ਮਾਤਾ ਸਾਹਿਬ ਕੌਰ ਜੀ ਸੰਬੰਧੀ ਕਵਿਤਾਵਾਂ
ਮਾਤਾ ਸਾਹਿਬ ਕੌਰ ਜੀ
ਸਾਹਿਬ ਦੇਵਾ ਦਾ ਪਾਵਨ ਸੀ ਜਨਮ ਹੋਇਆ, ਜਿਲ੍ਹਾ ਜੇਹਲਮ ਦੇ ਨਗਰ ਰੁਹਤਾਸ ਅੰਦਰ।
ਪਿਤਾ ਭਾਈ ਰਾਮਾਂ, ਮਾਤਾ ਜੱਸ ਦੇਵੀ, ਸਚਮੁੱਚ ਸਨ ਬੜੇ ਹੁਲਾਸ ਅੰਦਰ।
ਗੁਰੂ ਕਿਰਪਾ ਨਾਲ ਹੋਇਆ ਸੀ ਜਨਮ ਉਸਦਾ, ਦਸਮ ਪਿਤਾ ਲਈ ਸ਼ਰਧਾ ਸੀ ਖਾਸ ਅੰਦਰ।
ਚਮਕ ਰਹੀ ਹੈ ਚੰਨ ਦੇ ਵਾਂਗ ਮਾਤਾ, ਸਿੱਖ ਕੌਮ ਦੇ ਸੋਹਣੇ ਅਕਾਸ਼ ਅੰਦਰ।
ਜਦੋ ਓਹਨੇ ਜੁਆਨੀ ’ਚ ਪੈਰ ਧਰਿਆ, ਮਾਤਾ ਪਿਤਾ ਨੇ ਕੀਤੀ ਵਿਚਾਰ ਓਦੋਂ।
ਗੁਰੂ ਚਰਨਾਂ ’ਚ ਅਰਪਣ ਹੈ ਇਹ ਕਰਨੀ, ਓਨ੍ਹਾਂ ਲਿਆ ਇਹ ਨਿਸਚਾ ਸੀ ਧਾਰ ਓਦੋਂ ।
ਅਨੰਦਪੁਰ ਵਿੱਚ ਪਹੁੰਚ ਕੇ ਸਾਰਿਆਂ ਨੇ (ਭਾਈ)ਮਨੀ ਸਿੰਘ ਨਾਲ ਕੀਤੀ ਵਿਚਾਰ ਓਦੋਂ।
ਗਲ ਵਿੱਚ ਪਾ ਪੱਲਾ, ਫਿਰ ਦਸ਼ਮੇਸ ਅੱਗੇ, ਖੜੇ ਹੋ ਗਏ ਨਾਲ ਸਤਿਕਾਰ ਓਦੋਂ।
ਕੀਤੀ ਨਿਮਰਤਾ ਸਹਿਤ ਅਰਜ਼ੋਈ ਸਭ ਨੇ, ਤੇਰੇ ਚਰਨਾਂ ਦੀ ਧੂੜ ਦੇ ਕੱਖ ਦਾਤਾ।
ਲਾਡਾਂ ਚਾਵਾਂ ਨਾਲ ਪਾਲੀ ਹੋਈ ਇਹ ਬੱਚੀ, ਥੋਡੇ ਸਾਹਮਣੇ ਖੜੀ ਪ੍ਰਤੱਖ ਦਾਤਾ।
ਤੁਸਾਂ ਦੀ ਅਮਾਨਤ ਹੈ ਪਾਤਸ਼ਾਹਾ, ਰਹਿ ਸਕਦੀ ਨਹੀਂ ਤੁਸਾਂ ਤੋਂ ਵੱਖ ਦਾਤਾ।
ਭਾਵੇਂ ਮਹਿਲ ਤੇ ਭਾਵੇਂ ਫਿਰ ਟਹਿਲ ਅੰਦਰ, ਜਿਥੇ ਜੀਅ ਕਰਦੈ, ਓਥੇ ਰੱਖ ਦਾਤਾ।
ਗੁਰੂ ਸਾਹਿਬ ਸੁਣ ਸੰਗਤ ਦੀ ਬੇਨਤੀ ਨੂੰ, ਬਚਨ ਕੀਤੇ ਵਿੱਚ ਸਜੇ ਦਿਵਾਨ ਹੈਸੀ।
ਰੱਖਣਾ ਨਹੀਂ ਸਰੀਰਕ ਸਬੰਧ ਇਸ ਨਾਲ, ਸਭ ਦੇ ਸਾਹਮਣੇ ਕੀਤਾ ਐਲਾਨ ਹੈਸੀ ।
ਸਾਹਿਬ ਕੌਰ ਦਾ ਕੀਤਾ ਕਬੂਲ ਡੋਲਾ, ਏਸ ਸ਼ਰਤ ਤੇ ਗੁਰਾਂ ਪ੍ਰਵਾਨ ਹੈਸੀ ।
ਸਾਂਝ ਆਤਮਕ ਤੌਰ ਤੇ ਰੱਖਦੇ ਰਹੇ, ਦਿੱਤਾ ਮਹਿਲਾਂ ਵਿੱਚ ਯੋਗ ਸਥਾਨ ਹੈਸੀ ।
