Home » ਗੁਰਸਿੱਖਾਂ ਸੰਬੰਧੀ ਕਵਿਤਾਵਾਂ » ਭਾਈ ਮਹਾਂ ਸਿੰਘ ਜੀ ਸੰਬੰਧੀ ਕਵਿਤਾਵਾਂ

ਭਾਈ ਮਹਾਂ ਸਿੰਘ ਜੀ ਸੰਬੰਧੀ ਕਵਿਤਾਵਾਂ

by Dr. Hari Singh Jachak
Poems Bhai Maha Singh Ji

ਭਾਈ ਮਹਾਂ ਸਿੰਘ ਜੀ ਸੰਬੰਧੀ ਕਵਿਤਾਵਾਂ

ਭਾਈ ਮਹਾਂ ਸਿੰਘ

ਘੇਰਾ ਕਿਲੇ ਨੂੰ ਪਾ ਕੇ ਚੌਹੀਂ ਪਾਸੀਂ, ਦੁਸ਼ਮਣ ਆਪਣਾ ਜਾਲ ਵਿਛਾ ਰਹੇ ਸੀ।

ਹੋ ਗਏ ਲੰਗਰ ਵੀ ਮਸਤ ਸਨ ਖਾਲਸੇ ਦੇ, ਪੱਤੇ ਖਾ ਖਾ ਝੱਟ ਲੰਘਾ ਰਹੇ ਸੀ।

ਕਹਿੰਦੇ ਭੁੱਖ ਦਾ ਹੁੰਦਾ ਏ ਦੁੱਖ ਡਾਢਾ, ਭੁੱਖਣ ਭਾਣੇ ਹੀ ਦਿਨ ਬਿਤਾ ਰਹੇ ਸੀ।

ਅਨੰਦਪੁਰੀ ’ਚ ਰੌਣਕਾਂ ਖਤਮ ਹੋਈਆਂ, ਸਿੰਘ ਭਾਣੇ ਨੂੰ ਮਿੱਠਾ ਮਨਾ ਰਹੇ ਸੀ।

 

ਧੋਖਾ ਦੇਣ ਲਈ ਦੁਸ਼ਮਣਾਂ ਚਾਲ ਚੱਲੀ, ਪਾਵਨ ਪੁਰੀ ਨੂੰ ਖਾਲੀ ਕਰਾਉਣ ਖ਼ਾਤਰ।

ਪੰਡਤ ਗਊ ਤੇ ਸੱਯਦ ਕੁਰਾਨ ਲੈ ਕੇ, ਆਏ ਇਹ ਵਿਸ਼ਵਾਸ ਦੁਆਉਣ ਖ਼ਾਤਰ।

ਵੈਰ ਤੁਸਾਂ ਲਈ ਰਤਾ ਨਹੀਂ ਦਿਲ ਸਾਡੇ, ਨਿਕਲੋ ਕਿਲ੍ਹੇ ’ਚੋਂ ਇਹ ਅਜਮਾਉਣ ਖ਼ਾਤਰ।

ਖਾਲੀ ’ਪੁਰੀ ਅਨੰਦ ਨੂੰ ਕਰੋ ਸਤਿਗੁਰ, ਵਿੱਚ ਜੰਗ ਦੇ ਅਮਨ ਲਿਆਉਣ ਖ਼ਾਤਰ।

 

ਕਈਆਂ ਸਿੰਘਾਂ ਨੇ ਆਖਿਆ ਗੁਰੂ ਜੀ ਨੂੰ, ਸਮਾਂ ਦੁੱਖਾਂ ਦਾ ਗਿਆ ਏ ਆ ਦਾਤਾ।

ਲੱਭੇ ਅੰਨ ਨਾ ਬਣੀ ਏ ਜਾਨ ਤਾਂਈਂ, ਕਈ ਭੁੱਖ ਨੇ ਲਏ ਨੇ ਖਾ ਦਾਤਾ।

ਚਾਰੇ ਪਾਸੇ ਤੋਂ ਦੁਸ਼ਟਾਂ ਨੇ ਘੇਰਿਆ ਏ, ਭੁੱਖੇ ਲੜਨ ਦੀ ਰਹੀ ਨਹੀਂ ਵਾਹ ਦਾਤਾ।

ਛੱਡ ਕੇ ਪੁਰੀ ਅਨੰਦ ਹੁਣ ਚਲੇ ਚਲੀਏ, ਇਕ ਪਲ ਵੀ ਦੇਰ ਨਾ ਲਾ ਦਾਤਾ।

 

