ਭਾਈ ਬਚਿੱਤਰ ਸਿੰਘ ਜੀ ਸੰਬੰਧੀ ਕਵਿਤਾਵਾਂ
ਭਾਈ ਬਚਿੱਤਰ ਸਿੰਘ ਜੀ
ਸੀ ਬਚਿੱਤਰ ਸਿੰਘ ਬੜਾ ਮਹਾਨ ਯੋਧਾ, ਰਹਿੰਦਾ ਗੁਰੂ ਦਸ਼ਮੇਸ਼ ਦੇ ਨਾਲ ਹੈਸੀ।
ਅਲੀਪੁਰ ਸੁਆਲੀ ਵਿੱਚ ਜਨਮ ਹੋਇਆ, ਮਨੀ ਸਿੰਘ ਦਾ ਲਾਡਲਾ ਲਾਲ ਹੈਸੀ।
ਵਿਰਸੇ ਵਿੱਚ ਹੀ ਮਿਲੀ ਬਹਾਦਰੀ ਸੀ, ਰਿਹਾ ਖੇਡਦਾ ਖਤਰਿਆਂ ਨਾਲ ਹੈਸੀ।
ਜਦੋਂ ਜਦੋਂ ਵੀ ਕੋਈ ਸੀ ਯੁੱਧ ਹੁੰਦਾ, ਓਦੋਂ ਯੁੱਧਾਂ ਵਿੱਚ ਕਰਦਾ ਕਮਾਲ ਹੈਸੀ।
ਸੋਚ ਸਮਝ ਪਹਾੜ ਦੇ ਰਾਜਿਆਂ ਨੇ, ਅਨੰਦਪੁਰ ਤੇ ਕੀਤੀ ਚੜ੍ਹਾਈ ਹੈਸੀ।
ਭੀਮ ਚੰਦ ਤੇ ਰਾਜੇ ਕਹਿਲੂਰੀਏ ਨੇ, ਮੁਗਲ ਸੈਨਾ ਵੀ ਓਥੇ ਬੁਲਾਈ ਹੈਸੀ।
ਚਾਰੇ ਪਾਸੇ ਤੋਂ ਓਨ੍ਹਾਂ ਨੇ ਪਾ ਘੇਰਾ, ਕਬਜਾ ਕਰਨ ਦੀ ਵਿਉਂਤ ਬਨਾਈ ਹੈਸੀ।
ਐਪਰ ਕਿਲੇ ਤੇ ਕਬਜਾ ਨਾ ਕਰ ਸਕੇ, ਪੂਰੀ ਵਾਹ ਭਾਵੇਂ ਓਨ੍ਹਾਂ ਲਾਈ ਹੈਸੀ।
ਜਦੋਂ ਓਨਾਂ ਦੀ ਗਲੀ ਨਾ ਦਾਲ ਕੋਈ, ਮਸਤ ਹਾਥੀ ਮੰਗਵਾਇਆ ਸੀ ਓਸ ਵੇਲੇ।
ਓਹਦੇ ਮੱਥੇ ਤੇ ਬੰਨ੍ਹ ਕੇ ਸੱਤ ਤਵੀਆਂ, ਲੋਹੇ ਨਾਲ ਮੜ੍ਹਵਾਇਆ ਸੀ ਓਸ ਵੇਲੇ।
ਨਾਲ ਤੋਰ ਕੇ ਓਨ੍ਹਾਂ ਬੇਅੰਤ ਫੌਜਾਂ, ਕਿਲੇ ਵੱਲ ਭਿਜਵਾਇਆ ਸੀ ਓਸ ਵੇਲੇ।
ਤੋੜਨ ਲਈ ਦਰਵਾਜਾ ਤਦ ਕਿਲੇ ਵਾਲਾ, ਲੋਹਗੜ੍ਹ ਵੱਲ ਧਾਇਆ ਸੀ ਓਸ ਵੇਲੇ।
ਏਸ ਬਾਰੇ ਜਦ ਸੂਹੀਏ ਨੇ ਖਬਰ ਦਿੱਤੀ, ਗੁਰਾਂ ਸਿੰਘਾਂ ਦੇ ਨਾਲ ਵਿਚਾਰ ਕੀਤਾ।
ਬੱਬਰ ਸ਼ੇਰ ਕੋਈ ਹਾਥੀ ਨੂੰ ਮਾਤ ਪਾਵੇ, ਏਸ ਗੱਲ ਨੂੰ ਦਿਲ ਵਿੱਚ ਧਾਰ ਕੀਤਾ।
ਇਕ ਸਿੰਘ ਤੇ ਜਾ ਕੇ ਨਜਰ ਟਿਕ ਗਈ, ਹੱਥ ਓਸ ਵੱਲ ਦਸਮ ਦਾਤਾਰ ਕੀਤਾ।
ਮਸਤ ਹਾਥੀ ਦੀਆਂ ਮਸਤੀਆਂ ਲਾਹੁਣ ਦੇ ਲਈ, ਬਚਿੱਤਰ ਸਿੰਘ ਨੂੰ ਗੁਰਾਂ ਤਿਆਰ ਕੀਤਾ।
ਲੈ ਕੇ ਥਾਪੜਾ ਗੁਰੂ ਦਸ਼ਮੇਸ਼ ਜੀ ਤੋਂ, ਹੋ ਗਿਆ ਘੋੜੇ ਦੇ ਉਤੇ ਸੁਆਰ ਯੋਧਾ।
