ਭਾਈ ਮਤੀ ਦਾਸ ਜੀ ਸੰਬੰਧੀ ਕਵਿਤਾਵਾਂ
ਭਾਈ ਮਤੀ ਦਾਸ ਜੀ
ਭਾਈ ਪਿਰਾਗੇ ਦੀ ਅੰਸ ’ਚੋਂ ਸੀ ਜਿਹੜਾ, ਨਾਮ ਓਸਦਾ ਸੀ ਮਤੀਦਾਸ ਸੋਹਣਾ।
ਨੌਵੇਂ ਪਾਤਸ਼ਾਹ ਦੇ ਦਰਸ਼ਨ ਕਰਦਿਆਂ ਹੀ, ਗੁਰੂ ਚਰਨਾਂ ਦਾ ਬਣ ਗਿਆ ਦਾਸ ਸੋਹਣਾ।
ਗੁਰੂ ਸੇਵਾ ’ਚ ਜੀਵਨ ਬਤੀਤ ਕੀਤਾ, ਸਾਨੂੰ ਦੱਸਦੈ ਸਾਡਾ ਇਤਿਹਾਸ ਸੋਹਣਾ।
ਚੌਂਕ ਚਾਂਦਨੀ ਦੇ ਇਮਤਿਹਾਨ ਵਿੱਚੋਂ, ਚੜ੍ਹਦੀ ਕਲਾ ਨਾਲ ਹੋ ਗਿਆ ਪਾਸ ਸੋਹਣਾ।
ਕਾਜੀ ਕਹਿਣ ਲੱਗਾ ਮਤੀਦਾਸ ਭਾਈ, ਸਿੱਖੀ ਸਿਦਕ ਨਿਭਾਉਣ ਦਾ ਕੀ ਫਾਇਦਾ।
ਤੇਰੇ ਗੁਰੂ ਨੇ ਤੇਰਾ ਨਹੀਂ ਸਾਥ ਦੇਣਾ, ਜਿੰਦੜੀ ਘੋਲ ਘੁਮਾਉਣ ਦਾ ਕੀ ਫਾਇਦਾ।
ਅਸਾਂ ਲੱਖਾਂ ਹੀ ਹਿੰਦੂ ਬਣਾਏ ਮੋਮਨ, ਮੱਥਾ ਸਾਡੇ ਨਾਲ ਲਾਉਣ ਦਾ ਕੀ ਫਾਇਦਾ।
ਮੁਸ਼ਕਲ ਨਾਲ ਮਨੁੱਖਾ ਇਹ ਜਨਮ ਮਿਲਦੈ, ਐਵੇਂ ਜਾਨ ਗਵਾਉਣ ਦਾ ਕੀ ਫਾਇਦਾ।
ਮਤੀਦਾਸ ਜੀ ਸਹਿਜ ਨਾਲ ਕਹਿਣ ਲੱਗੇ, ਆਈ ਮੌਤ ਨਾ ਕਦੇ ਵੀ ਟਲੇ ਕਾਜੀ।
ਧੱਕਾ ਜਬਰ ਬਸ ਥੋੜੀ ਹੀ ਦੇਰ ਚਲਦੈ, ਜਿਆਦਾ ਦੇਰ ਨਾ ਕਦੇ ਵੀ ਚਲੇ ਕਾਜੀ।
ਜਿੱਤ ਨੇਕੀ ਦੀ ਅੰਤ ਨੂੰ ਸਦਾ ਹੁੰਦੀ, ਸਦਾ ਬਦੀ ਦੀ ਅੱਗ ਨਾ ਬਲੇ ਕਾਜੀ।
ਧਰਮ ਨਹੀਂ ਤਲਵਾਰ ਨਾਲ ਫੈਲ ਸਕਦਾ, ਇਹ ਤਾਂ ਪਿਆਰ ਨਾਲ ਫੁੱਲੇ ਤੇ ਫਲੇ ਕਾਜੀ।
ਵੱਟ ਮੱਥੇ ’ਤੇ ਪਾ ਕੇ ਕਿਹਾ ਕਾਜੀ, ਤੇਰੀ ਸਿੱਖੀ ਨੂੰ ਪਾਉਣੀ ਮੈਂ ਨੱਥ ਸਿੱਖਾ।