ਕਿਹਾ ਗੁਰਾਂ ਨੇ ਕਸਮਾਂ ਇਹ ਝੂਠੀਆਂ ਨੇ, ਸਮਝੋ ਦੁਸ਼ਮਣਾਂ ਦੀ ਤੁਸੀਂ ਚਾਲ ਸਿੰਘੋ।

ਸਮਾਂ ਆਉਣ ’ਤੇ ਪੁਰੀ ਨੂੰ ਛੱਡ ਦਿਆਂਗੇ, ਕਰੋ ਬਹੁਤੇ ਨਾ ਮੈਨੂੰ ਸੁਆਲ ਸਿੰਘੋ।

ਫਸ ਜਾਉਗੇ ਨਿਕਲਦੇ ਸਾਰ ਏਥੋਂ, ਬੁਣਿਆ ਵੈਰੀ ਨੇ ਜਿਹੜਾ ਏ ਜਾਲ ਸਿੰਘੋ।

ਸਾਡੀ ਟੇਕ ਹੈ ਸਿਰਫ਼ ਅਕਾਲ ਉੱਤੇ, ਰਾਖੀ ਕਰੇਗਾ ਆਪ ਅਕਾਲ ਸਿੰਘੋ।

 

ਮਾਰੇ ਭੁੱਖ ਦੇ ਦੁੱਖ ਦੇ ਸਿੰਘ ਚਾਲੀ, ਦੇ ਕੇ ਅੱਜ ਬੇਦਾਵਾ ਉਹ ਜਾ ਰਹੇ ਨੇ।

ਰਣ ਵਿੱਚ ਮੌਤ ਨੂੰ ਮਸ਼ਕਰੀ ਕਰਨ ਵਾਲੇ, ਖੌਫ ਮੌਤ ਮਰਜਾਣੀ ਦਾ ਖਾ ਰਹੇ ਨੇ।

ਆਪ ਢਹਿੰਦੀਆਂ ਕਲਾਂ ’ਚ ਜਾ ਰਹੇ ਨੇ, ਬਾਕੀ ਸਿੰਘਾਂ ਦੇ ਹੌਂਸਲੇ ਢਾਹ ਰਹੇ ਨੇ।

ਚਾਰ ਚੰਨ ਇਤਿਹਾਸ ਨੂੰ ਲਾਉਣ ਵਾਲੇ, ਵੇਖੋ ਦਾਗ ਇਤਿਹਾਸ ਨੂੰ ਲਾ ਰਹੇ ਨੇ।

 

ਘਰ ਪਹੁੰਚਣ ਤੇ ਇਨ੍ਹਾਂ ‘ਭਗੋੜਿਆਂ’ ਨੂੰ, ਮਿਹਣੇ ਮਾਰੇ ਸਨ ਇਨ੍ਹਾਂ ਦੀਆਂ ਨਾਰੀਆਂ ਨੇ।

ਅੰਮ੍ਰਿਤ ਛੱਕ ਕੇ ਖੰਡੇ ਦੀ ਧਾਰ ਵਾਲਾ, ਜਾਨਾਂ ਕੀਤੀਆਂ ਕਿਉਂ ਪਿਆਰੀਆਂ ਨੇ।

ਸਾਹਵੇਂ ਮੌਤ ਮਰਜਾਣੀ ਨੂੰ ਤੱਕ ਕੇ ਤੇ, ਛੱਡ ਦਿੱਤੀਆਂ ਤੁਸਾਂ ਸਰਦਾਰੀਆਂ ਨੇ।

ਵੰਗਾਂ ਹੱਥਾਂ ’ਚ ਪਾਉ ਤੇ ਲਉ ਚੁੰਨੀਆਂ, ਕਾਹਨੂੰ ਸਿਰਾਂ ’ਤੇ ਪੱਗਾਂ ਸੁਆਰੀਆਂ ਨੇ।

 

