਗਵਾਈ ਸੋਹਣੀ।
ਜਿਥੇ ਜਿਥੇ ਵੀ ਕੌਮ ਨੂੰ ਲੋੜ ਪੈਂਦੀ, ਪਹੁੰਚ ਜਾਂਦਾ ਸੀ ਫੌਜਾਂ ਦੇ ਨਾਲ ਯੋਧਾ।
ਭਖੇ ਹੋਏ ਹਰ ਰਣ ਮੈਦਾਨ ਅੰਦਰ, ਜਾਂਦੇ ਸਾਰ ਹੀ ਕਰਦਾ ਕਮਾਲ ਯੋਧਾ।
ਦੁਸ਼ਮਣ ਭੱਜਦੇ ਸਿਰਾਂ ਤੇ ਪੈਰ ਧਰ ਕੇ, ਲੈ ਆਉਂਦਾ ਸੀ ਕੋਈ ਭੁਚਾਲ ਯੋਧਾ।
ਸਾਰੇ ਪਿਆਰ ਸਤਿਕਾਰ ਦੇ ਨਾਲ ਕਹਿੰਦੇ, ‘ਜੱਸਾ ਸਿੰਘ ਹੈ, ਗੁਰੂ ਕਾ ਲਾਲ’ ਯੋਧਾ।
ਦਲ ਖਾਲਸੇ ਦੀ ਫੇਰ ਅਗਵਾਈ ਕਰਕੇ, ਮੱਲਾਂ ਮਾਰੀਆਂ ਹਰ ਮੈਦਾਨ ਅੰਦਰ।
ਅਹਿਮਦ ਸ਼ਾਹ ਅਬਦਾਲੀ ਦੀਆਂ ਓਸ ਵੇਲੇ, ਧੁੰਮਾਂ ਪਈਆਂ ਸਨ ਸਾਰੇ ਜਹਾਨ ਅੰਦਰ।
ਹਿੰਦੁਸਤਾਨ ਤੇ ਹਮਲੇ ਤੇ ਕਰ ਹਮਲਾ, ਫਤਹਿ ਪਾਈ ਉਸ ਹਰ ਮੈਦਾਨ ਅੰਦਰ।
ਲੁੱਟ ਮਾਰ ਉਸ ਡਾਢੀ ਮਚਾਈ ਏਥੇ, ਆਇਆ ਹੋਇਆ ਸੀ ਬੜੇ ਗੁਮਾਨ ਅੰਦਰ।
ਬੰਨ੍ਹ ਬੰਨ੍ਹ ਕੇ ਬਹੂ ਤੇ ਬੇਟੀਆਂ ਨੂੰ, ਲਿਜਾ ਰਿਹਾ ਸੀ ਉਹ ਅਫਗਾਨਿਸਤਾਨ ਅੰਦਰ।
ਇੱਧਰ ਸਿੰਘ ਵੀ ਤਲੀ ਤੇ ਸੀਸ ਧਰ ਕੇ, ਨਿੱਤਰ ਪਏ ਸਨ ਰਣ ਮੈਦਾਨ ਅੰਦਰ।
ਰੋਹ ਭਰੀਆਂ ਤਲਵਾਰਾਂ ਨੇ ਓਸ ਵੇਲੇ, ਉਸਲਵੱਟੇ ਸਨ ਲਏ ਮਿਆਨ ਅੰਦਰ।
ਸਭ ਮਿਸਲਾਂ ਦੇ ਮੁੱਖੀ ਸਨ ਹੋਏ ’ਕੱਠੇ, ‘ਆਹਲੂਵਾਲੀਆ’ ਦੀ ਕਮਾਨ ਅੰਦਰ।
ਅੱਧੀ ਰਾਤ ਨੂੰ ਦੁਸਮਣ ਤੇ ਕਰ ਹਮਲਾ, ਓਨ੍ਹਾਂ ਤਾਈਂ ਭਜਾਇਆ ਸੀ ਖਾਲਸੇ ਨੇ।
ਅਬਦਾਲੀ ਜਿਹੇ ਲੁਟੇਰੇ ਨੂੰ ਲੁੱਟ ਕੇ ਤੇ, ਚੰਗਾ ਸਬਕ ਸਿਖਾਇਆ ਸੀ ਖਾਲਸੇ ਨੇ।
ਬਹੂਆਂ ਬੇਟੀਆਂ ਤਾਈਂ ਛੁੜਵਾ ਕੇ ਤੇ, ਘਰੋ ਘਰੀ ਪਹੰੁਚਾਇਆ ਸੀ ਖਾਲਸੇ ਨੇ।
ਓਸ ਸਮੇਂ ਦੇ ਵਿੱਚ ਦੁਰਾਨੀਆਂ ਤੋਂ, ਭਾਰਤ ਦੇਸ਼ ਬਚਾਇਆ ਸੀ ਖਾਲਸੇ ਨੇ।
ਦੂਜੇ ਘਲੂਘਾਰੇ ਮੌਕੇ ਖਾਲਸੇ ਤੇ, ਔਖੀ ਬੜੀ ਹੀ ਘੜੀ ਕੋਈ ਆਈ ਹੈਸੀ ।
ਐਸੇ ਕਸ਼ਟਾਂ ਤੇ ਬਿਪਤਾ ਦੇ ਸਮੇਂ ਤੇ ਵੀ, ਆਹਲੂਵਾਲੀਏ ਕੀਤੀ ਅਗਵਾਈ ਹੈਸੀ।
ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋ ਗਏ, ਲਹੂ ਡੋਲਵੀਂ ਹੋਈ ਲੜਾਈ ਹੈਸੀ।
ਬਾਈ ਫੱਟ ਲੱਗੇ ਆਹਲੂਵਾਲੀਏ ਨੂੰ, ਪਰ ਨਾ ਰਣ ’ਚ ਪਿੱਠ ਵਿਖਾਈ ਹੈਸੀ।
ਅਬਦਾਲੀ ਸਮਝਿਆ ਵਾਂਗ ਮਰਹੱਟਿਆਂ ਦੇ, ਇਨ੍ਹਾਂ ਸਿੰਘਾਂ ਦਾ ਲੱਕ ਮੈਂ ਤੋੜ ਦਿੱਤਾ।
ਸਾਹ ਸੱਤ ਨਹੀਂ ਰਿਹਾ ਹੁਣ ਖਾਲਸੇ ’ਚ, ਇਹਨੂੰ ਨਿੰਬੂ ਦੇ ਵਾਂਗ ਨਿਚੋੜ ਦਿੱਤਾ।
ਐਪਰ ਥੋੜੇ ਹੀ ਸਮੇਂ ’ਚ ਖਾਲਸੇ ਨੇ , ਓਹਦਾ ਸਾਰਾ ਹੀ ਭਰਮ ਸੀ ਤੋੜ ਦਿੱਤਾ।
ਫਤਹਿ ਕਰ ਸਰਹੰਦ ਕਸੂਰ ਤਾਈਂ, ਮੂਲ ਨਾਲ ਵਿਆਜ ਦੇ ਮੋੜ ਦਿੱਤਾ।
ਫਿਰ ਇਲਾਕਾ ਦੁਆਬੇ ਦਾ ਫਤਹਿ ਕਰਕੇ, ਆਪਣੀ ਤਾਕਤ ਉਸ ਹੋਰ ਵਧਾਈ ਸੋਹਣੀ।
ਕਪੂਰਥਲਾ ਬਣਾ ਕੇ ਰਾਜਧਾਨੀ, ਆਪਣੀ ਪੱਕੀ ਰਿਆਸਤ ਬਣਾਈ ਸੋਹਣੀ।
ਕਰਕੇ ਕੰਮ ਸੀ ਲੋਕਾਂ ਦੇ ਦਿਲ ਜਿੱਤੇ, ਕਪੂਰਥਲਾ ਰਿਆਸਤ ਚਲਾਈ ਸੋਹਣੀ।
ਫਤਹਿ ਓਸ ਦੇ ਰਹੀ ਸੀ ਪੈਰ ਚੁੰਮਦੀ, ਹਰ ਮੈਦਾਨ ਹੀ ਫਤਹਿ ਉਸ ਪਾਈ ਸੋਹਣੀ।
ਜੱਸਾ ਸਿੰਘ ਸਰਦਾਰ ਦੇ ਨਾਲ ਰਲ ਕੇ , ਅੱਗੇ ਦੁਸ਼ਟਾਂ ਨੂੰ ਲਾਇਆ ਸੀ ਖਾਲਸੇ ਨੇ।
ਦਿੱਲੀ ਤੱਕ ਵੀ ਵੱਧ ਕੇ ਸਿੱਖ ਫੌਜਾਂ, ਸ਼ਾਹ ਆਲਮ ਹਰਾਇਆ ਸੀ ਖਾਲਸੇ ਨੇ।
ਲਾਲ ਕਿਲੇ ਦੇ ਉਤੇ ਫਿਰ ਕਰ ਕਬਜਾ, ਆਪਣਾ ਝੰਡਾ ਲਹਿਰਾਇਆ ਸੀ ਖਾਲਸੇ ਨੇ।
ਸੁਲਤਾਨ-ਉਲ-ਕੌਮ ਦਾ ਦੇ ਖਿਤਾਬ ਉਸਨੂੰ, ਓਹਦੇ ਤਾਈਂ ਵਡਿਆਇਆ ਸੀ ਖਾਲਸੇ ਨੇ।
ਧੁੱਪਾਂ ਛਾਵਾਂ ਹੰਢਾਈਆਂ ਸਨ ਤਨ ਉੱਤੇ, ਸੁਘੜ, ਸਿਆਣੇ ਤੇ ਸੂਝਵਾਨ ਹੈਸਨ।
ਗੁਰੂ ਪੰਥ ਦੇ ਬਣਕੇ ਰਹੇ ਸੇਵਕ, ਪੰਥ ਖਾਲਸੇ ਦੀ ਜਿੰਦ ਤੇ ਜਾਨ ਹੈਸਨ।
ਸੇਵਾ ਦੁਖੀਆਂ ਗਰੀਬਾਂ ਦੀ ਰਹੇ ਕਰਦੇ, ਸਾਫ ਦਿਲ ਦੇ ਨੇਕ ਇਨਸਾਨ ਹੈਸਨ।
ਬੜੇ ਮਾਣ ਨਾਲ ‘ਜਾਚਕ’ ਦੀ ਕਲਮ ਲਿਖਦੀ, ਸਿੱਖ ਕੌਮ ਦੇ ਆਗੂ ਮਹਾਨ ਹੈਸਨ।