Home » ਲਹੂ ਭਿੱਜੇ ਇਤਿਹਾਸ ਦੇ ਪੰਨੇ » ਇਕ ਸਿੱਖ ਨੌਜਵਾਨ ਦੀ ਅਮਰ ਸ਼ਹੀਦੀ ਸੰਬੰਧੀ ਕਵਿਤਾਵਾਂ

ਇਕ ਸਿੱਖ ਨੌਜਵਾਨ ਦੀ ਅਮਰ ਸ਼ਹੀਦੀ ਸੰਬੰਧੀ ਕਵਿਤਾਵਾਂ

by Dr. Hari Singh Jachak
Poem on Ek Sikh Noujban Di Amar Shaheedi

ਇਕ ਸਿੱਖ ਨੌਜਵਾਨ ਦੀ ਅਮਰ ਸ਼ਹੀਦੀ ਸੰਬੰਧੀ ਕਵਿਤਾਵਾਂ

ਇਕ ਸਿੱਖ ਨੌਜਵਾਨ ਦੀ ਅਮਰ ਸ਼ਹੀਦੀ

ਬੰਦੇ ਨਾਲ ਸੀ ਫੜੇ ਗਏ ਸਿੰਘ ਜਿਹੜੇ, ਚੜ੍ਹੀ ਉਨ੍ਹਾਂ ਤੇ ਅੰਮ੍ਰਿਤ ਦੀ ਪਾਨ ਹੈਸੀ।

ਉਨ੍ਹਾਂ ਦੀਨ ਜਾਂ ਮੌਤ ਦੀ ਚੋਣ ਵਿੱਚੋਂ, ਕੀਤੀ ਹੱਸ ਕੇ ਮੌਤ ਪ੍ਰਵਾਨ ਹੈਸੀ।

ਸਿੱਖੀ ਸਿਦਕ ਤੋਂ ਇਕ ਵੀ ਡੋਲਿਆ ਨਾ, ਭਾਵੇਂ ਬੜਾ ਹੀ ਔਖਾ ਇਮਤਿਹਾਨ ਹੈਸੀ।

ਛੱਡ ਕੇ ਜ਼ਿੰਦਗੀ ਮੰਗੀ ਜਿਸ ਮੌਤ ਮੂੰਹੋਂ, ਉਨ੍ਹਾਂ ਵਿੱਚ ਇਕ ਨੌਜਵਾਨ ਹੈਸੀ।

 

ਮੁੱਛ ਫੁੱਟ ਗਭਰੂ ਛੈਲ ਛਬੀਲੜਾ ਇਹ, ਸ਼ੁਰੂ ਤੋਂ ਹੀ ਸਿੰਘਾਂ ਦੇ ਨਾਲ ਸੀ ਓਹ।

ਬਾਕੀ ਉਸ ਤੋਂ ਵੱਡੇ ਸਨ ਵੀਰ ਸਾਰੇ, ਉਨ੍ਹਾਂ ਵਿੱਚ ਤਾਂ ਲਗਦਾ ਬਾਲ ਸੀ ਓਹ।

ਡਰਿਆ ਨਹੀਂ ਤੱਕ ਸਿੰਘ ਸ਼ਹੀਦ ਹੁੰਦੇ, ਐਸਾ ਗੁਰੂ ਦਸ਼ਮੇਸ਼ ਦਾ ਲਾਲ ਸੀ ਓਹ।      

ਲਾੜੀ ਮੌਤ ਨੂੰ ਵਰਨ ਲਈ ਖਿੜੇ, ਬੜਾ ਹੋ ਰਿਹਾ ਹਾਲੋਂ ਬੇਹਾਲ ਸੀ ਓਹ।

 

ਕੀਤਾ ਜਾਣਾ ਇਹ ਕਤਲ ਚਬੂਤਰੇ ਤੇ, ਕਲਗੀਧਰ ਦਾ ਨੌਨਿਹਾਲ ਹੈਸੀ ।

ਕੱਠੇ ਹੋ ਗਏ ਦਿੱਲੀ ਦੇ ਲੋਕ ਸਾਰੇ, ਸਿੱਖੀ ਸਿਦਕ ਦਾ ਤੱਕਣ ਕਮਾਲ ਹੈਸੀ।

ਸਿਰ ਧੜ ਤੋਂ ਵੱਖਰਾ ਕਰਨ ਦੇ ਲਈ, ਖੜਾ ਸਿਰ ਤੇ ਓਸਦਾ ਕਾਲ ਹੈਸੀ ।

ਏਨੇ ਚਿਰ ਨੂੰ ਓਸਦੀ ਬਿਰਧ ਮਾਤਾ, ਪਹੁੰਚੀ ਪੁੱਤ ਦੀ ਕਰਦੀ ਹੋਈ ਭਾਲ ਹੈਸੀ।

 

ਰੋ ਰੋ ਕੇ ਓਹਨੇ ਫਰਿਆਦ ਕੀਤੀ, ਇਹ ਤਾਂ ਮੇਰਾ ਏ ਹੋਣਹਾਰ ਪੁੱਤਰ।

ਭੋਲਾ ਭਾਲਾ ਤੇ ਬੇਕਸੂਰ ਇਹ ਤਾਂ, ਹੋਇਆ ਨਹੀਂ ਹਾਲੇ ਸਮਝਦਾਰ ਪੁੱਤਰ।

ਇਹਨੂੰ ਸਿੱਖੀ ਦਾ ਕੁਝ ਵੀ ਪਤਾ ਨਹੀਂ ਏ, ਐਵੇ ਫਸ ਗਿਆ ਸਿੰਘਾਂ ਵਿਚਕਾਰ ਪੁੱਤਰ।  

ਖ਼ਾਨਦਾਨ ਦਾ ਦੀਵਾ ਜਗਾਉਣ ਵਾਲਾ, ਕਰ ਦੇਵਣਾ ਨਾ ਠੰਢਾ-ਠਾਰ ਪੁੱਤਰ।

 

ਕਰੋ ਰਹਿਮ ਜੇ ਮੇਰਿਆਂ ਧੋਲਿਆਂ ਤੇ, ਮੇਰਾ ਦੇ ਦਿਉ ਮੈਨੂੰ ਸਰਕਾਰ ਪੁੱਤਰ।

ਓਸੇ ਵੇਲੇ ਫਿਰ ਸ਼ਾਹ ਨੇ ਹੁਕਮ ਕੀਤਾ, ਚਲੋ ਛੱਡ ਦਿਉ ਇਹਦਾ ਗ੍ਰਿਫ਼ਤਾਰ ਪੁੱਤਰ।

ਪਹਿਲਾਂ ਸ਼ਰਤ ਮਨਾਉਣੀ ਏ ਇਕ ਐਪਰ, ਸਿੱਖ ਹੋਣ ਤੋਂ ਕਰੇ ਇਨਕਾਰ ਪੁੱਤਰ।

ਜੇਕਰ ਕਰਦਾ ਏ ਇਹ ਕੋਈ ਅੜੀ ਅੱਗੋਂ, ਬੇਸ਼ੱਕ ਦੇਣਾ ਫਿਰ ਏਸਦਾ ਮਾਰ ਪੁੱਤਰ।

 

ਤਰਲੇ ਪਾ ਪਾ ਪੁੱਤ ਨੂੰ ਮਾਂ ਕਹਿੰਦੀ, ਮੰਨ ਲੈ ਤੂੰ ਮੇਰੀ ਫਰਿਆਦ ਚੰਨਾ।

ਮੇਰੇ ਦਿਲ ਨੂੰ ਪੈ ਰਹੀਆਂ ਨੇ ਘਾਟਾਂ, ਮਹਿੰਗੀ ਬੜੀ ਏਂ ਮੇਰੀ ਉਲਾਦ ਚੰਨਾਂ।

ਹੋ ਗਿਆ ਤੂੰ ਅੱਜ ਸ਼ਹੀਦ ਜੇਕਰ, ਦੁਨੀਆਂ ਹੋ ਜਾਊ ਮੇਰੀ ਬਰਬਾਦ ਚੰਨਾ।

ਮੇਰੀਆਂ ਅੱਖਾਂ ਤੇ ਚੰਨਾਂ ਤੇ ਤਾਰਿਆ ਵੇ, ਕੀ ਕਰੂੰਗੀ ਤੇਰੇ ਤੋਂ ਬਾਦ ਚੰਨਾਂ।

 

