ਸਾਹਿਬਜ਼ਾਦਾ ਫਤਹਿ ਸਿੰਘ ਸੰਬੰਧੀ ਕਵਿਤਾਵਾਂ
ਸਾਹਿਬਜ਼ਾਦਾ ਫਤਹਿ ਸਿੰਘ
ਧੰਨ ਧੰਨ ਅਨੰਦਪੁਰ ਧੰਨ ਹੋਇਆ, ਦਸਮ ਪਿਤਾ ਦੇ ਘਰ ਫਰਜ਼ੰਦ ਆਇਆ।
ਚਿਹਰੇ ਉੱਤੇ ਜਲਾਲ ਸੀ ਕੋਈ ਨੂਰੀ, ਮਾਨੋ ਧਰਤੀ ਤੇ ਚੱਲ ਕੇ ਚੰਦ ਆਇਆ।
ਜੀਹਨੇ ਤੱਕਿਆ, ਤੱਕਦਾ ਰਹਿ ਗਿਆ ਸੀ, ਧੁਰ ਅੰਦਰੋਂ ਕੋਈ ਅਨੰਦ ਆਇਆ।
ਛੋਟਾ ਲਾਡਲਾ ਫੁੱਲ ਦਸ਼ਮੇਸ਼ ਜੀ ਦਾ, ਵੰਡਣ ਵਿੱਚ ਸੰਸਾਰ ਸੁਗੰਧ ਆਇਆ।
ਪਾਵਨ ਪੁਰੀ ਅਨੰਦ ਤੋਂ ਵਿਦਾ ਲੈ ਕੇ, ਜਦੋਂ ਨੀਲੇ ਦਾ ਸ਼ਾਹ-ਸਵਾਰ ਗਿਆ।
ਠਾਠਾਂ ਮਾਰਦੀ ਸਰਸਾ ਦੀ ਨਦੀ ਕੰਢੇ, ਕਲਗੀ ਵਾਲੇ ਦਾ ਬਿਖ਼ਰ ਪਰਿਵਾਰ ਗਿਆ।
ਫਤਹਿ ਸਿੰਘ ਤੇ ਜ਼ੋਰਾਵਰ ਨਾਲ ਦਾਦੀ, ਦਸਮ ਪਿਤਾ ਨਾਲ ’ਜੀਤ ਜੁਝਾਰ ਗਿਆ।
ਇਹੋ ਜਿਹੀ ਅਣਹੋਣੀ ਕੋਈ ਵਾਪਰੀ ਸੀ, ਕੋਈ ਆਰ ਗਿਆ ਤੇ ਕੋਈ ਪਾਰ ਗਿਆ।
ਠੰਡੇ ਬੁਰਜ ਅੰਦਰ, ਠੰਡੀ ਥਾਂ ਉੱਤੇ, ਠੰਡੀ ਠਾਰ ਗੁਜਾਰੀ, ਹਰ ਰਾਤ ਗੁਜਰੀ।
ਸਮਾਂ ਬੜਾ ਹੀ ਮਾੜਾ ਹੈ ਆਉਣ ਵਾਲਾ, ਸਾਹਵੇਂ ਤੱਕੇ ਸਨ ਸਾਰੇ ਹਾਲਾਤ ਗੁਜਰੀ।
ਆਪਣੇ ਪੁੱਤ ਦੇ ਜਿਗਰ ਦੇ ਟੁਕੜਿਆਂ ਨੂੰ, ਸਮੇਂ ਸਮੇਂ ਸਮਝਾਈ ਹਰ ਬਾਤ ਗੁਜਰੀ।
ਲਾਡ ਰਹੀ ਲੁਡਾਉਂਦੀ ਸੀ ਪੋਤਿਆਂ ਨੂੰ, ਮਾਂ ਦੀ ਮਮਤਾ ਦੀ ਮੂਰਤ ਸੀ ਮਾਤ ਗੁਜਰੀ।
ਭੋਲੇ ਭਾਲੇ ਤੇ ਸਨ ਮਾਸੂਮ ਬਾਲਕ, ਫਤਹਿ ਸਿੰਘ ਅਤੇ ਜ਼ੋਰਾਵਰ ਦੋਵੇਂ।
ਸੀਨਾ ਤਾਣ ਕੇ ਖੜ੍ਹ ਗਏ ਨੀਂਹ ਅੰਦਰ, ਸੀਸ ਤਲੀ ’ਤੇ ਆਪਣੇ ਧਰ ਦੋਵੇਂ।
ਜਬਰ ਜ਼ੁਲਮ ਤੇ ਧਾਰਮਿਕ ਹੱਲ ਵਾਲੀ, ਜਰ ਗਏ ਸਨ ਪੀੜ ਅਜੱਰ ਦੋਵੇਂ।
ਲਿਖਦੇ ਲਿਖਦਿਆਂ ਸਾਕਾ ਸਰਹੰਦ ਵਾਲਾ, ਨੈਣ ਹੋ ਗਏ ‘ਜਾਚਕ’ ਦੇ ਤਰ ਦੋਵੇਂ।
ਬਾਲ ਉਮਰ ’ਚ ਫਤਹਿ ਸਿੰਘ ਸਾਹਿਬਜ਼ਾਦਾ, ਅੱਗ ਅਣਖ ਦੀ ਗਿਆ ਸੀ ਬਾਲ ਸੋਹਣਾ।
ਖੇਡਾਂ ਖੇਡਦਾ ਖੇਡਦਾ ਖੇਡ ਗਿਆ, ਆਖਰ ਮੌਤ ਮਰਜਾਣੀ ਦੇ ਨਾਲ ਸੋਹਣਾ।
ਫਤਹਿ ਸਿੰਘ ਦੇ ਫਤਹਿ ਨੇ ਕਦਮ ਚੁੰਮੇ, ਫਤਹਿ ਪਾ ਗਿਆ, ਫਤਹਿ ਸਿੰਘ ਲਾਲ ਸੋਹਣਾ।
ਦਾਦੇ ਗੁਰੂ ਦੀ ਗੋਦ ਵਿੱਚ ਜਾ ਬੈਠਾ, ਕਲਗੀਧਰ ਦਾ ਨੌ-ਨਿਹਾਲ ਸੋਹਣਾ।