ਕਲਮਾਂ ਪੜ੍ਹ ਤੇ ਮੌਜਾਂ ਮਾਣ ਲੈ ਤੂੰ, ਸਾਡਾ ਬਾਦਸ਼ਾਹ ਬੜਾ ਸਮਰੱਥ ਸਿੱਖਾ।
ਕਰ ਲੈ ਦੀਨ ਇਸਲਾਮ ਕਬੂਲ ਨਹੀਂ ਤਾਂ, ਧੋਣੇ ਪੈਣਗੇ ਜਾਨ ਤੋਂ ਹੱਥ ਸਿੱਖਾ।
ਜੇਕਰ ਕਿਸੇ ਵੀ ਕਿਸਮ ਦੀ ਅੜੀ ਕੀਤੀ, ਸਿਰ ਧੜ ਤੋਂ ਜਾਊਗਾ ਲੱਥ ਸਿੱਖਾ।
ਮਤੀਦਾਸ ਜੀ ਹੱਸ ਕੇ ਕਹਿਣ ਲੱਗੇ, ਆਇਆ ਹੋਇਆ ਕਿਉਂ ਵਿੱਚ ਗਰੂਰ ਕਾਜ਼ੀ।
ਜਿਹੜਾ ਆਇਆ ਏ ਇਸ ਸੰਸਾਰ ਅੰਦਰ, ਇਕ ਦਿਨ ਜਾਣਾ ਏ ਉਸ ਜਰੂਰ ਕਾਜ਼ੀ।
ਧਰਮ ਬਦਲਣ ਲਈ ਤੁਸਾਂ ਨੇ ਜਬਰਦਸਤੀ, ਤਾਇਆ ਹੋਇਆ ਏ ਜ਼ੁਲਮੀ ਤੰਦੂਰ ਕਾਜ਼ੀ।
ਪਰ ਜਿੰਨੇ ਮਰਜੀ ਤੂੰ ਲਾਲਚ ਤੇ ਡਰ ਦੇ ਲੈ, ਸਿਰਫ ਮੌਤ ਹੀ ਮੈਨੂੰ ਮਨਜੂਰ ਕਾਜ਼ੀ।
ਛੇਤੀ ਕਰ ਹੁਣ ਦੇਰ ਨਾ ਲਾ ਬਹੁਤੀ, ਦੇ ਦੇ ਜਿਹੜੀ ਵੀ ਦੇਣੀ ਤੂੰ ਸਜਾ ਮੈਨੂੰ।
ਮੇਰੀ ਟੇਕ ਹੈ ਇਕ ਅਕਾਲ ਉੱਤੇ, ਚੰਗੀ ਲਗਦੀ ਓਸਦੀ ਰਜਾ ਮੈਨੂੰ।
ਨਾ ਹੀ ਡੋਲਾਂਗਾ, ਥਿੜਕਾਂਗਾ ਅੰਤ ਤੀਕਰ, ਭਾਵੇਂ ਮਾਰ ਰਿਹੈਂ ਬੇਵਜ੍ਹਾ ਮੈਨੂੰ।
ਭਾਵੇਂ ਕੱਟ ਦੇ ਵੱਢ ਦੇ, ਕਰ ਟੋਟੇ, ਵੇਖੀਂ ਇਹਦਾ ਵੀ ਆਊਗਾ ਮਜ਼ਾ ਮੈਨੂੰ।
ਗੁੱਸੇ ਵਿੱਚ ਕਾਜ਼ੀ ਹੋ ਕੇ ਲਾਲ ਪੀਲਾ, ਕੰਬ ਰਿਹਾ ਸੀ ਬੈਂਤ ਦੀ ਛੜੀ ਵਾਂਗ਼ੂੰ।
ਅੱਖਾਂ ਲਾਲ ਅੰਗਿਆਰੇ ਸਨ ਛੱਡ ਰਹੀਆਂ, ਲਗਾਤਾਰ ਪਟਾਕੇ ਦੀ ਲੜੀ ਵਾਂਗ਼ੂੰ।
