ਭਗਤ ਰਵੀਦਾਸ ਜੀ ਸੰਬੰਧੀ ਕਵਿਤਾਵਾਂ
ਭਗਤ ਰਵੀਦਾਸ ਜੀ
ਛੋਟੀ ਉਮਰ ਤੋਂ ਗੰਗਾ ਦੇ ਕੰਢਿਆਂ ਤੇ, ਕੀਤੀ ਪ੍ਰਭੂ ਦੀ ਸਿਫਤ ਸਲਾਹ ਓਨ੍ਹਾਂ।
ਹੱਥੀਂ ਕਿਰਤ ਕਰਕੇ, ਰਹਿਕੇ ਵਿੱਚ ਝੁੱਗੀ, ਗ਼੍ਰਿਹਸਤੀ ਜੀਵਨ ਦਾ ਕੀਤਾ ਨਿਰਬਾਹ ਓਨ੍ਹਾਂ।
ਸਤ ਸੰਤੋਖ ਤਿਆਗ ਦੀ ਸਨ ਮੂਰਤ, ਮੋਹ ਮਾਇਆ ਦੀ ਰੱਖੀ ਨਾ ਚਾਹ ਓਨ੍ਹਾਂ।
ਉੱਚ ਜਾਤੀਏ ਲੋਕਾਂ ਅਭਿਮਾਨੀਆਂ ਦੀ, ਕੀਤੀ ਰਤਾ ਵੀ ਨਾ ਪ੍ਰਵਾਹ ਓਨ੍ਹਾਂ।
ਇਕ ਦਿਨ ਇੱਕ ਮਹਾਤਮਾ ਕਹਿਣ ਲੱਗੇ, ਤੂੰ ਤਾਂ ਬੜਾ ਹੀ ਵੱਡਾ ਵਿਦਵਾਨ ਭਗਤਾ।
ਤੇਰੇ ਦਰਸ਼ਨਾਂ ਨਾਲ ਮਨ ਸ਼ਾਂਤ ਹੋਇਐ, ਤੇਰੇ ਕੋਲ ਏ ਰੱਬੀ ਗਿਆਨ ਭਗਤਾ।
ਮੇਰੇ ਕੋਲ ਅਮੋਲਕ ਹੈ ਇਕ ਪਾਰਸ, ਤੈਨੂੰ ਦੇ ਕੇ ਲੱਗਾ ਹਾਂ ਜਾਣ ਭਗਤਾ।
ਜਿਹਦੀ ਛੋਹ ਨਾਲ ਲੋਹੇ ਤੋਂ ਬਣੂ ਸੋਨਾ, ਖਿੜੇ ਮੱਥੇ ਤੂੰ ਕਰੀਂ ਪ੍ਰਵਾਨ ਭਗਤਾ।
ਕਿਹਾ ਭਗਤ ਰਵੀਦਾਸ ਨੇ ਮੁੱਖ ਵਿੱਚੋਂ, ਕਿਸੇ ਚੀਜ਼ ਦੀ ਕੋਈ ਨਾ ਥੋੜ ਮੈਨੂੰ।
ਹੱਥੀਂ ਕਿਰਤ ਕਰਕੇ ਵੰਡ ਕੇ ਛੱਕ ਰਿਹਾ ਹਾਂ, ਨਹੀਂ ਚਾਹੀਦੇ ਲੱਖਾਂ ਕਰੋੜ ਮੈਨੂੰ।
ਫਸੂੰ ਜੇਸ ਨਾਲ ਮਾਇਆ ਦੇ ਮੋਹ ਅੰਦਰ, ਐਸੇ ਪਾਰਸ ਦੀ ਕੋਈ ਨਾ ਲੋੜ ਮੈਨੂੰ।
ਜੀਹਦੀ ਛੋਹ ਨਾਲ ਮਨਾਂ ਦੀ ਮੈਲ ਲਹਿੰਦੀ, ਪਾਰਸ ਨਾਮ ਦੇ ਨਾਲੋਂ ਨਾ ਤੋੜ ਮੈਨੂੰ।
ਇਕ ਨੁਕਰ ਦੇ ਵਿੱਚ ਸੀ ਰੱਖ ਦਿੱਤਾ, ਬਦੋਬਦੀ ਜਦ ਛੱਡ ਕੇ ਗਿਆ ਸੀ ਉਹ।
