Home » ਗੁਰਸਿੱਖਾਂ ਸੰਬੰਧੀ ਕਵਿਤਾਵਾਂ » ਭਾਈ ਮੰਝ ਜੀ ਸੰਬੰਧੀ ਕਵਿਤਾਵਾਂ

ਭਾਈ ਮੰਝ ਜੀ ਸੰਬੰਧੀ ਕਵਿਤਾਵਾਂ

by Dr. Hari Singh Jachak
Poems Bhai Manjh Ji

ਭਾਈ ਮੰਝ ਜੀ ਸੰਬੰਧੀ ਕਵਿਤਾਵਾਂ

ਭਾਈ ਮੰਝ ਜੀ

ਸਖੀ ਸਰਵਰ ਦਾ ਸੇਵਕ ਸੀ ਮੰਝ ਪਹਿਲਾਂ, ਰੱਖਦਾ ਓਸ ’ਤੇ ਬੜਾ ਵਿਸ਼ਵਾਸ ਹੈਸੀ।

ਉਹਦੇ ਘਰ ਦੇ ਵਿੱਚ ਸੀ ਪੀਰਖਾਨਾ, ਮੁੱਖੀ ਉਨ੍ਹਾਂ ਦਾ ਇਹ ਤਾਂ ਖਾਸ ਹੈਸੀ।

ਐਪਰ ਦਿਲ ਦੀ ਸੱਧਰ ਨਾ ਹੋਈ ਪੂਰੀ, ਹੋ ਗਿਆ ਉਹ ਬੜਾ ਨਿਰਾਸ਼ ਹੈਸੀ।

ਦਾਤ ਸਿੱਖੀ ਦੀ ਲੈਣ ਦੇ ਲਈ ਆਖਰ, ਪੰਚਮ ਪਿਤਾ ਦੇ ਪਹੁੰਚਿਆ ਪਾਸ ਹੈਸੀ।

 

ਕਿਹਾ ਨਾਲ ਪਿਆਰ ਦੇ ਸਤਿਗੁਰਾਂ ਨੇ, ਗੁਰੂ ਦਰ ’ਤੇ ਕਿਉਂ ਤੂੰ ਆਣ ਲੱਗੈਂ।

ਮਿਲੀ ਹੋਈ ਤੂੰ ਸੁਖਾਂ ਦੀ ਸੇਜ ਛੱਡ ਕੇ, ਕਾਹਨੂੰ ਦੁੱਖਾਂ ਨੂੰ ਗਲ ਨਾਲ ਲਾਣ ਲੱਗੈਂ।

ਵੈਰੀ ਹੋ ਜਾਣੈ ਤੇਰਾ ਭਾਈਚਾਰਾ, ਕਸ਼ਟਾਂ ਵਾਲਾ ਕਿਉਂ ਰਾਹ ਅਪਣਾਣ ਲੱਗੈਂ।

ਔਖੀ ਘੜੀ ਤੇ ਮੁਸ਼ਕਲ ਏ ਬੜਾ ਪੈਂਡਾ, ਕਿਉਂ ਇਹਦੇ ਵੱਲ ਕਦਮ ਵਧਾਣ ਲੱਗੈਂ।

 

ਨਾਲ ਨਿਮਰਤਾ ਦੇ ਭਾਈ ਮੰਝ ਬੋਲੇ, ਆਪਣਾ ਮਨ ਬਣਾਇਆ ਮੈਂ ਪਾਤਸ਼ਾਹ ਜੀ।

ਸਭ ਕੁਝ ਸੋਚ ਵਿਚਾਰ ਤੇ ਪਰਖ ਕੇ ਤੇ, ਸੱਚਾ ਮਾਰਗ ਅਪਣਾਇਆ ਮੈਂ ਪਾਤਸ਼ਾਹ ਜੀ।

ਖਿੜ ਗਿਆ ਹਾਂ ਕਮਲ ਦੇ ਫੁੱਲ ਵਾਂਗ਼ੂੰ, ਪਹਿਲਾਂ ਸੀ ਮੁਰਝਾਇਆ ਮੈਂ ਪਾਤਸ਼ਾਹ ਜੀ।

ਮਿਹਰ ਕਰੋ ਤੇ ਸਿੱਖੀ ਦਾ ਦਾਨ ਬਖਸ਼ੋ, ਥੋਡੀ ਸ਼ਰਨ ’ਚ ਆਇਆ ਮੈਂ ਪਾਤਸ਼ਾਹ ਜੀ।

 

