Home » ਗੁਰਸਿੱਖਾਂ ਸੰਬੰਧੀ ਕਵਿਤਾਵਾਂ » ਭਾਈ ਸ਼ਾਮੂ ਸਚਿਆਰ ਜੀ ਸੰਬੰਧੀ ਕਵਿਤਾਵਾਂ

ਭਾਈ ਸ਼ਾਮੂ ਸਚਿਆਰ ਜੀ ਸੰਬੰਧੀ ਕਵਿਤਾਵਾਂ

by Dr. Hari Singh Jachak
Poems Bhai Shamu Sachiarji

ਭਾਈ ਸ਼ਾਮੂ ਸਚਿਆਰ ਜੀ ਸੰਬੰਧੀ ਕਵਿਤਾਵਾਂ

ਭਾਈ ਸ਼ਾਮੂ ਸਚਿਆਰ ਜੀ

ਸਤਵੇਂ ਪਾਤਸ਼ਾਹ ਗੁਰਮਤਿ ਪ੍ਰਚਾਰ ਰਾਹੀਂ, ਵੰਡ ਰਹੇ ਵਿੱਚ ਸੰਸਾਰ ਸੁਗੰਧ ਹੈਸਨ ।

ਰੱਬੀ ਪ੍ਰੇਮ ਦੀ ਤਾਰ ਨਾਲ ਬੰਨ ਸਭ ਨੂੰ,  ਜੋੜ ਰਹੇ ਓਹ ਟੁੱਟੇ ਸਬੰਧ ਹੈਸਨ।

ਲੋੜਵੰਦਾਂ ਦੀਆਂ ਲੋੜਾਂ ਨੂੰ ਮੁੱਖ ਰੱਖਕੇ, ਲੇਖੇ ਲਾ ਰਹੇ ਸਾਰਾ ਦਸਵੰਧ ਹੈਸਨ।

ਦੂਰੋਂ ਦੂਰੋਂ ਜੋ ਸੰਗਤਾਂ ਆਉਂਦੀਆਂ ਸੀ, ਕਰਦੇ ਓਨ੍ਹਾਂ ਲਈ ਯੋਗ ਪ੍ਰਬੰਧ ਹੈਸਨ।

 

ਲਹਿਦੇ ਦੇਸ਼ ਤੋਂ ਕੀਰਤਪੁਰ ਚੱਲ ਕੇ ਤੇ, ਸੱਤਵੇਂ ਪਾਤਸ਼ਾਹ ਪਾਸ ਸੀ ਆਈ ਸੰਗਤ।

ਤੱਕ ਕੇ ਚਿਹਰੇ ਤੇ ਜਾਹੋ-ਜਲਾਲ ਸੋਹਣਾ, ਕਰ ਰਹੀ ਸੀ ਦਿਲੋਂ ਵਡਿਆਈ ਸੰਗਤ।

ਪਈ ਠੰਢ ਸੀ ਤਪਦਿਆਂ ਹਿਰਦਿਆਂ ’ਚ, ਮੰਤਰ ਮੁਗਧ ਹੋ ਬਾਣੀ ਜਦ ਗਾਈ ਸੰਗਤ।

ਇਨ੍ਹਾਂ ਵਿੱਚ ਹੀ ਇਕ ਸੀ ਸ਼ਾਹ ਸ਼ਾਮੂ, ਜਿਸ ਨੇ ਗੁਰਮੁਖਾਂ ਦੀ ਹੈਸੀ ਪਾਈ ਸੰਗਤ।

 

ਜਿਥੇ ਬਾਣੀ ਦੇ ਨਾਲ ਸੀ ਓਹ ਜੁੜਿਆ, ਓਥੇ ਬੜਾ ਹੀ ਪੱਕਾ ਵਪਾਰ ਦਾ ਸੀ।

ਬਾਣੀ ਬੜੇ ਪਿਆਰ ਦੇ ਨਾਲ ਪੜ੍ਹਦਾ, ਨਾਲੇ ਘੋਖਦਾ ਅਤੇ ਵਿਚਾਰਦਾ ਸੀ।

ਆਪਣੇ ਮਨ ਦੀ ਮੈਲ ਨੂੰ ਧੋ ਧੋ ਕੇ, ਆਪਣੇ ਜੀਵਨ ਦੇ ਤਾਈਂ ਸਵਾਰਦਾ ਸੀ।

ਪੁੱਛਣਾ ਚਾਹੁੰਦਾ ਸੁਆਲ ਸੀ ਪਾਤਸ਼ਾਹ ਤੋਂ, ਐਪਰ ਪੁਛਣ ਲਈ ਅਜੇ ਵਿਚਾਰਦਾ ਸੀ।

 