ਚੁੱਪ ਕਰਨ ਦਾ ਨਾਂ ਸੀ ਨਹੀਂ ਲੈਂਦਾ, ਵਜ ਰਹੇ ਅਲਾਰਮ ਦੀ ਘੜੀ ਵਾਂਗ਼ੂੰ।
ਨਹੀਂ ਸੀ ਰੁਕਣ ਦਾ ਲੈ ਰਿਹਾ ਨਾਂ ਉਹ ਤਾਂ, ਲੱਗੀ ਹੋਈ ਕੋਈ ਸਾਵਣ ਦੀ ਝੜੀ ਵਾਂਗ਼ੂੰ।
ਮਤੀਦਾਸ ਨੇ ਰਹਿ ਅਡੋਲ ਓਦੋਂ, ਸਭੇ ਲਾਲਚਾਂ ਤਾਂਈਂ ਠੁਕਰਾ ਦਿੱਤਾ।
ਲਾਲ ਪੀਲਾ ਹੋ ਗੁੱਸੇ ਦੇ ਵਿੱਚ ਕਾਜੀ, ਕਹਿਰਵਾਨ ਹੋ ਕਹਿਰ ਕਮਾ ਦਿੱਤਾ।
ਚੀਰ ਦਿਉ ਇਹ ਆਰੇ ਦੇ ਨਾਲ ਕਾਫ਼ਰ, ਪੱਥਰ ਦਿਲ ਨੇ ਫਤਵਾ ਸੁਣਾ ਦਿੱਤਾ।
ਖਾਹਿਸ਼ ਆਖਰੀ ਪੁੱਛੀ ਜਦ ਜ਼ਾਲਮਾਂ ਨੇ, ਮੁੱਖ ਗੁਰਾਂ ਦੇ ਵੱਲ ਫੁਰਮਾ ਦਿੱਤਾ।
ਭਾਈ ਸਾਹਿਬ ਨੂੰ ਕੱਸ ਕੇ ਫੱਟਿਆਂ ’ਚ, ਰੱਖਿਆ ਸੀਸ ਦੇ ਉੱਤੇ ਅਖੀਰ ਆਰਾ।
ਮੁਖੋਂ ਕਰ ਰਹੇ ਸਨ ਉਹ ਪਾਠ ਇੱਧਰ, ਉਧਰ ਨੈਣੋਂ ਵਗਾ ਰਿਹੈ ਨੀਰ ਆਰਾ।
ਵੱਢ ਵੱਢ ਕੇ ਨਾੜਾਂ ਤੇ ਆਂਦਰਾਂ ਨੂੰ, ਕਰ ਗਿਆ ਜਿਸਮ ਤਾਂਈਂ ਲੀਰੋ ਲੀਰ ਆਰਾ।
ਪਰ ਸਿੱਖੀ ਸਿੱਦਕ ਨੂੰ ਚੀਰ ਨਾ ਸਕਿਆ ਸੀ, ਭਾਵੇਂ ਗਿਆ ਸਰੀਰ ਨੂੰ ਚੀਰ ਆਰਾ।
ਮਤੀ ਦਾਸ ਗੁਰਸਿੱਖ ਤਾਂ ਖਿੜੇ ਮੱਥੇ, ਸਹਿ ਜ਼ਾਲਮਾਂ ਦੇ ਅਤਿਆਚਾਰ ਗਿਆ।
ਸਹਿ ਕੇ ਕਸ਼ਟ ਤਸੀਹੇ ਅਸਹਿ ‘ਜਾਚਕ’, ਆਪਣਾ ਆਪਾ ਸੀ ਕੌਮ ਤੋਂ ਵਾਰ ਗਿਆ।
ਮੁੱਖ ਰਿਹਾ ਸੀ ਗੁਰਾਂ ਵੱਲ ਅੰਤ ਤੀਕਰ, ਆਖਰ ਭੌਰ ਉਡਾਰੀ ਸੀ ਮਾਰ ਗਿਆ।
ਇਸ ਨੇਕੀ ਤੇ ਬਦੀ ਦੀ ਜੰਗ ਅੰਦਰ, ਸਿੱਦਕ ਜਿੱਤ ਗਿਆ, ਜਬਰ ਹਾਰ ਗਿਆ।