ਦਸਮ ਪਿਤਾ ਨੇ ਨਾਗਣੀ ਬਖਸ਼ ਕੇ ਤੇ,ਆਪਣੇ ਹੱਥੀਂ ਸੀ ਕੀਤਾ ਤਿਆਰ ਯੋਧਾ।
ਛੋਟਾ ਕੱਦ ਪਰ ਜਜ਼ਬਾ ਸੀ ਬਹੁਤ ਵੱਡਾ, ਦਸਮ ਪਿਤਾ ਦਾ ਬਾਂਕਾ ਬਲਕਾਰ ਯੋਧਾ।
ਮੱਥਾ ਲਾਉਣ ਲਈ ਪਰਬਤ ਦੇ ਨਾਲ ਓਦੋਂ, ਚੱਲ ਪਿਆ ਸੀ ਕਰਨ ਲਈ ਵਾਰ ਯੋਧਾ।
ਹਾਥੀ ਜਿਵੇਂ ਦਰਵਾਜੇ ਦੇ ਕੋਲ ਆਇਆ, ਡੱਟ ਗਿਆ ਬਚਿੱਤਰ ਸਿੰਘ ਜਾ ਕੇ ਤੇ।
ਮੱਥਾ ਮੌਤ ਦੇ ਨਾਲ ਸੀ ਲਾਉਣ ਲੱਗਾ, ਡਰ ਮੌਤ ਦਾ ਮਨੋਂ ਭੁਲਾ ਕੇ ਤੇ।
ਹਾਥੀ ਜਿਵੇਂ ਹੀ ਟੱਕਰ ਸੀ ਲਾਉਣ ਲੱਗਾ, ਮਾਰੀ ਨਾਗਣੀ, ਤਾਕਤ ਲਗਾ ਕੇ ਤੇ।
ਸੱਤ ਤਵੀਆਂ ਨੂੰ ਚੀਰਦੀ ਹੋਈ ਓਹ ਤਾਂ, ਸਿੱਧੀ ਮੱਥੇ ਵਿੱਚ ਖੁੱਭੀ ਸੀ ਜਾ ਕੇ ਤੇ।
ਗਹਿਰੀ ਸੱਟ ਨੂੰ ਖਾ ਕੇ ਮਸਤ ਹਾਥੀ, ਪਿੱਛੇ ਵੱਲ ਨੂੰ ਭੱਜਿਆ ਜਾ ਰਿਹਾ ਸੀ।
ਮਿਧ ਮਿਧ ਕੇ ਆਪਣੀ ਫੌਜ ਤਾਈਂ, ਓਨ੍ਹਾਂ ਦੀਆਂ ਵੀ ਚੀਕਾਂ ਕਢਵਾ ਰਿਹਾ ਸੀ।
ਅੱਗੇ ਅੱਗੇ ਪਹਾੜੀਏ ਭੱਜ ਰਹੇ ਸੀ, ਸਿਰ ਤੇ ਪੈਰ ਰੱਖ ਕੇ ਹਰ ਕੋਈ ਜਾ ਰਿਹਾ ਸੀ।
ਟੁੱਟ ਗਏ ਸਨ ਦਿਲ ਪਹਾੜੀਆਂ ਦੇ, ਨਾਲੇ ਹੌਸਲਾ ਟੁੱਟਦਾ ਜਾ ਰਿਹਾ ਸੀ।
ਆ ਕੇ ਜੋਸ਼ ਦੇ ਵਿੱਚ ਦਸ਼ਮੇਸ਼ ਦੂਲਾ, ਬਚਿੱਤਰ ਸਿੰਘ ਜੈਕਾਰੇ ਗਜਾ ਰਿਹਾ ਸੀ।
ਓਸੇ ਵੇਲੇ ਹੀ ਉਦੈ ਸਿੰਘ ਰਣ ਅੰਦਰ, ਵੱਲ ਕੇਸਰੀ ਚੰਦ ਦੇ ਆ ਰਿਹਾ ਸੀ।
ਓਹਦੇ ਧੜ ਤੋਂ ਓਸਦਾ ਸਿਰ ਲਾਹ ਕੇ, ਉਚੀ ਉਚੀ ਜੈਕਾਰੇ ਗਜਾ ਰਿਹਾ ਸੀ।
ਦਸਮ ਪਿਤਾ ਵੀ ਖੁਸ਼ੀ ਵਿੱਚ ਯੋਧਿਆਂ ਨੂੰ, ਆਪਣੇ ਸੀਨੇ ਦੇ ਨਾਲ ਲਗਾ ਰਿਹਾ ਸੀ।
ਸਰਸਾ ਨਦੀ ਦੇ ਕੋਲ ਜਦ ਜੰਗ ਹੋਈ, ਓਥੇ ਜੂਝਿਆ ਮਰਦ ਦਲੇਰ ਯੋਧਾ।
ਲੜਦੇ ਲੜਦਿਆਂ ਰਣ ਮੈਦਾਨ ਅੰਦਰ, ‘ਜਾਚਕ’ ਕਰ ਗਿਆ ਕਈਆਂ ਨੂੰ ਢੇਰ ਯੋਧਾ।
ਆਖਰ ਹੋ ਗਿਆ ਆਪ ਵੀ ਸਖਤ ਜਖਮੀਂ, ਲੈ ਆਏ ਸਨ ਕੋਟਲੇ ਫੇਰ ਯੋਧਾ।
ਕਰ ਗਿਆ ਚਲਾਣਾ ਸੀ ਓਸ ਥਾਂ ਤੇ, ਕੁਝ ਸਮੇਂ ਪਿੱਛੋਂ ਜਖਮੀਂ ਸ਼ੇਰ ਯੋਧਾ।