ਫੇਰ ਓਸ ਵੱਲ ਪਰਤ ਕੇ ਤੱਕਿਆ ਨਾ, ਵਾਂਗ ਪੱਥਰ ਦੇ ਵੱਟੇ ਦੇ ਪਿਆ ਸੀ ਉਹ।
ਸਮਾਂ ਬੀਤਣ ਤੇ ਸੰਤ ਸੀ ਫੇਰ ਲੰਘੇ, ਪਾਰਸ ਉਨ੍ਹਾਂ ਤੋਂ ਪੁੱਛ ਹੀ ਲਿਆ ਸੀ ਉਹ।
ਘੱਟੇ ਮਿੱਟੀ ਦੇ ਥੱਲੇ ਅਣਗੋਲਿਆ ਹੀ, ਉਸੇ ਨੁਕਰ ਦੇ ਵਿੱਚ ਹੀ ਪਿਆ ਸੀ ਉਹ।
ਜਾਤਾਂ ਪਾਤਾਂ ਦੀ ਖਾਈ ਸੀ ਬਹੁਤ ਡੂੰਘੀ, ਹੋਲੀ ਹੋਲੀ ਮਿਟਾਉਣ ਦਾ ਯਤਨ ਕੀਤਾ।
ਬਿਖਰੇ ਹੋਏ ਸਮਾਜ ਦੇ ਮੋਤੀਆਂ ਨੂੰ, ਇਕੋ ਲੜੀ ਪਰੋਣ ਦਾ ਯਤਨ ਕੀਤਾ।
ਉਚੀ ਜਾਤ ਤੇ ਜਿਹੜੇ ਘੁਮੰਡ ਕਰਦੇ, ਪਿਆਰ ਨਾਲ ਸਮਝੋਣ ਦਾ ਯਤਨ ਕੀਤਾ।
ਵਰਨ ਵੰਡ ਦੇ ਬਖੀਏ ਉਧੇੜ ਕੇ ਤੇ, ਸੱਚਾ ਮਾਰਗ ਵਿਖਾਉਣ ਦਾ ਯਤਨ ਕੀਤਾ।
ਸਦੀਆਂ ਤੋਂ ਲਿਤਾੜਿਆਂ ਬੰਦਿਆਂ ਨੂੰ , ਭਗਤ ਜੀ ਨੇ ਸੀ ਜਥੇਬੰਦ ਕੀਤਾ।
ਸਵੈਮਾਣ ਦੀ ਚੇਤਨਤਾ ਕਰ ਪੈਦਾ, ਦੱਬੇ ਕੁਚਲਿਆਂ ਨੂੰ ਲਾਮਬੰਦ ਕੀਤਾ।
ਆਮ ਲੋਕਾਂ ਤੇ ਜਿਹੜੇ ਸੀ ਜ਼ੁਲਮ ਕਰਦੈ, ਝੰਡਾ ਉਨ੍ਹਾਂ ਖਿਲਾਫ ਬੁਲੰਦ ਕੀਤਾ।
ਜਿਥੇ ਖੁਸ਼ੀਆਂ ਤੇ ਸਦਾ ਹੀ ਰਹਿਣ ਖੇੜੇ, ‘ਬੇਗਮਪੁਰੇ’ ਨੂੰ ਉਨ੍ਹਾਂ ਪਸੰਦ ਕੀਤਾ।
ਐਹੋ ਜਿਹੀ ਉਹ ਰਹਿਣ ਦੀ ਥਾਂ ਹੋਵੇ, ਸੋਚਾਂ, ਚਿੰਤਾ ਤੇ ਜਿਥੇ ਨਾ ਦੁੱਖ ਹੋਵੇ।
ਡਰ ਟੈਕਸ ਜਾਂ ਕਰਾਂ ਦਾ ਨਾ ਹੋਵੇ, ਨਾ ਕੋਈ ਲਾਲਚ ਤੇ ਨਾ ਕੋਈ ਭੁੱਖ ਹੋਵੇ।
