Home » ਗੁਰਸਿੱਖਾਂ ਸੰਬੰਧੀ ਕਵਿਤਾਵਾਂ » ਭਾਈ ਦਿਆਲਾ ਜੀ ਸੰਬੰਧੀ ਕਵਿਤਾਵਾਂ

ਭਾਈ ਦਿਆਲਾ ਜੀ ਸੰਬੰਧੀ ਕਵਿਤਾਵਾਂ

by Dr. Hari Singh Jachak
Poems Bhai Dayala Ji

ਭਾਈ ਦਿਆਲਾ ਜੀ ਸੰਬੰਧੀ ਕਵਿਤਾਵਾਂ

ਭਾਈ ਦਿਆਲਾ ਜੀ

ਦੁਖੀ ਪੰਡਿਤਾਂ ਦੀ ਚੀਖ ਪੁਕਾਰ ਸੁਣਕੇ, ਨੌਵੇਂ ਪਾਤਸ਼ਾਹ ਦਿੱਲੀ ਵੱਲ ਆਏ ਹੈਸਨ।

ਭਾਈ ਉਦਾ, ਗੁਰਦਿੱਤਾ ਤੇ ਭਾਈ ਜੈਤਾ, ਮਤੀਦਾਸ, ਦਿਆਲਾ ਲਿਆਏ ਹੈਸਨ।

ਗੁਰੂ ਸਾਹਿਬ ਦੇ ਨਾਲ ਗੁਰਸਿੱਖ ਉਦੋਂ, ਮੁਗਲ ਹਕੂਮਤ ਨੇ ਕੈਦੀ ਬਣਾਏ ਹੈਸਨ।

ਅਸਹਿ, ਅਕਹਿ ਤਸੀਹੇ ਤੇ ਕਸ਼ਟ ਦੇ ਕੇ, ਤਿੰਨ ਸਿੱਖ ਸ਼ਹੀਦ ਕਰਵਾਏ ਹੈਸਨ।

 

ਕੈਦਖਾਨੇ ’ਚੋਂ ਕੱਢ ਕੇ ਭਾਈ ਦਿਆਲਾ, ’ਆਂਦਾ ਗਿਆ ਤਦ ਵਿੱਚ ਮੈਦਾਨ ਹੈਸੀ।

ਮੱਥੇ ਉੱਤੇ ਜਲਾਲ ਸੀ ਕੋਈ ਗੈਬੀ, ਅਜਬ ਚਿਹਰੇ ਤੇ ਖਿੜੀ ਮੁਸਕਾਨ ਹੈਸੀ।

ਫਤਵਾ ਲਾਉਣ ਲਈ ਇਸ ਗੁਰਸਿੱਖ ਉੱਤੇ, ਕਾਜੀ ਬੜਾ ਹੋਇਆ ਕਹਿਰਵਾਨ ਹੈਸੀ।

ਭਾਈ ਦਿਆਲੇ ਨੇ ਅੰਤਰ ਧਿਆਨ ਹੋ ਕੇ, ਗੁਰੂ ਸਾਹਿਬ ਦਾ ਧਰਿਆ ਧਿਆਨ ਹੈਸੀ।

 

ਕਾਜੀ ਕਿਹਾ ਇਸਲਾਮ ਕਬੂਲ ਕਰ ਲੈ, ਜੇਕਰ ਤੈਨੂੰ ਪਿਆਰੀ ਹੈ ਜਾਨ ਸਿੱਖਾ।

ਰੁਤਬਾ ਦਿਆਂਗੇ ਪੀਰ ਦਾ ਅਸੀਂ ਤੈਨੂੰ, ਸਿਜਦੇ ਕਰੂ ਫਿਰ ਸਾਰਾ ਜਹਾਨ ਸਿੱਖਾ।

ਸਿੱਖੀ ਸਿਦਕ ਤੂੰ ਛੱਡ ਕੇ ਮੰਨ ਕਹਿਣਾ, ਬਹੁਤਾ ਬਣ ਨਾ ਤੂੰ ਸ਼ਰਧਾਵਾਨ ਸਿੱਖਾ।

ਗੁਰੂ ਤੇਰਾ ਏ ਅਸਾਂ ਦੀ ਕੈਦ ਅੰਦਰ, ਉਹ ਤਾਂ ਅੱਗੇ ਈ ਐ ਪ੍ਰੇਸ਼ਾਨ ਸਿੱਖਾ।

 