ਜਾਣੀ ਜਾਣ ਨੇ ਜਾਣ ਕੇ ਕਿਹਾ ਸ਼ਾਮੂ, ਆਪਣੇ ਘਰ ਤੂੰ ਵਾਪਸ ਅੱਜ ਜਾ ਰਿਹਾ ਏਂ।

ਰਹਿਕੇ ਸਦਾ ਹੀ ਰੱਬੀ ਰਜ਼ਾ ਅੰਦਰ, ਓਸ ਰੱਬ ਦੇ ਗੁਣ ਹੀ ਗਾ ਰਿਹਾ ਏਂ।

ਦਿਲ ਦੀ ਗੱਲ ਪਰ ਅਜੇ ਹੈ ਦਿਲ ਅੰਦਰ, ਸਾਨੂੰ ਦੱਸਣੋਂ ਕਾਹਨੂੰ ਕਤਰਾ ਰਿਹਾ ਏਂ।

ਜੋ ਕੁਝ ਪੁਛਣੈ, ਖੁਲ੍ਹ ਕੇ ਪੁੱਛ ਮੈਥੋਂ, ਦਿਲ ਦਾ ਭੇਤ ਤੂੰ ਕਾਹਨੂੰ ਛੁਪਾ ਰਿਹਾ ਏਂ।

 

ਸ਼ਾਮੂ ਸ਼ਾਹ ਦੇ ਸੱਜਲ ਸੀ ਨੈਣ ਹੋ ਗਏ, ਕਹਿਣ ਲੱਗਾ ਮੈਂ ਹੋਇਆ ਨਿਹਾਲ ਦਾਤਾ।

ਘੱਟ ਘੱਟ ਦੀਆਂ ਜਾਣਨਹਾਰ ਸਾਈਆਂ, ਦਿਲ ’ਚ ਉਠ ਰਿਹੈ ਇਕੋ ਸਵਾਲ ਦਾਤਾ।

ਕਿਵੇਂ ਬਣੀਦਾ ਹੈ ਸਚਿਆਰ ਜੱਗ ਤੇ, ਕਿਵੇਂ ਕੂੜ ਦੀ ਟੁੱਟਦੀ ਪਾਲ ਦਾਤਾ।

ਸਿਰ ਚਰਨਾਂ ਤੇ ਰੱਖ ਕੇ ਕਹਿਣ ਲੱਗਾ, ਹੱਲ ਕਰੋ ਇਹ ਦੀਨ ਦਇਆਲ ਦਾਤਾ।

 

ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਹੱਲ ਕਰਾਂ ਮੈਂ ਕਿੱਦਾਂ ਸੁਆਲ ਸ਼ਾਮੂ।

ਇਹਦੇ ਅਰਥ ਹੀ ਤੈਨੂੰ ਸਮਝਾ ਦੇਵਾਂ, ਜਾਂ ਫਿਰ ਕਰਾਂ ਨਿਹਾਲ ਨਿਹਾਲ ਸ਼ਾਮੂ।

ਬੰਦਾ ਛੱਡ ਦਏ ਜਦੋਂ ਹੰਕਾਰ ਕਰਨਾ, ਓਦੋਂ  ਕੂੜ ਦੀ ਟੁਟਦੀ ਪਾਲ ਸ਼ਾਮੂ।

ਬਣ ਜਾਂਦਾ ਏ ਓਦੋਂ ‘ਸਚਿਆਰ’ ਬੰਦਾ, ਜੁੜ ਜਾਂਦੈ ਜਦ ‘ਸੱਚੇ’ ਦੇ ਨਾਲ ਸ਼ਾਮੂ।

 

ਉਹਦੇ ਸੀਸ ਉੱਤੇ ਪਾਵਨ ਹੱਥ ਰੱਖ ਕੇ, ਗੁਰਾਂ ਕਿਹਾ ਫਿਰ ਨਾਲ ਪਿਆਰ ਸ਼ਾਮੂ।

ਰਹਿਣੈ ਸਦਾ ਹੀ ਨਿਮਰਤਾ ਵਿੱਚ ਹਰਦਮ, ਕਰਨਾ ਕਦੇ ਵੀ ਨਹੀਂ ਹੰਕਾਰ ਸ਼ਾਮੂ।

ਅੱਗੋਂ ਝੂਠੇ ਵਪਾਰ ਦੀ ਥਾਂ ਉੱਤੇ, ਕਰਨੈ ਸੱਚ ਦਾ ਸਦਾ ਵਾਪਾਰ ਸ਼ਾਮੂ।

‘ਕੱਲਾ ਸ਼ਾਹ ਹੀ ਨਹੀਂ ਹੁਣ ਰਿਹਾ ਅੱਜ ਤੋਂ, ਬਣ ਗਿਆ ਏਂ ਤੂੰ ‘ਸਚਿਆਰ’ ਸ਼ਾਮੂ।

 

ਅੰਦਰ ਸੱਚ ਦਾ ਓਹਦੇ ਪ੍ਰਕਾਸ਼ ਕਰਕੇ, ਪਾਵਨ ਹਿਰਦਾ ਸੀ ਨੂਰੋ ਨੂਰ ਕੀਤਾ।

ਓਸੇ ਵੇਲੇ ਸਨ ