ਭਾਈ ਹੀਰਾ ਸਿੰਘ ਜੀ ਰਾਗੀ ਵਲੋਂ ਕਰਵਾਏ ਅੰਮ੍ਰਿਤ ਪ੍ਰਚਾਰ ਦੇ ਕੁਝ ਦ੍ਰਿਸ਼
ਭਾਈ ਹੀਰਾ ਸਿੰਘ ਜੀ ਰਾਗੀ ਵਲੋਂ ਕਰਵਾਏ ਅੰਮ੍ਰਿਤ ਪ੍ਰਚਾਰ ਦੇ ਕੁਝ ਦ੍ਰਿਸ਼
ਭਾਈ ਸਾਹਿਬ ਜੋ ਕੀਤੇ ਮਹਾਨ ਕਾਰਜ, ਓਨ੍ਹਾਂ ਵਿੱਚੋਂ ਮੈਂ ਕੁਝ ਸੁਨਾਣ ਲੱਗਾਂ।
ਸਮੇਂ ਸਮੇਂ ਜੋ ਅੰਮ੍ਰਿਤ ਸੰਚਾਰ ਕੀਤੇ, ਓਨ੍ਹਾਂ ਉੱਤੇ ਮੈਂ ਰੋਸ਼ਨੀ ਪਾਣ ਲੱਗਾਂ।
ਸਹਿਜਧਾਰੀ ਜੋ ਸਿੰਘ ਸਜਾਏ ਓਨ੍ਹਾਂ, ਦੱਸਣ ਉਸ ਬਾਰੇ ਦਾਸਤਾਨ ਲੱਗਾਂ।
ਜੀਵਨ ਵਿੱਚ ਘਟਨਾਵਾਂ ਜੋ ਸਨ ਘਟੀਆਂ, ਉਹ ਮੈਂ ਕਵਿਤਾ ’ਚ ਕਰਨ ਬਿਆਨ ਲੱਗਾਂ।
ਭਾਈ ਸਾਹਿਬ ਦਾ ਕੀਰਤਨ ਸੁਣਨ ਦੇ ਲਈ, ਸਹਿਜਧਾਰੀ ਇਕ ਓਧਰ ਨੂੰ ਆਉਣ ਲੱਗਦੈ।
ਓਹਦਾ ਸਾਥੀ ਇਕ ਆਰੀਆ ਸਮਾਜ ਵਾਲਾ, ਉਹਦੇ ਤਾਈਂ ਓਹ ਏਦਾਂ ਸਮਝਾਉਣ ਲਗਦੈ।
ਕੀਰਤਨ ਸੁਣ ਕੇ ਜਲਦੀ ਤੂੰ ਆਈਂ ਵਾਪਸ, ਵਾਰੀ ਵਾਰੀ ਉਹ ਪੱਕੀ ਪਕਾਉਣ ਲੱਗਦੈ।
ਸੁਣੀਏ ਕੀਰਤਨ ਦੇ ਨਾਲ ਵਿਆਖਿਆ ਜੇ, ਮਨ ਵਿੱਚ ਵਿਸਮਾਦ ਦੇ ਆਉਣ ਲੱਗਦੈ।
ਉਹਦੀ ਕਥਨੀ ਦੇ ਵਿੱਚ ਕੋਈ ਹੈ ਜਾਦੂ, ਜਿਹੜਾ ਆਪਣਾ ਅਸਰ ਦਿਖਾਉਣ ਲੱਗਦੈ।
ਆਪਣਾ ਪਹਿਲਾ ਫਿਰ ਧਰਮ ਤਿਆਗ ਕੇ ਤੇ, ਸਿੱਖ ਬਣਨ ਲਈ ਮਨ ਲਲਚਾਉਣ ਲੱਗਦੈ।
ਪਿੰਡ ਫਿਰੂਕੇ ’ਚ ਭਾਈ ਸਾਹਿਬ ਵੱਲੋਂ, ਸਜਿਆ ਹੋਇਆ ਸੀ ਧਾਰਮਕ ਦੀਵਾਨ ਏਥੇ।
ਸਾਹੀਵਾਲ ਦਾ ਹਿੰਦੂ ਵਿਦਿਆਰਥੀ ਇਕ, ਵਾਲ ਕਟਵਾ ਪਹੁੰਚਾ, ਨੌਜਵਾਨ ਏਥੇ।