ਭਾਈ ਦਿਆਲੇ ਨੇ ਦਿੱਤਾ ਜੁਆਬ ਅੱਗੋਂ, ਅਸੀਂ ਨਹੀਂ ਮੁਸੀਬਤ ਤੋਂ ਡਰਨ ਵਾਲੇ।

ਲਾਵਾਂ ਮੌਤ ਨਾਲ ਲੈਣ ਲਈ ਘਰੋਂ ਚੱਲੇ, ਅਸੀਂ ਮੌਤ ਮਰਜਾਣੀ ਨੂੰ ਵਰਨ ਵਾਲੇ।

ਸਾਨੂੰ ਜਾਨ ਤੋਂ ਪਿਆਰੀ ਹੈ ਇਹ ਸਿੱਖੀ, ਸਿੱਖੀ ਸਿਦਕ ਦੇ ਸਾਗਰ ਨੂੰ ਤਰਨ ਵਾਲੇ।

ਘੋਰ ਸੰਕਟ ਤੇ ਦੁੱਖ ਮੁਸੀਬਤਾਂ ਨੂੰ, ਖਿੜੇ ਮੱਥੇ ਹਾਂ ਅਸੀਂ ਤਾਂ ਜਰਨ ਵਾਲੇ।

 

ਮੈਨੂੰ ਚਾਅ ਸ਼ਹਾਦਤ ਨੂੰ ਵਰਨ ਦਾ ਏ, ਮੌਤ ਵਰਾਂਗਾ, ਵਰਾਂਗਾ ਖਿੜੇ ਮੱਥੇ ।

ਦੇਹ ਦੇਹ ਤਸੀਹੇ ਤੂੰ ਜੋ ਦੇਣੇ, ਵੇਖੀ ਜਰਾਂਗਾ, ਜਰਾਂਗਾ, ਖਿੜੇ ਮੱਥੇ ।

ਸਿੱਖੀ ਸਿਦਕ ਨਿਭਾਉਣ ਦੇ ਲਈ ਕਾਜੀ, ਜੋ ਵੀ ਕਰਾਂਗਾ, ਕਰਾਂਗਾ ਖਿੜੇ ਮੱਥੇ।

ਚਿਹਰੇ ਉਤੇ ਨਾ ਕੋਈ ਮਲਾਲ ਹੋਊ, ਜਦ ਵੀ ਮਰਾਂਗਾ, ਮਰਾਂਗਾ, ਖਿੜੇ ਮੱਥੇ।

 

ਕਾਲੇ ਦਿਲ ਦੇ ਕਾਜੀ ਨੇ ਦੇ ਫਤਵਾ, ਦੇਗੇ ਵਿੱਚ ਦਿਆਲਾ ਬਿਠਵਾ ਦਿੱਤਾ।

ਪਾਣੀ ਉਬਲਦੇ ਆਲੂਆਂ ਵਾਂਗ ਉਬਲੇ, ਥੱਲੇ ਅੱਗ ਨੇ ਭਾਂਬੜ ਮਚਾ ਦਿੱਤਾ।

ਸੁਰਤ ਜੁੜੀ ਸੀ ਨਾਲ ਪ੍ਰਮਾਤਮਾ ਦੇ, ਜਨਮ ਮਰਨ ਨੂੰ ਉਹਨੇ ਭੁਲਾ ਦਿੱਤਾ।

ਗੁਰੂ ਅਰਜਨ ਦੇ ਚੱਲ ਕੇ ਪੂਰਨੇ ’ਤੇ, ਸਿੱਖੀ ਸਿੱਦਕ ਨੂੰ ਤੋੜ ਨਿਭਾ ਦਿੱਤਾ।

 

ਗੁਰੂ ਤੇਗ ਬਹਾਦਰ ਮਹਾਰਾਜ ਸਾਹਵੇਂ, ਕਸ਼ਟ ਦਿੱਤੇ ਸਨ ਗੁਰੂ ਦੁਲਾਰਿਆਂ ਨੂੰ।

ਗੁਰੂ ਸਾਹਿਬ ਨੇ ਹੁੰਦੇ ਸ਼ਹੀਦ ਤੱਕਿਆ, ਅੱਖਾਂ ਸਾਹਮਣੇ ਅੱਖਾਂ ਦੇ ਤਾਰਿਆਂ ਨੂੰ।

ਰਹਿਕੇ ਵਿੱਚ ਵਿਸਮਾਦ ਦੇ ਤੱਕਦੇ ਰਹੇ, ਸਾਹਵੇਂ ਹੋ ਰਹੇ ਖੂਨੀ ਨਜ਼ਾਰਿਆਂ ਨੂੰ।

ਰਹਿੰਦੀ ਦੁਨੀਆਂ ਤੱਕ ਰਹੂਗਾ ਨਾਂ ਜੱਗ ਤੇ, ’ਸੀਸਾਂ ਦਿੱਤੀਆਂ ਸਤਿਗੁਰਾਂ ਸਾਰਿਆਂ ਨੂੰ।