ਮਿਹਰਾਂ ਵਾਲੇ ਨੇ ਮਿਹਰ ਦੇ ਵਿੱਚ ਆ ਕੇ, ਸਿੱਖੀ ਦਾਨ ਉਹਦੀ ਝੋਲੀ ਪਾ ਦਿੱਤਾ।

ਘਰ ਆਉਂਦਿਆਂ ਸਾਰ ਹੀ ਮੰਝ ਜੀ ਨੇ, ਸਖੀ ਸਰਵਰ ਦੀ ਕਬਰ ਨੂੰ ਢਾਹ ਦਿੱਤਾ।

ਪਿੰਡ ਵਾਲਿਆਂ ਰੋਹ ਦੇ ਵਿੱਚ ਆ ਕੇ, ਪਿੰਡੋਂ ਬਾਹਰ ਦਾ ਰਸਤਾ ਦਿਖਾ ਦਿੱਤਾ।

ਭਾਈ ਮੰਝ ਨੇ ਸਿਦਕ ਦੇ ਵਿੱਚ ਰਹਿਕੇ, ਸਭ ਕੁਝ ਆਪਣਾ ਦਾਅ ’ਤੇ ਲਾ ਦਿੱਤਾ।

 

ਭਾਈ ਸਾਹਿਬ ਫਿਰ ਧਰਮ ਦੀ ਕਿਰਤ ਕਰਕੇ, ਘਰ ਬਾਰ ਦੇ ਤਾਂਈਂ ਚਲਾਉਣ ਲੱਗੇ।

ਸੇਵਾ ਸਿਮਰਨ ਸਚਾਈ ਦੇ ਚੱਲ ਮਾਰਗ, ਸੱਚੇ ਗੁਰੂ ਦਾ ਸ਼ੁਕਰ ਮਨਾਉਣ ਲੱਗੇ।

ਹੱਥੀਂ ਕਰ ਹਰੀਮੰਦਰ ਦੀ ਕਾਰ ਸੇਵਾ, ਜੀਵਨ ਆਪਣਾ ਲੇਖੇ ਵਿੱਚ ਲਾਉਣ ਲੱਗੇ।

ਕੱਟ ਵੱਢ ਕੇ ਜੰਗਲ ’ਚੋਂ ਲੱਕੜਾਂ ਨੂੰ, ਗੁਰੂ ਲੰਗਰਾਂ ਵਿੱਚ ਪੁਚਾਉਣ ਲੱਗੇ।

 

ਇਕ ਦਿਨ ਚੁੱਕ ਕੇ ਲੱਕੜਾਂ ਸਿਰ ਉੱਤੇ, ਪਰਤ ਰਿਹਾ ਸੀ ਗੁਰੂ ਦਰਬਾਰ ਵੱਲੇ।

ਕਾਲੀ ਘੁੱਪ ਹਨੇਰੀ ਸੀ ਚੜ੍ਹੀ ਭਾਂਵੇਂ, ਚਲਦਾ ਰਿਹਾ ਉਹ ਸੱਚੀ ਸਰਕਾਰ ਵੱਲੇ।

ਡਿੱਗਾ ਖੂਹ ਦੇ ਵਿੱਚ ਧੜੱਮ ਕਰਕੇ, ਪਰ ਸੁਰਤੀ ਜੁੜੀ ਰਹੀ ਸਤਿ ਕਰਤਾਰ ਵੱਲੇ।

ਭਿੱਜ ਜਾਣ ਨਾ ਸੁਕੀਆਂ ਕਿਤੇ ਲੱਕੜਾਂ, ਧਰਿਆ ਧਿਆਨ ਉਸ ਪੰਚਮ ਦਾਤਾਰ ਵੱਲੇ।

 

ਕਰ ਰਿਹਾ ਸੀ ਉਹ ਅਰਦਾਸ ਦਿਲ ਵਿੱਚ, ਉਧਰ ਦਿਲ ਦੀ ਦਿਲ ਵਿੱਚ ਤਾਰ ਹਿੱਲੀ।

ਉਦੋਂ ਪਲੰਘ ਨਿਵਾਰੀ ਤੋਂ ਅਚਨਚੇਤੀ, ਕਾਹਲੀ ਨਾਲ ਸੀ ਸੱਚੀ ਸਰਕਾਰ ਹਿੱਲੀ।

ਨੰਗੇ ਪੈਰੀਂ ਹੀ ਜੰਗਲ ਵੱਲ ਪਾਏ ਚਾਲੇ, ਉਦੋਂ ਧਰਤੀ ਵੀ ਪੱਬਾਂ ਦੇ ਭਾਰ ਹਿੱਲੀ।

ਝਾਤੀ ਮਾਰੀ ਜਦ ਖੂਹ ਵਿੱਚ ਪਾਤਸ਼ਾਹ ਨੇ, ਸੁਰਤੀ ਮੰਝ ਦੀ ਨਾਲ ਸਤਿਕਾਰ ਹਿੱਲੀ।

 