ਕਿਹਾ ਲੋਕਾਂ ਨੇ ਰੋਹ ’ਚ ਮਹਾਂ ਸਿੰਘਾ, ਬੇੜਾ ਮੁਢੋਂ ਹੀ ਤੂੰ ਤਾਂ ਰੋਹੜ ਆਇਐਂ।

ਆਪਣੇ ਹੱਥੀਂ ਬੇਦਾਵਾ ਤੂੰ ਦੇ ਕੇ ਤੇ, ਮੁੱਖ ਗੁਰੂ ਤੋਂ ਸਦਾ ਲਈ ਮੋੜ ਆਇਐਂ।

ਆਈ ਜਦੋਂ ਸੀ ਬਿਪਤਾ ਦੀ ਘੜੀ ਸਿਰ ’ਤੇ, ਉਦੋਂ ਗੁਰੂ ਦਾ ਸਾਥ ਤੂੰ ਛੋੜ ਆਇਐਂ।

ਜਿਹੜੇ ਗੁਰੂ ਨੇ ਤੈਨੂੰ ਸੀ ਮਾਣ ਦਿੱਤਾ, ਉਸੇ ਗੁਰੂ ਦਾ ਮਾਣ ਤੂੰ ਤੋੜ ਆਇਐਂ।

 

ਮਾਈ ਭਾਗੋ ਨੇ ਕਿਹਾ ਸੀ ਜਥੇਦਾਰਾ, ਦੁੱਖ ਭੁੱਖ ਦੇ ਉਥੇ ਹੀ ਜਰ ਜਾਂਦਾ।

ਬਿਖੜੇ ਸਮੇਂ ’ਚ ਗੁਰੂ ਦਾ ਸਾਥ ਦੇ ਕੇ, ਸਿੱਖੀ ਸਿਦਕ ਦੇ ਸਾਗਰ ਨੂੰ ਤਰ ਜਾਂਦਾ।

ਸਾਹਿਬਜ਼ਾਦਿਆਂ ਨਾਲ ਹੀ ਮਹਾਂ ਸਿੰਘਾ, ਭੇਟਾ ਆਪਣਾ ਆਪ ਤੂੰ ਕਰ ਜਾਂਦਾ।

ਜੇਕਰ ਜੀਉਣਾ ਸੀ ਜਿਉਂਦਾ ਤੂੰ ਅਣਖ ਦੇ ਨਾਲ, ਨਹੀਂ ਤੇ ਸੂਰਮੇ ਦੀ ਮੌਤ ਮਰ ਜਾਂਦਾ।

 

ਅੱਖਾਂ ਵਿੱਚੋਂ ਪਛਤਾਵੇ ਦੇ ਵਗੇ ਹੰਝੂ, ਝੁਕਿਆ ਸਿਰ ਓਹਦਾ, ਸ਼ਰਮ ਨਾਲ ਹੈਸੀ।

ਧੋਣ ਲਈ ਬੇਮੁੱਖੀ ਦਾ ਦਾਗ ਮੁੱਖ ਤੋਂ, ਉਹਦੇ ਸੀਨੇ ’ਚ ਉੱਠੇ ਭੁਚਾਲ ਹੈਸੀ।

ਆਪਣੀ ਟੁੱਟੀ ਗੰਢਵਾਉਣ ਲਈ ਉਸ ਵੇਲੇ, ਹੋ ਰਿਹਾ ਉਹ ਹਾਲੋਂ ਬੇਹਾਲ ਹੈਸੀ।

ਭੁਲਿਆ ਸੁਭ੍ਹਾ ਦਾ ਸ਼ਾਮ ਨੂੰ ਘਰ ਆਇਆ, ਕਲਗੀਧਰ ਦਾ ਨੌਨਿਹਾਲ ਹੈਸੀ।

 