ਪੁੱਛਿਆ ਸਾਥੀਆਂ ਤਾਂ ਅੱਗੋਂ ਕਹਿਣ ਲੱਗਾ, ਸੁਣੋ ਗੱਲ ਹੁਣ ਨਾਲ ਧਿਆਨ ਏਥੇ।
ਭਾਈ ਸਾਹਿਬ ਦੀ ਅੱਜ ਪ੍ਰੇਰਨਾ ਨਾਲ, ਕਈਆਂ ਕਰ ਲੈਣਾ, ਅੰਮ੍ਰਿਤ ਪਾਨ ਏਥੇ।
ਇਸ ਫੰਦੇ ’ਚ ਮੈਂ ਵੀ ਨਾ ਫਸ ਜਾਵਾਂ, ਕਟਵਾ ਕੇ ਵਾਲ ਪਹੁੰਚਾਂ, ਤਾਈਉਂ ਆਨ ਏਥੇ।
ਦੂਜੇ ਦਿਨ ਜਦ ਅੰਮ੍ਰਿਤ ਸੰਚਾਰ ਹੋਇਆ, ਪਾ ਲਈ ਸੀ ਓਹਨੇ ਕਿਰਪਾਨ ਏਥੇ।
ਪੁੱਛਿਆ ਸਾਥੀਆਂ ਤਾਂ ਅੱਗੋਂ ਕਹਿਣ ਲੱਗਾ, ਮੈਂ ਤਾਂ ਹੋ ਗਿਆਂ ਆਪ ਹੈਰਾਨ ਏਥੇ।
ਜਾਦੂਮਈ ਤਕਰੀਰ ਦੇ ਅਸਰ ਥੱਲੇ, ਮੈਂ ਵੀ ਕਰ ਰਿਹਾ ਅੱਜ ਅੰਮ੍ਰਿਤਪਾਨ ਏਥੇ।
ਭਾਈ ਖੇਮ ਚੰਦ ਦਾ ਅਰਜਨ ਦਾਸ ਪੁੱਤਰ, ਖੱਟ ਏਸ ਜਹਾਨ ’ਚੋਂ ਜਸ ਗਿਆ।
ਬਾਰਾਂ ਵਰ੍ਹੇ ਦੀ ਉਮਰ ਸੀ ਜਿਸ ਵੇਲੇ, ਸਿੰਘ ਸਜਣ ਦਾ ਚਾਅ ਮਨ ਵਸ ਗਿਆ।
ਕੇਸ ਰੱਖਣੇ ਓਸ ਸੀ ਸ਼ੁਰੂ ਕੀਤੇ, ਰੋਮ ਰੋਮ ’ਚ ਰੱਬੀ ਰੰਗ ਰਸ ਗਿਆ।
ਇਹਦੇ ਕੇਸ ਸੰਭਾਲੂਗਾ, ਕੌਣ ਏਥੇ, ਪਿਤਾ ਖੇਮ ਚੰਦ ਦੁਬਿਧਾ ’ਚ ਫਸ ਗਿਆ।
ਨਾਈ ਸੱਦਿਆ ਕੇਸ ਕਟਵਾਉਣ ਦੇ ਲਈ, ਕਿਵੇਂ ਸਕਦਾ ਸੀ ਸਹਾਰ ਇਹ ਤਾਂ।
ਪਤਾ ਲੱਗਦੇ ਸਾਰ ਹੀ ਇਹ ਬੱਚਾ, ਨੰਗੇ ਪੈਰੀ ਹੀ ਭੱਜ ਗਿਆ ਬਾਹਰ ਇਹ ਤਾਂ।
ਮੇਰੇ ਕੇਸ ਨਾ ਕਤਲ ਇਹ ਕਰ ਦੇਵਣ, ਲੁਕ ਗਿਐ ਚਰੀ ਦੇ ਖੇਤਾਂ ਵਿਚਕਾਰ ਇਹ ਤਾਂ।
ਖੇਮ ਚੰਦ ਨੂੰ ਸਾਰੇ ਸਮਝਾਉਣ ਲੱਗੇ, ਦਿੱਤੈ ਐਵੇਂ ਹੀ ਤੂੰ ਦੁਰਕਾਰ ਇਹ ਤਾਂ।