ਬੰਦਾ ਬੰਦੇ ਦਾ ਕਰੇ ਸਤਿਕਾਰ ਪੂਰਾ, ਪਰ-ਅਧੀਨ ਨਾ ਕੋਈ ਮਨੁੱਖ ਹੋਵੇ।
ਜੀਵਨ ਜੀਉਣ ਇਹ ਖੁਸ਼ੀ ਦੇ ਨਾਲ ਸਾਰੇ, ਰਹਿਣ ਵਾਲਿਆਂ ਨੂੰ ਸਰਬ ਸੁੱਖ ਹੋਵੇ।
ਮਹਿਮਾਂ ਸੁਣ ਕੇ ਭਗਤ ਰਵੀਦਾਸ ਜੀ ਦੀ, ਦੂਰ ਦੂਰ ਤੋਂ ਲੋਕ ਸੀ ਆਉਣ ਲੱਗੇ।
ਰਾਜਾ ਪੀਪਾ ਤੇ ਨਾਗਰ ਮੱਲ ਵਰਗੇ, ਪਾਵਨ ਚਰਨਾਂ ਤੇ ਸੀਸ ਝੁਕਾਉਣ ਲੱਗੇ।
ਝਾਲਾ ਮਹਾਰਾਣੀ ਤੇ ਮੀਰਾਂ ਬਾਈ ਜੀ ਵੀ, ਸੇਵਕ ਬਣ ਕੇ ਸੇਵਾ ਕਮਾਉਣ ਲੱਗੇ।
ਆਏ ਲੋਕਾਂ ਨੂੰ ‘ਜਾਚਕ’ ਭਗਤ ਜੀ ਵੀ, ਲੜ ਇਕ ਨਿਰੰਕਾਰ ਦੇ ਲਾਉਣ ਲੱਗੇ।
ਹੋ ਗਈ ਪਤੀ ਦੀ ਮੌਤ ਜਦ ਬਹੁਤ ਛੇਤੀ, ਮੀਰਾਂਬਾਈ ਸੀ ਆਈ ਵੈਰਾਗ ਅੰਦਰ।
ਤੁਰ ਪਈ ਦਰਵੇਸ਼ੀ ਦੇ ਰਾਹ ਉੱਤੇ, ਪਤਝੜ ਤੱਕ ਗ੍ਰਿਹਸਤ ਦੇ ਬਾਗ ਅੰਦਰ।
ਕੀਤੇ ਭਗਤ ਰਵੀਦਾਸ ਦੇ ਜਦੋਂ ਦਰਸ਼ਨ, ਲੱਗਗਈ ਸੀ, ਉਸਦੇ ਜਾਗ ਅੰਦਰ।
ਬਣ ਗਈ ਧੀਰਜ ਤੇ ਧਰਮ ਦੀ ਮੂਰਤੀ ਸੀ, ਜਗ ਮਗ ਜਗ ਪਿਆ ਰੱਬੀ ਚਿਰਾਗ ਅੰਦਰ।
ਮੁੱਖੋਂ ਭਗਤ ਰਵੀਦਾਸ ਜੋ ਉਚਰੀ ਸੀ, ਧੁਰੋਂ ਭੇਜੀ ਸੀ ਆਪ ਨਿਰੰਕਾਰ ਬਾਣੀ।
ਗੁਰੂ ਨਾਨਕ ਬਨਾਰਸ ਨੂੰ ਗਏ ਸੀ ਜਦ, ਕੱਠੀ ਕੀਤੀ ਸੀ ਨਾਲ ਸਤਿਕਾਰ ਬਾਣੀ।
ਪੰਚਮ ਪਾਤਸ਼ਾਹ ਗੁਰੂ ਗ੍ਰੰਥ ਅੰਦਰ, ਸ਼ਾਮਲ ਕੀਤੀ ਸੀ ਅੰਮ੍ਰਿਤਧਾਰ ਬਾਣੀ।
ਸੋਲਾਂ ਰਾਗਾਂ’ਚ ਚਾਲੀ ਨੇ ਸ਼ਬਦ ਸੋਂਹਦੇ, ਮਹਿਕਾਂ ਵੰਡ ਰਹੀ ਵਿੱਚ ਸੰਸਾਰ ਬਾਣੀ।