ਸੁੱਤੇ ਸ਼ੇਰ ਦੀ ਸੁੱਤੀ ਹੋਈ ਅਣਖ ਜਾਗੀ, ਉਹਨੇ ਸਾਥੀਆਂ ਤਾਂਈਂ ਵੰਗਾਰਿਆ ਸੀ।

ਕੱਠੇ ਕਰ ਮਝੈਲ ਬਹਾਦਰਾਂ ਨੂੰ, ਜਾ ਕੇ ਦੁਸ਼ਮਣਾਂ ਤਾਂਈਂ ਲਲਕਾਰਿਆ ਸੀ।

ਮੁਕਤਸਰ ਦੇ ਜੰਗ ਮੈਦਾਨ ਅੰਦਰ, ਚੁਣ ਚੁਣ ਕੇ ਵੈਰੀ ਨੂੰ ਮਾਰਿਆ ਸੀ।

ਬਲਦੀ ਸ਼ਮਾਂ ਤੇ ਸੜ ਪਰਵਾਨਿਆਂ ਨੇ, ਲੱਗੇ ਧੱਬੇ ਦੇ ਤਾਈਂ ਉਤਾਰਿਆ ਸੀ।

 

ਦਿਨੇ ਤੁਰਕਾਂ ਨੂੰ ਤਾਰੇ ਵਿਖਾਏ ਉਨ੍ਹਾਂ, ਛੱਡੇ ਗੋਲੀਆਂ ਸਾਹਵੇਂ ਸੀ ਤੀਰ ਭਾਂਵੇਂ।

ਚੜ੍ਹੀ ਲੋਥ ’ਤੇ ਲੋਥ ਸੀ ਦੁਸ਼ਮਣਾਂ ਦੀ, ਜ਼ਖ਼ਮੀ ਹੋਏ ਦਸਮੇਸ਼ ਦੇ ਬੀਰ ਭਾਂਵੇਂ।

ਲਾਲ ਚਿਹਰੇ ਸਨ ਟਹਿਕਦੀ ਅੱਗ ਵਾਗੂੰ, ਛਲਣੀ ਛਲਣੀ ਸੀ ਹੋਏ ਸਰੀਰ ਭਾਂਵੇਂ।

ਵੈਰੀ ਭੱਜ ਗਏ, ਸਿਰਾਂ ’ਤੇ ਪੈਰ ਰੱਖ ਕੇ, ਚਾਲੇ ਪਾ ਗਏ ਸਿੰਘ ਅਖੀਰ ਭਾਂਵੇਂ।

 

ਕਲਗੀਧਰ ਨੂੰ ਤੱਕ ਸਰੂਰ ਆਇਆ, ਉਤਰ ਟਿਬੀਉਂ ਦੇਣ ਪਿਆਰ ਲੱਗੇ।

ਆਪਣੀ ਗੋਦ ਵਿਚ ਉਨ੍ਹਾਂ ਦੇ ਸਿਰ ਰੱਖ ਕੇ, ਵਾਰੋ ਵਾਰੀ ਸਨ ਕਰਨ ਦੀਦਾਰ ਲੱਗੇ।

ਸੁੱਤੇ ਸਦਾ ਦੀ ਨੀਂਦ ਬਹਾਦਰਾਂ ’ਚੋਂ, ਕੋਈ ਅਜੀਤ ਲੱਗੇ ਕੋਈ ਜੁਝਾਰ ਲੱਗੇ।

ਕੋਈ ਪੰਜ ਹਜ਼ਾਰੀ, ਕੋਈ ਦਸ ਹਜ਼ਾਰੀ, ਬਖਸ਼ਣ ਮੁਕਤੀਆਂ ਸਨ ਕਲਗੀਧਾਰ ਲੱਗੇ।

 

ਮਹਾਂ ਸਿੰਘ ਦਾ ਗੋਦ ’ਚ ਸਿਰ ਰੱਖ ਕੇ, ਕਹਿਣ ਲੱਗੇ ਮੈਂ ਅੱਜ ਨਿਹਾਲ ਹੋਇਆ।

ਤੁਸੀਂ ਸੀਸ ਦੇ ਕੇ ਮੇਰੇ ਲਾਲ ਬਣ ਗਏ, ਵੇਖੋ ਕਿਸ ਤਰ੍ਹਾਂ ਮੈਂ ਮਾਲੋਮਾਲ ਹੋਇਆ।

ਤੁਸੀਂ ਮੇਰੇ ਲਈ ਜਾਨਾਂ ’ਤੇ ਖੇਲ ਗਏ ਓ, ਕਰਜ਼ਦਾਰ ਮੇਰਾ ਵਾਲ ਵਾਲ ਹੋਇਆ।

ਅੱਖਾਂ ਖੋਲ੍ਹ ਕੇ ਖੁਲ੍ਹ ਕੇ ਮੰਗ ਮੈਥੋਂ, ਗੁਰੂ ਤੇਰੇ ’ਤੇ ਅੱਜ ਦਇਆਲ ਹੋਇਆ।

 

