ਬਾਬਾ ਗੁਰਬਖਸ਼ ਸਿੰਘ ਜੀ ਸੰਬੰਧੀ ਕਵਿਤਾਵਾਂ
ਬਾਬਾ ਗੁਰਬਖਸ਼ ਸਿੰਘ ਜੀ
ਸਿੰਘਾਂ ਵਿਚੋਂ ਇਕ ਸਿੰਘ ਗੁਰਬਖਸ਼ ਸਿੰਘ ਦੇ, ਪਾਉਣ ਲੱਗਾ ਹਾਂ ਜੀਵਨ ਤੇ ਝਾਤ ਸਿੰਘੋ।
ਭਾਈ ਮਨੀ ਸਿੰਘ ਜਿਹੇ ਪਿਆਰਿਆਂ ਤੋਂ, ਪ੍ਰਾਪਤ ਕੀਤੀ ਸੀ ਅੰਮ੍ਰਿਤ ਦੀ ਦਾਤ ਸਿੰਘੋ।
ਅਨੰਦਪੁਰ ਸਾਹਿਬ ਦੇ ਪਾਵਨ ਸਥਾਨ ਉੱਤੇ, ਕੱਠੀ ਕੀਤੀ ਸੀ ਸਿੱਖ ਜਮਾਤ ਸਿੰਘੋ।
ਜ਼ੁਲਮੀ ਰਾਤ ਜਦ ਛਾਈ ਸੀ ਚੌਹੀਂ ਪਾਸੀ, ਲਿਆਂਦੀ ਸਿੱਖੀ ਤੇ ਉਨ੍ਹਾਂ ਪ੍ਰਭਾਤ ਸਿੰਘੋ।
ਜਹਾਨ ਖ਼ਾਂ ਨੇ ਢਾਹ ਦਰਬਾਰ ਸਾਹਿਬ, ਸਿੱਖੀ ਅਣਖ ਉੱਤੇ ਕੀਤਾ ਵਾਰ ਓਦੋਂ।
ਸਿੱਖੀ ਜੀਵਨ ਦੇ ਸੋਮੇ ਨੂੰ ਪੂਰ ਕੇ ਤੇ, ਸਿੰਘ ਜਿਉਂਦੇ ਹੀ ਦਿੱਤੇ ਸੀ ਮਾਰ ਓਦੋਂ।
ਖਬਰ ਫੈਲੀ ਸੀ ਜੰਗਲ ਦੀ ਅੱਗ ਵਾਂਗੂੰ, ਮੱਚ ਗਈ ਹੈਸੀ ਹਾਹਾਕਾਰ ਓਦੋਂ।
ਹਿਰਦੇ ਵੇਧਕ ਇਸ ਖ਼ਬਰ ਨੂੰ ਸੁਣ ਕੇ ਤੇ, ਜੋਸ਼ ਵਿੱਚ ਆਇਆ ਜਥੇਦਾਰ ਓਦੋਂ।
ਛਲਣੀ ਛਲਣੀ ਇਸ ਖਬਰ ਨੇ ਕਰ ਦਿੱਤਾ, ਤੇਜ ਤਿੱਖੀ ਕੋਈ ਖੰਡੇ ਦੀ ਧਾਰ ਵਾਂਗੂੰ।
ਅੱਖਾਂ ਵਿਚੋਂ ਚੰਗਿਆੜੀਆਂ ਨਿਕਲ ਆਈਆਂ, ਚਿਹਰਾ ਭਖਿਆ ਸੀ ਲਾਲ ਅੰਗਿਆਰ ਵਾਂਗੂੰ।
ਲਾਵੇ ਫੁੱਟ ਕੇ ਅੰਦਰੋਂ ਬਾਹਰ ਆਏ, ਨਿਕਲੀ ਹੋਈ ਮਿਆਨੋਂ ਤਲਵਾਰ ਵਾਂਗੂੰ।
ਸ਼ਸ਼ਤਰ ਬਸਤਰ ਸਜਾਏ ਫਿਰ ਸਿੰਘ ਸੂਰੇ, ਸਜ ਵਿਆਹੀ ਹੋਈ ਕਿਸੇ ਮੁਟਿਆਰ ਵਾਂਗੂੰ।
ਆ ਕੇ ਜੋਸ਼ ’ਚ ਸਿੰਘਾਂ ਨੂੰ ਕਹਿਣ ਲੱਗੇ, ਕੋਈ ਕਿਸੇ ਨੂੰ ਘਰ ਨਹੀਂ ਢਾਹੁਣ ਦੇਂਦਾ।
ਜੀਉਂਦੇ ਜੀਅ ਕੋਈ ਬੱਬਰ ਸ਼ੇਰ ਜਿੱਦਾਂ, ਆਪਣੀ ਮੁੱਛ ਨੂੰ ਹੱਥ ਨਹੀਂ ਪਾਉਣ ਦੇਂਦਾ।
ਉਸੇ ਤਰ੍ਹਾਂ ਹੀ ਗੁਰੂ ਦਾ ਲਾਲ ਕੋਈ, ਗੁਰਧਾਮਾਂ ਦੀ ਬੇਅਦਬੀ ਨਹੀਂ ਹੋਣ ਦੇਂਦਾ।