ਅਨੰਦ ਕਾਰਜ ਤੋਂ ਬਾਦ ਫਿਰ ਹਰ ਵੇਲੇ, ਗੁਰੂ ਸਾਹਿਬ ਦੀ ਕੀਤੀ ਮਹਾਨ ਸੇਵਾ।
ਨਾਮ ਸਿਮਰਨ ’ਚ ਸਦਾ ਹੀ ਲੀਨ ਰਹਿ ਕੇ, ਉਨ੍ਹਾਂ ਕੀਤੀ ਹੋ ਅੰਤਰ ਧਿਆਨ ਸੇਵਾ।
ਕਿਸੇ ਹੁਕਮ ਤੇ ਕਿੰਤੂ ਨਾ ਕਦੇ ਕੀਤਾ, ਕੀਤੀ ਸਮਝ ਕੇ ਜਿੰਦ ਤੇ ਜਾਨ ਸੇਵਾ।
ਸ਼ਰਧਾ, ਭਗਤੀ ਤੇ ਸਬਰ ਸੰਤੋਖ ਵਾਲੀ, ਹੋਈ ਗੁਰੂ ਦੇ ਦਰ ਪ੍ਰਵਾਨ ਸੇਵਾ।
ਸੇਵਾ ਕਰਦਿਆਂ ਇਕ ਦਿਨ ਪਾਤਸ਼ਾਹ ਨੂੰ, ਆਪਣੇ ਦਿਲ ਦਾ ਦੁਖੜਾ ਸੁਣਾ ਦਿੱਤਾ।
ਬਖਸ਼ੋ ਮੈਨੂੰ ਵੀ ਪੁੱਤਰ ਦੀ ਦਾਤ ਕਹਿ ਕੇ, ਔਖਾ ਜਿਹਾ ਸੁਆਲ ਇਕ ਪਾ ਦਿੱਤਾ।
ਕਲਗੀਧਰ ਨੇ ਮਿਹਰਾਂ ਦੇ ਵਿੱਚ ਆਕੇ, ਆਪਣੇ ਮੁੱਖ ’ਚੋਂ ਏਦਾਂ ਫੁਰਮਾ ਦਿੱਤਾ।
ਤੇਰੀ ਝੋਲੀ ਵਿੱਚ ਸਾਹਿਬ ਕੌਰ ਜੀਓ, ਅੱਜ ਤੋਂ ਖਾਲਸਾ ਪੰਥ ਨੂੰ ਪਾ ਦਿੱਤਾ।
ਗੁਰੂ ਸਾਹਿਬ ਤੋਂ ਪਿੱਛੋਂ ਫਿਰ ਸਾਲ ਚਾਲੀ, ਕਰਦੇ ਰਹੇ ਅਗਵਾਈ ਸਨ ਠੀਕ ਮਾਤਾ।
ਪੰਥਕ ਹਿੱਤਾਂ ਲਈ ਫੈਸਲੇ ਲੈਣ ਲੱਗਿਆਂ, ਸਹੀ ਸਮੇਂ ਦੀ ਕਰਦੇ ਉਡੀਕ ਮਾਤਾ।
ਅੱਜ ਵੀ ਅੰਮ੍ਰਿਤ ਸੰਚਾਰ ਉਪਰੰਤ ਸਾਡੇ, ਆਦਰ ਮਾਣ ਦੇ ਬਣਦੇ ਪ੍ਰਤੀਕ ਮਾਤਾ।
ਸਾਡੇ ਪਿਤਾ ਨੇ ਗੁਰੂ ਗੋਬਿੰਦ ਸਿੰਘ ਜੀ, ਸਾਹਿਬ ਕੌਰ ਸਾਡੇ ਪੂਜਨੀਕ ਮਾਤਾ।
ਇਛਾ ਰਹਿਤ ਗੁਜਾਰਿਆ ਜਿਵੇਂ ਜੀਵਨ, ਕਿਸੇ ਹੋਰ ਨੇ ਓਦਾਂ ਗੁਜਾਰਿਆ ਨਹੀਂ।
ਔਖੀ ਘਾਟੀ ਤੇ ਮੁਸ਼ਕਲ ਪੈਂਡਿਆਂ ਤੇ, ਹਿੰਮਤ ਹੌਸਲਾ ਕਦੇ ਵੀ ਹਾਰਿਆ ਨਹੀਂ।
ਕਿਹੜਾ ਦੁੱਖ ਜੋ ਪਿਤਾ ਦਸਮੇਸ਼ ਦੇ ਨਾਲ, ਆਪਣੇ ਪਿੰਡੇ ਤੇ ਓਨ੍ਹਾਂ ਸਹਾਰਿਆ ਨਹੀਂ।
ਪਰ ਅਫ਼ਸੋਸ ਨਾਲ ਲਿਖ ਰਿਹਾ ਹੈ ‘ਜਾਚਕ’ ਓਹਦੇ ਪੁੱਤਰਾਂ ਉਹਨੂੰ ਪ੍ਰਚਾਰਿਆ ਨਹੀਂ।