ਬਾਬਾ ਬੰਦਾ ਸਿੰਘ ਬਹਾਦਰ ਸੰਬੰਧੀ ਕਵਿਤਾਵਾਂ
ਬਾਬਾ ਬੰਦਾ ਸਿੰਘ ਬਹਾਦਰ
ਪੰਜ ਤੀਰ ਤੇ ਬਖਸ਼ ਨਿਸ਼ਾਨ ਸਾਹਿਬ, ਗੁਰਾਂ ਭੇਜਿਆ ਬੰਦਾ ਪੰਜਾਬ ਏਧਰ।
ਦੁਸ਼ਟਾਂ ਦੋਖੀਆਂ ਤਾਈਂ ਉਸ ਸੋਧ ਕੇ ਤੇ, ਕਰ ਦਿੱਤਾ ਬਰਾਬਰ ਹਿਸਾਬ ਏਧਰ।
ਗਿਣ ਗਿਣ ਕੇ ਉਨ੍ਹਾਂ ਤੋਂ ਲਏ ਬਦਲੇ, ਮਿਧੇ ਜੀਹਨਾਂ ਨੇ ਫੁੱਲ ਗੁਲਾਬ ਏਧਰ।
ਮੁਗਲ਼ ਰਾਜ ਦੀਆਂ ਜੜ੍ਹਾਂ ਨੂੰ ਪੁੱਟ ਕੇ ਤੇ, ਲੈ ਆਇਆ ਸੀ ਉਹ ਇਨਕਲਾਬ ਏਧਰ।
ਭੁੱਖਾ ਸ਼ੇਰ ਜਿਉਂ ਨਿਕਲਦੈ ਗੁਫਾ ਵਿੱਚੋਂ, ਬੰਦਾ ਨਿਕਲਿਆ ਇੰਝ ਮੈਦਾਨ ਅੰਦਰ।
ਇੰਝ ਗਰਜਿਆ ਦੁਸ਼ਮਣ ਦੀ ਫੌਜ ਉੱਤੇ, ਬੱਦਲ ਗਰਜਦੇ ਜਿਵੇਂ ਅਸਮਾਨ ਅੰਦਰ।
ਜਾਨਾਂ ਤਲੀ ਤੇ ਰੱਖ ਕੇ ਸਿੰਘ ਸੂਰੇ, ਜੂਝ ਰਹੇ ਸਨ ਓਹਦੀ ਕਮਾਨ ਅੰਦਰ।
ਪਈਆਂ ਭਾਜੜਾਂ ਵੈਰੀ ਦੇ ਪੈਰ ਹਿੱਲੇ, ਚੱਪੜਚਿੜੀ ਦੇ ਯੁਧ ਘਮਸਾਨ ਅੰਦਰ।
ਯਾਦ ਆਈ ਜਦ ਖੂਨੀ ਦੀਵਾਰ ਵਾਲੀ, ਉਹਦੀਆਂ ਅੱਖਾਂ ਚ ਉਤਰਿਆ ਖੂਨ ਹੈਸੀ।
ਹਮਲਾ ਕੀਤਾ ਸਰਹੰਦ ਤੇ ਦੰਦ ਪੀਹ ਕੇ, ਚੜ੍ਹਿਆ ਓਸਦੇ ਸਿਰ ਜਨੂੰਨ ਹੈਸੀ।
ਗਾਜਰ ਮੂਲੀਆਂ ਵਾਂਗ ਸੀ ਕੁਤਰ ਦਿੱਤਾ, ਜਿਸ ਵੀ ਜ਼ਖਮਾਂ ਤੇ ਛਿੜਕਿਆ ਲੂਣ ਹੈਸੀ।
ਵੈਰੀ ਟੁੱਕ ਕੇ ਵਾਂਗਗਨੇਰੀਆਂ ਦੇ, ਮਿਲ ਰਿਹਾ ਕੋਈ ਉਹਨੂੰ ਸਕੂਨ ਹੈਸੀ।
ਗਰਮ ਰਹੀ ਸੀ ਤਿੰਨ ਦਿਨ ਰਣ ਭੂਮੀ, ਥਾਂ ਥਾਂ ਗੋਲੀਆਂ ਦੀ ਵਰਖਾ ਹੋਣ ਲੱਗੀ।
ਵਗੀਆਂ ਖੂਨ ਦੀਆਂ ਨਦੀਆਂ ਸੀ ਹਰ ਪਾਸੇ, ਹਰ ਇਕ ਤਨ ’ਚੋਂ ਰੱਤ ਸੀ ਚੋਣ ਲੱਗੀ।
ਸਿੱਖ ਫੌਜ ਅੱਜ ਮੁਗਲਾਂ ਦੇ ਲਾਹ ਆਹੂ, ਅਗਲੇ ਪਿਛਲੇ ਸਭ ਧੋਣੇ ਸੀ ਧੋਣ ਲੱਗੀ।