ਸਿਰ ਲੱਥਦਾ ਬੇਸ਼ਕ ਲੱਥ ਜਾਵੇ, ਐਪਰ ਪੱਗ ਨੂੰ ਹੱਥ ਨਹੀਂ ਪਾਉਣ ਦੇਂਦਾ।
ਅੰਮ੍ਰਿਤਸਰ ਵੱਲ ਆਪਾਂ ਹੁਣ ਕੂਚ ਕਰੀਏ, ਕਹਿੰਦੇ ਜੋਸ਼ ਨਾਲ ਕਰ ਤਕਰੀਰ ਓਦੋਂ।
ਸ਼ੇਰਾਂ ਵਾਂਗ ਤਦ ਨਿਕਲ ਮੈਦਾਨ ਅੰਦਰ, ਗਰਜਨ ਲੱਗੇ ਦਸਮੇਸ਼ ਦੇ ਬੀਰ ਓਦੋਂ।
ਹੱਥ ਪਾ ਤਲਵਾਰਾਂ ਦੇ ਕਬਜਿਆਂ ਨੂੰ, ਕਹਿੰਦੇ ਦੁਸ਼ਮਣ ਨੂੰ ਦੇਣਾ ਏ ਚੀਰ ਓਦੋਂ।
ਦਿਲਾਂ ਵਿੱਚ ਫਿਰ ਜੋਸ਼ ਦਾ ਹੜ੍ਹ ਲੈ ਕੇ, ਅੰਮ੍ਰਿਤਸਰ ਪਹੁੰਚੇ, ਸੂਰਬੀਰ ਓਦੋਂ।
ਜਹਾਂਦਾਦ ਖ਼ਾਂ ਨੂੰ ਸੂਹੀਏ ਨੇ ਸੂਹ ਦਿੱਤੀ, ਸੌ ਕੁ ਸਿੰਘ ਲੈ, ਸਿੰਘ ਇਕ ਖਾਸ ਆਇਐ।
ਬਦਲਾ ਲੈਣ ਲਈ ਏਸ ਬਿਅਦਬੀ ਦਾ, ਗੁਰੂ ਚਰਨਾਂ ‘ਚ ਕਰ ਅਰਦਾਸ ਆਇਐ।
ਆ ਕੇ ਵਿਚ ਹੰਕਾਰ, ਜਹਾਂਦਾਦ ਕਹਿੰਦਾ, ਸ਼ਿਕਾਰ ਆਪ, ਸ਼ਿਕਾਰੀ ਦੇ ਪਾਸ ਆਇਐ।
ਜਿਉਂਦਾ ਜਾਗਦਾ ਆਇਆ ਏ ਇਹ ਭਾਵੇਂ, ਲੈ ਕੇ ਨਾਲ ਪਰ ਆਪਣੀ ਲਾਸ਼ ਆਇਐ।
ਬਿਅਦਬੀ ਤੱਕ ਕੇ, ਗੁਰਬਖਸ਼ ਸਿੰਘ ਦੀਆਂ, ਹੋਈਆਂ ਅੱਖਾਂ ਸੀ ਲਹੂ ਲੁਹਾਨ ਵਿਚੋਂ ।
ਸੌ ਕੁ ਸਿੰਘਾਂ ਦੇ ਨਾਲ ਫਿਰ ਉਸ ਵੇਲੇ, ਕੱਢੀ ਉਹਨੇ ਕਿਰਪਾਨ ਮਿਆਨ ਵਿਚੋਂ।
ਤੀਹ ਹਜ਼ਾਰ ਦੀ ਫੌਜ ਨੂੰ ਵਖਤ ਪਾਇਆ, ਰੱਖ ਕੇ ਤਲੀ ਤੇ ਆਪਣੀ ਜਾਨ ਵਿੱਚੋਂ।
ਜਾਨਾਂ ਹੂਲ ਕੇ ਲੜੇ ਜਦ ਸਿੰਘ ਸੂਰੇ, ਤੱਕ ਤੱਕ ਦੁਸ਼ਮਣ ਵੀ ਹੋਏ ਹੈਰਾਨ ਵਿੱਚੋਂ।
ਛਾਨਣੀ ਛਾਨਣੀ ਹੋਏ ਸਰੀਰ ਭਾਵੇਂ, ਫਿਰ ਵੀ ਛੱਡੇ ਜੈਕਾਰੇ ਜ਼ਬਾਨ ਵਿੱਚੋਂ।
ਆਖਰੀ ਦੱਮ ਤੱਕ ਜੂਝ ਕੇ ਰਣ ਅੰਦਰ, ਮਾਰੇ ਵੈਰੀ ਸੀ ਪਾਵਨ ਅਸਥਾਨ ਵਿੱਚੋਂ।
ਸਿੱਖੀ ਨਾਲ ਸੁਆਸਾਂ ਨਿਭਾ ‘ਜਾਚਕ’, ਸੁਰਖਰੂ ਹੋ ਗਏ ਸਿੰਘ ਜਹਾਨ ਵਿੱਚੋਂ।
ਸ਼ਹੀਦੀ ਪਾ ਕੇ ਗੁਰੂ ਦਰਬਾਰ ਅੰਦਰ, ਪਾਸ ਹੋਏ ਸਾਰੇ ਇਮਤਿਹਾਨ ਵਿੱਚੋਂ।