ਇਸ ਬੱਚੇ ਨੂੰ ਤੰਗ ਨਾ ਕਰ ਬਹੁਤਾ, ਛੱਡ ਜਾਊ ਨਹੀਂ ਤਾਂ, ਘਰਬਾਰ ਇਹ ਤਾਂ।
ਖੇਮ ਚੰਦ ਨੇ ਜਦੋਂ ਸੀ ਗੱਲ ਮੰਨ ਲਈ, ਵਾਪਸ ਘਰ ਆਇਐ ਬਰਖੁਰਦਾਰ ਇਹ ਤਾਂ।
ਭਾਈ ਸਾਹਿਬ ਦੇ ਜਥੇ ਤੋਂ ਛੱਕ ਅੰਮ੍ਰਿਤ, ਬਣਿਐ ਗੁਰੂ ਵਾਲਾ, ਸਾਰਾ ਪ੍ਰਵਾਰ ਇਹ ਤਾਂ।
ਅਰਜਨ ਦਾਸ ਤੋਂ ਅਰਜਨ ਸਿੰਘ ਬਣ ਕੇ, ਸਹਿਜਧਾਰੀ ਤੋਂ ਬਣਿਐ ਸਰਦਾਰ ਇਹ ਤਾਂ।
ਮੰਡੀ ਬਹਾਉਦੀਨ ਦੇ ਸਜੇ ਦੀਵਾਨ ਅੰਦਰ, ਭਾਈ ਸਾਹਿਬ ਸਟੇਜ ਤੇ ਖੜੇ ਏਥੇ।
ਕਹਿਣ ਲੱਗੇ ਉਹ ਗੁਰੂ ਦੀਆਂ ਸੰਗਤਾਂ ਨੂੰ, ਚਾਅ ਤੁਸਾਂ ਨੂੰ ਬੜੇ ਨੇ ਚੜ੍ਹੇ ਏਥੇ।
ਝੋਲੀ ਅੱਡ ਕੇ ਮੰਗਣ ਇੱਕ ਮੰਗ ਲੱਗਾਂ, ਦੂਰ ਦੂਰ ਤੋਂ ਪਹੁੰਚੇ ਹੋ ਬੜੇ ਏਥੇ।
ਕੋਈ ਸਹਿਜਧਾਰੀ,ਦਸ਼ਮੇਸ਼ ਦਾ ਬਣ ਬੇਟਾ, ਪੰਥਕ ਬੇੜੇ ਦੇ ਉੱਤੇ ਅੱਜ ਚੜ੍ਹੇ ਏਥੇ।
ਇਸ ਇਕੋ ਅਪੀਲ ਤੇ ਉਸੇ ਵੇਲੇ, ਦਿਲ ਵਿੱਚ ਵਲਵਲੇ ਉਠੇ ਸਨ ਬੜੇ ਏਥੇ।
ਅਠਾਰਾਂ ਸਹਿਜਧਾਰੀ ਪ੍ਰਵਾਰ ਉੇਸੇ ਵੇਲੇ,ਅੰਮ੍ਰਿਤ ਛੱਕਣ ਲਈ ਉਠ ਕੇ ਖੜ੍ਹੇ ਏਥੇ।
ਭਾਈ ਸਾਹਿਬ ਦੇ ਜੀਵਨ ਤੋਂ ਸੇਧ ਲੈ ਕੇ, ਸਿੱਖ ਕੌਮ ਦਾ ਸੁਪਨਾ ਸਾਕਾਰ ਕਰੀਏ।
ਅੰਮ੍ਰਿਤ ਛੱਕ ਕੇ ਬਣੀਏ ਹੁਣ ਗੁਰੂ ਵਾਲੇ, ਥਾਂ ਥਾਂ ਤੇ ਅੰਮ੍ਰਿਤ ਸੰਚਾਰ ਕਰੀਏ।
ਸਿੱਖ ਧਰਮ ਹੈ ਧਰਮ ਮਨੁੱਖਤਾ ਦਾ, ਹਰ ਥਾਂ ਧਰਮ ਕਾ ਜੈ ਜੈਕਾਰ ਕਰੀਏ।
ਪਾਵਨ ਬਾਣੀ ਜੋ ਸਾਂਝੀ ਏ ਸਾਰਿਆਂ ਲਈ ‘ਜਾਚਕ’ ਜਗ ਦੇ ਵਿੱਚ ਪ੍ਰਚਾਰ ਕਰੀਏ।