ਥਾਂ ਥਾਂ ਲਾਸ਼ਾਂ ਦੇ ਢੇਰਾਂ ਨੂੰ ਤੱਕ ਕੇ ਤੇ, ਸਚਮੁੱਚ ਹੋਣੀ ਵੀ ਓਦੋਂ ਸੀ ਰੋਣ ਲੱਗੀ।
ਬੰਦੇ ਆਖਿਆ ਉਏ ਵਜੀਰ ਖਾਨਾ, ਮਾਰ ਰਿਹਾ ਨਹੀਂ ਬੇ-ਵਜਾ ਤੈਨੂੰ।
ਨੰਨ੍ਹੇ ਮੁੰਨੇ ਜਦ ਬੱਚੇ ਸ਼ਹੀਦ ਕੀਤੇ, ਭੁੱਲ ਗਈ ਸੀ ਰੱਬੀ ਰਜ਼ਾ ਤੈਨੂੰ।
ਇੱਟ ਨਾਲ ਮੈਂ ਇੱਟ ਖੜਕਾ ਕੇ ਤੇ, ਦਿੱਤਾ ਫੌਜਾਂ ਸਮੇਤ ਭਜਾ ਤੈਨੂੰ।
ਇਕੋ ਵਾਰ ਨਾਲ ਧੜ ਤੋਂ ਸਿਰ ਲਾਹ ਕੇ, ਕੀਤੇ ਪਾਪਾਂ ਦੀ ਦੇ ਰਿਹਾਂ ਸਜ਼ਾ ਤੈਨੂੰ।
ਛਾ ਕੇ ਬੱਦਲ ਦੇ ਵਾਂਗ ਪੰਜਾਬ ਅੰਦਰ, ਥਾਂ ਥਾਂ ਕੇਸਰੀ ਝੰਡੇ ਝੁਲਾਏ ਉਸ ਨੇ।
ਆਪਣੇ ਆਪ ਨੂੰ ਨਾਢੂ ਖ਼ਾਂ ਸਮਝਦੇ ਜੋ, ਖੱਬੀ ਖਾਨ ਓਹ ਸਾਰੇ ਝਟਕਾਏ ਉਸ ਨੇ।
ਜਿਹੜੇ ਧਰਤੀ ਤੇ ਬਣੇ ਸਨ ਭਾਰ ਪਾਪੀ, ਉਹ ਸਭ ਕੁੱਤੇ ਦੀ ਮੌਤ ਮਰਵਾਏ ਉਸ ਨੇ।
ਸਵਰਗਾਂ ਜਹੇ ਜੋ ਮਹਿਲ ਸੀ ਬਣੇ ਹੋਏ, ਉਹ ਤਾਂ ਕਾਵਾਂ ਦੇ ਅੱਡੇ ਬਣਾਏ ਉਸ ਨੇ।
ਸਿੱਖ ਰਾਜ ਦੀ ਰੱਖੀ ਸੀ ਨੀਂਹ ਜਿਸ ਨੇ, ਆਪਣੇ ਸਮੇਂ ਦਾ ਹੈਸੀ ਮਹਾਨ ਯੋਧਾ।
ਗੁਰੂ ਸਾਹਿਬ ਦੇ ਨਾਂ ਦਾ ਚਲਾ ਸਿੱਕਾ, ਹੋਇਆ ਪੰਥ ਦੇ ਵਿੱਚ ਪ੍ਰਵਾਨ ਯੋਧਾ।
ਗੁਰਦਾਸ ਨੰਗਲ ਦੀ ਗੜੀ ’ਚ ਘਿਰ ਕੇ ਤੇ, ਪੈ ਗਿਆ ਸੀ ਵਿੱਚ ਇਮਤਿਹਾਨ ਯੋਧਾ।
ਸਾਢੇ ਸੱਤ ਸੋ ਸਾਥੀਆਂ ਨਾਲ ਆਖਰ, ਫੜਿਆ ਗਿਆ ਸੀ ਇਹ ਬਲਵਾਨ ਯੋਧਾ।
ਰੱਖ ਕੇ ਹਾਥੀ ਤੇ, ਲੋਹੇ ਦੇ ਪਿੰਜਰੇ ’ਚ, ਕੈਦ ਕਰ ਲਿਆ ਸੀ ਬੱਬਰ ਸ਼ੇਰ ਓਹਨਾਂ।
ਪੈਰੀਂ ਬੇੜੀਆਂ, ਹੱਥਾਂ ਵਿੱਚ ਹੱਥਕੜੀਆਂ, ਬੰਨ੍ਹਿਆ ਸੰਗਲਾਂ ਨਾਲ ਦਲੇਰ ਓਹਨਾਂ।
ਸਿਰ ਤੇ ਖੜਾ ਸਿਪਾਹੀ ਤਲਵਾਰ ਲੈ ਕੇ, ਲੀਤਾ ਘੇਰ ਸੀ ਚਾਰ ਚੁਫੇਰ ਓਹਨਾਂ।
ਤੱਕ ਰਹੇ ਸਨ ਦੁਨੀਆਂ ਦੇ ਲੋਕ ਸਾਰੇ, ਦਿਨ ਦੀਵੀਂ ਜੋ ਪਾਇਆ ਹਨੇਰ ਓਹਨਾਂ।