ਪੁੱਤਾਂ ਵਾਸਤੇ ਪੁੱਤਰਾ ਸੋਚ ਤੇ ਸਹੀ, ਮਾਵਾਂ ਕੀ ਕੀ ਦੁੱਖ ਉਠਾਉਂਦੀਆਂ ਨੇ।

ਗਿੱਲੇ ਥਾਵਾਂ ਤੇ ਪੈ ਕੇ ਆਪ ਉਹ ਤਾਂ, ਸੁੱਕੇ ਥਾਂ ਤੇ ਪੁੱਤਾਂ ਨੂੰ ਪਾਂਉਂਦੀਆਂ ਨੇ।

ਪੁੱਤ ਮਾਂ ਦਾ ਜੇ ਬਿਮਾਰ ਹੋ ਜਾਏ, ਦਿਨੇ ਰਾਤ ਨਾ ਕਦੇ ਓਹ ਸੋਂਦੀਆਂ ਨੇ।

ਜੇਕਰ ਪੁੱਤ ਨੂੰ ਕਿਧਰੇ ਕੁਝ ਹੋ ਜਾਵੇ, ਮਾਵਾਂ ਕੂੰਜ ਦੇ ਵਾਂਗ ਕੁਰਲਾਉਂਦੀਆਂ ਨੇ।

 

ਤੂੰ ਹੀ ਚਾਨਣ ਏਂ ਮੇਰੀਆਂ ਅੱਖੀਆਂ ਦਾ, ਤੇਰੇ ਬਿਨਾਂ ਇਹ ਸੁੰਨਾ ਸੰਸਾਰ ਪੁੱਤਰ।

ਮੈਂ ਤਾਂ ਨਦੀ ਕਿਨਾਰੇ ਦਾ ਰੁੱਖੜਾ ਹਾਂ, ਸਾਂਭ ਆਪਣਾ ਤੂੰਘਰ-ਬਾਰ ਪੁੱਤਰ।

ਐਵੇਂ ਜਾਨ ਗੁਆਉਣ ਦਾ ਕੀ ਫਾਇਦਾ, ਕਰਦੇ ਸਿੱਖੀ ਤੋਂ ਤੂੰ ਇਨਕਾਰ ਪੁੱਤਰ।

ਛੱਡੇ ਮਾਂ ਨੇ ਮਮਤਾ ਦੇ ਬਾਣ ਭਾਵੇਂ, ਕਰ ਸਕੀ ਨਾ ਐਪਰ ਸ਼ਿਕਾਰ ਪੁੱਤਰ।

 

ਸੁਣ ਸੁਣ ਮਾਂ ਦੀ ਗੱਲਾਂ ਉਸ ਕਿਹਾ ਆਖਰ, ਮੇਰੇ ਨਾਲ ਕਿਉਂ ਦਗਾ ਕਮਾਉਣ ਲੱਗੀ।

ਮੈਨੂੰ ਕੱਢ ਕੇ ਹੰਸਾਂ ਦੀ ਡਾਰ ਵਿੱਚੋਂ, ਕਾਵਾਂ ਵਿੱਚ ਕਿਉਂ ਮੈਨੂੰ ਰਲਾਉਣ ਲੱਗੀ।

ਪੁੱਤ ਪੁੱਤ ਕਹਿਕੇ, ਮੈਨੂੰ ਨਾਲ ਚਾਵਾਂ, ਆਪਣੇ ਹੱਥੀਂ ਕਿਉਂ ਜ਼ਹਿਰ ਖਵਾਉਣ ਲੱਗੀ।

ਖੁਲ੍ਹੇ ਬੂਹੇ ਸਵਰਗਾਂ ਨੂੰ ਜਾ ਰਿਹਾ ਹਾਂ, ਐਵੇਂ ਨਰਕ ’ਚ ਕਾਹਨੂੰ ਏਂ ਪਾਉਣ ਲੱਗੀ।

 

ਤੂੰ ਸਿੱਖੀ ਸਿਦਕ ਦੇ ਰਾਹ ’ਚ ਨਾ ਬਣ ਰੋੜਾ, ਹੋ ਗਈ ਮੌਤ ਦੇ ਨਾਲ ਏ ਹਾਂ ਮੇਰੀ।

ਮੈਨੂੰ ਸਿੱਖੀ ਪਿਆਰੀ ਏ ਜਿੰਦ ਨਾਲੋਂ, ਇਸ ਲਈ ਹੋ ਨਹੀਂ ਸਕਦੀ ਹੁਣ ਨਾਂਹ ਮੇਰੀ।

ਤੂੰ ਕਲਗੀਧਰ ਦੀ ਗੋਦ ਚੋਂ ਕੱਢ ਕੇ ਤੇ, ਖੋਹ ਰਹੀਂ ਏ ਮੈਥੋਂ ਇਹ ਥਾਂ ਮੇਰੀ।

ਏਸੇ ਲਈ ਮੈਂ ਤੈਨੂੰ ਹੁਣ ਆਖਦਾ ਹਾਂ, ਤੂੰ ਨਹੀਂ ਮਾਂ ਮੇਰੀ, ਤੂੰ ਨਹੀਂ ਮਾਂ ਮੇਰੀ।

 