ਕਿਹਾ ਸਿੱਖਾਂ ਨੂੰ ਗੁਰਾਂ ਨੇ ਉਸੇ ਵੇਲੇ, ਰੱਸਾ ਖੂਹ ਦੇ ਵਿੱਚ ਲਟਕਾਉ ਛੇਤੀ।

ਉਧਰ ਮੰਝ ਨੂੰ ਗੁਰਾਂ ਫੁਰਮਾਨ ਕੀਤਾ, ਇਹਨੂੰ ਪਕੜੋ ਤੇ ਬਾਹਰ ਨੂੰ ਆਉ ਛੇਤੀ।

ਅੱਗੋਂ ਨਿਮਰਤਾ ਨਾਲ ਭਾਈ ਮੰਝ ਬੋਲੇ, ਪਹਿਲੋਂ ਲੱਕੜਾਂ ਤੁਸੀਂ ਖਿਚਵਾਉ ਛੇਤੀ।

ਲੱਕੜਾਂ ਸੁਕੀਆਂ ਭਿੱਜ ਨਾ ਜਾਣ ਕਿਧਰੇ, ਗਿਲੀਆਂ ਹੋਣ ਤੋਂ ਪਹਿਲਾਂ ਬਚਾਉ ਛੇਤੀ।

 

ਪਹਿਲਾਂ ਲੱਕੜਾਂ ਬਾਅਦ ਵਿੱਚ ਮੰਝ ਨਿਕਲੇ, ਢਹਿ ਪਏ ਗੁਰੂ ਦੇ ਚਰਨਾਂ ’ਚ ਆ ਕੇ ਤੇ।

ਹੋ ਗਿਆ ਸੀ ਤਨ ਤੇ ਮਨ ਸੀਤਲ, ਧੂੜੀ ਚਰਨਾਂ ਦੀ ਮਸਤਕ ਨੂੰ ਲਾ ਕੇ ਤੇ।

ਮੈਨੂੰ ਬਹੁਤ ਪਿਆਰਾ ਏਂ ਤੂੰ ਸਿੱਖਾ, ਗੁਰਾਂ ਕਿਹਾ ਸੀ ਸੀਨੇ ਨਾਲ ਲਾ ਕੇ ਤੇ।

ਤੂੰ ਹੈਂ ‘ਗੁਰੂ ਕਾ ਬੋਹਿਥਾ’ ਕਹਿ ਮੁੱਖੋਂ, ਦਿਤਾ ਵਰ ਪਿਆਰ ਵਿੱਚ ਆ ਕੇ ਤੇ।

 

ਮੰਗ ਲੈ ਤੂੰ ਜੋ ਕੁਝ ਮੰਗਣਾ ਈ, ਪਾਵਨ ਮੁਖੋਂ ਫੁਰਮਾਇਆ ਸੀ ਪਾਤਸ਼ਾਹ ਨੇ।

ਸੋਝੀ ਗੁਰਮਤਿ ਦੀ ਬਖਸ਼ ਕੇ ਮੰਝ ਤਾਂਈਂ, ਆਪਣੀ ਹਿੱਕ ਨਾਲ ਲਾਇਆ ਸੀ ਪਾਤਸ਼ਾਹ ਨੇ।

ਸੁੱਚੀ ਘਾਲ ’ਤੇ ਰੀਝ ਕੇ ਮੰਝ ਜੀ ਨੂੰ, ‘ਜਾਚਕ’ ਸੇਵਕ ਬਣਾਇਆ ਸੀ ਪਾਤਸ਼ਾਹ ਨੇ।

ਪਾਰ ਲਾਉਣ ਲਈ ਗੁਰੂ ਕੀਆਂ ਸੰਗਤਾਂ ਨੂੰ, ਉਹਨੂੰ ਬੋਹਿਥ ਬਣਾਇਆ ਸੀ ਪਾਤਸ਼ਾਹ ਨੇ।