ਬੰਦਾ ਸਿੰਘ ਤੇ ਓਸਦੇ ਸਾਥੀਆਂ ਦਾ, ਲੰਘਿਆ ਦਿੱਲੀ ’ਚੋਂ ਇਕ ਜਲੂਸ ਓਦੋਂ।
ਸਿਰ ਸਿੰਘਾਂ ਦੇ ਟੰਗੇ ਸਨ ਨੇਜ਼ਿਆਂ ਤੇ, ਆਈ ਘੜੀ ਸੀ ਬੜੀ ਮਨਹੂਸ ਓੁਦੋਂ।
ਮੌਤ ਕੂਕਦੀ ਸਿਰਾਂ ਤੇ ਤੱਕ ਕੇ ਤੇ, ਹੋਇਆ ਕੋਈ ਵੀ ਨਾ ਮਾਯੂਸ ਓਦੋਂ।
ਨੂਰੀ ਨੂਰ ਕੋਈ ਓਨ੍ਹਾਂ ਦੇ ਚਿਹਰਿਆਂ ਤੇ, ਵੇਖਣ ਵਾਲਿਆਂ ਕੀਤਾ ਮਹਿਸੂਸ ਓਦੋਂ।
ਬੰਦਾ ਸਿੰਘ ਤੇ ਓਸਦੇ ਸਾਥੀਆਂ ਨੂੰ, ਮੁਗਲ ਹਾਕਮਾਂ ਬੜਾ ਬਦਨਾਮ ਕੀਤਾ।
ਲੋਕਾਂ ਸਾਹਵੇਂ ਕੁਤਵਾਲੀ ’ਚੋਂ ਕੱਢ ਕੇ ਤੇ,100-100 ਸਿੰਘਾਂ ਦਾ ਕਤਲੇਆਮ ਕੀਤਾ।
ਲਾਸ਼ਾਂ ਰੁੱਖਾਂ ਦੇ ਨਾਲ ਲਟਕਾ ਦਿੱਤੀਆਂ, ਜ਼ੁਲਮ ਜ਼ਾਲਮਾਂ ਨੇ ਸ਼ਰੇਆਮ ਕੀਤਾ।
ਸਿੰਘਾਂ ਮੌਤ ਕਬੂਲੀ ਸੀ ਖਿੜੇ ਮੱਥੇ, ਐਪਰ ਨਹੀਂ ਕਬੂਲ ਇਸਲਾਮ ਕੀਤਾ।
ਅਣਖੀ ਸ਼ੇਰ ਨੂੰ ਈਨ ਮਨਾਉਣ ਖਾਤਰ, ਓਹਦੇ ਪੁੱਤ ਦਾ ਕਾਲਜਾ ਚੀਰ ਦਿੱਤਾ।
ਫੇਰ ਕੱਢ ਕੇ ਧੜਕਦਾ ਦਿਲ ਉਸਦਾ, ਉਹਦੇ ਮੂੰਹ ’ਚ ਪਾ ਅਖੀਰ ਦਿੱਤਾ।
ਗਰਮ ਜੰਬੂਰਾਂ ਨਾਲ ਬੋਟੀਆਂ ਨੋਚ ਕੇ ਫਿਰ, ਜਿਸਮ ਓਸ ਦਾ ਕਰ ਲੀਰੋ ਲੀਰ ਦਿੱਤਾ।
ਇੱਕ ਇੱਕ ਅੰਗ ਫਿਰ ਕੱਟ ਕੇ ਜ਼ਾਲਮਾਂ ਨੇ, ਟੁਕੜੇ ਟੁਕੜੇ ਸੀ ਕਰ ਸਰੀਰ ਦਿੱਤਾ।
ਕੀਤਾ ਨਹੀਂ ਕਬੂਲ ਇਸਲਾਮ ਉਸ ਨੇ, ਭਾਵੇਂ ਕੀਤਾ ਸੀ ਬੜਾ ਬੇਵੱਸ ਬੰਦਾ।
ਝੂਟੇ ਲੈ ਲੈ ਮੌਤ ਦੀ ਪੀਂਘ ਉੱਤੇ, ਦੁਖੜੇ ਸਹਿ ਰਿਹਾ ਸੀ ਹੱਸ ਹੱਸ ਬੰਦਾ।
ਕਿਵੇਂ ਦੁਸ਼ਮਣਾਂ ਦੇ ਕਰਨੇ ਦੰਦ ਖੱਟੇ, ਜਾਨ ਵਾਰ ਕੇ ਗਿਆ ਸੀ ਦੱਸ ਬੰਦਾ।
ਸਿੱਖੀ ਨਾਲ ਸੁਆਸਾਂ ਨਿਭਾ ‘ਜਾਚਕ’, ਖੱਟ ਗਿਆ ਸੀ ਜੱਗ’ਚ ਜੱਸ ਬੰਦਾ।