ਫਰਕੇ ਬੁਲ੍ਹ ਤੇ ਮਹਾਂ ਸਿੰਘ ਕਿਹਾ ਮੁੱਖੋਂ, ਮੈਨੂੰ ਬਖਸ਼ ਦੇਵੋ, ਬਖਸ਼ਨਹਾਰ ਦਾਤਾ।

ਤੇਰੇ ਚਰਨਾਂ ਦੇ ਵਿੱਚ ਅਰਜੋਈ ਮੇਰੀ, ਕਰੋ ਮੇਰੇ ’ਤੇ ਇਕੋ ਉਪਕਾਰ ਦਾਤਾ।

ਫਸੇ ਹੋਏ ਨੇ ਆਖਰੀ ਸਾਹ ਬਾਕੀ, ਉਸ ਬੇਦਾਵੇ ਤੇ ਮੇਰੇ ਵਿਚਕਾਰ ਦਾਤਾ।

ਟੁੱਟੀ ਗੰਢੋ ਬੇਦਾਵੇ ਦਾ ਫਾੜ ਕਾਗਜ, ਟੁਕੜੇ ਕਰ ਦਿਉ ਓਸਦੇ ਚਾਰ ਦਾਤਾ।

 

ਦਾਤੇ ਆਖਿਆ ਵਜਦ ਦੇ ਵਿੱਚ ਆ ਕੇ, ਤੁਸਾਂ ਉਤੇ ਤਾਂ ਮੈਨੂੰ ਏ ਮਾਣ ਸਿੰਘੋ।

ਸੀਸ ਰੱਖ ਮਝੈਲਾਂ ਨੇ ਤਲੀ ਉਤੇ, ਚੰਗਾ ਵਕਤ ਨੂੰ ਲਿਆ ਪਛਾਣ ਸਿੰਘੋ।

ਟੁੱਟੀ ਗੰਢੀ ਬੇਦਾਵਾ ਇਹ ਪਾੜ ਕੇ ਤੇ, ਤੁਸਾਂ ਉਤੋਂ ਮੈਂ ਜਾਵਾਂ ਕੁਰਬਾਨ ਸਿੰਘੋ।

‘ਮੁਕਤੇ’ ਤੁਸੀਂ ਹੋ ਅੱਜ ਤੋਂ ਜੱਗ ਅੰਦਰ, ਰਹਿੰਦੀ ਦੁਨੀਆਂ ਤੱਕ ਰਹੂਗਾ ਨਾਂ ਸਿੰਘੋ।

 

ਸੱਧਰ ਹੋਈ ਪੂਰੀ ਟੁੱਟੀ ਗਈ ਗੰਢੀ, ਅੱਖੋਂ ਖੁਸ਼ੀ ’ਚ ਹੰਝੂ ਵਗਾਏ ਹੈਸਨ।

ਕਲਗੀ ਵਾਲੇ ਦੇ ਨੈਣਾਂ ’ਚੋਂ ਨੀਰ ਛਮ ਛਮ, ਵਾਂਗ ਸਾਗਰ ਦੀਆਂ ਛੱਲਾਂ ਦੇ ਆਏ ਹੈਸਨ।

ਦਸਮ ਪਿਤਾ ਦੀ ਗੋਦ ’ਚ ਸ਼ਾਂਤ ਹੋ ਕੇ, ਉਹਨੇ ਆਖਰੀ ਸੁਆਸ ਮੁਕਾਏ ਹੈਸਨ।

ਸਿੰਘ ਸੂਰਮੇ ਫਤਹਿ ਗਜਾ ‘ਜਾਚਕ’, ਗੁਰਪੁਰੀ ਵੱਲ ਚਾਲੇ ਫਿਰ ਪਾਏ ਹੈਸਨ।