ਕਿਹਾ ਕਾਜ਼ੀ ਨੂੰ ਝੂਠ ਇਸ ਬੋਲ ਕੇ ਤੇ, ਕੀਤੇ ਦੁਨੀਆਂ ਦੇ ਸਰਮਸ਼ਾਰ ਪੁੱਤਰ।

ਨਾ ਇਹ ਮਾਂ ਮੇਰੀ, ਨਾ ਮੈਂ ਪੁੱਤ ਇਹਦਾ, ਐਵੇਂ ਰਹੀ ਇਹ ਮੈਨੂੰ ਪੁਕਾਰ ਪੁੱਤਰ।

ਅੰਮ੍ਰਿਤ ਛੱਕਿਆ ਸੀ ਜਦੋਂ ਦਸ਼ਮੇਸ਼ ਜੀ ਦਾ, ਤੱਦ ਤੋਂ ਰਿਹਾ ਨਹੀਂ ਮੈਂ ਦੁਨੀਆਂਦਾਰ ਪੁੱਤਰ।

ਮੈਂ ਤਾਂ ਕਲਗੀਆਂ ਵਾਲੇ ਦਾ ਲਾਡਲਾ ਹਾਂ, ਹੱਸ ਹੱਸ ਵਾਰੇ ਜਿਸਨੇ ਚਾਰ ਪੁੱਤਰ।

 

ਚੜ੍ਹਦੀ ਕਲਾ ’ਚ ਕਿਹਾ ਉਸ ਹਾਕਮਾਂ ਨੂੰ, ਗੱਲਾਂ ਕਰੋ ਨਾ ਕੋਈ ਹੁਣ ਗੋਲ ਮੈਨੂੰ।

ਛੇਤੀ ਕਰੋ ਤੇ ਕਰੋ ਸ਼ਹੀਦ ਝਟਪਟ, ਭੇਜ ਦਿਉ ਹੁਣ ਸਾਥੀਆਂ ਕੋਲ ਮੈਨੂੰ।

ਪੂਰਾ ਸੂਰਾ ਮੈਂ ਉਤਰੂੰ, ਪਰਖ ਉਤੇ, ਵੇਖੋ ਸਿਦਕ ਦੀ ਤੱਕੜੀ ਤੋਲ ਮੈਨੂੰ।

ਕਿਤੇ ਕੌਡੀਆਂ ਭਾਅ ਨਾ ਜਾਏ ਚਲਿਆ, ਹੀਰਾ ਜਨਮ ਜੋ ਮਿਲਿਆ ਅਨਮੋਲ ਮੈਨੂੰ।

 

ਹੋ ਕੇ ਗੁੱਸੇ ’ਚ ਕਾਜ਼ੀ ਫਿਰ ਲਾਲ ਪੀਲਾ, ਉਹਨੂੰ ਮੌਤ ਦੇ ਮੂਹਰੇ ਖਲਾਰ ਦਿੱਤਾ।

ਕਿਹੜੀ ਮਿੱਟੀ ਦਾ ਬਣਿਆ ਏ ਇਹ ਮੁੰਡਾ, ਜੀਹਨੇ ਜੀਉਣ ਤੋਂ ਕਰ ਇਨਕਾਰ ਦਿੱਤਾ।

ਲੱਗਦੇ ਹੱਥ ਜਲਾਦ ਨੇ ਵਾਰ ਕਰਕੇ, ਸਿਰ ਧੜ ਤੋਂ ਓਹਦਾ ਉਤਾਰ ਦਿੱਤਾ।

ਸਦਾ ਲਈ ਉਹ ਹੋ ਗਿਆ ਅਮਰ ‘ਜਾਚਕ’, ਭਾਵੇਂ ਦੁਸ਼ਟਾਂ ਨੇ ਓਹਨੂੰ ਸੀ ਮਾਰ ਦਿੱਤਾ।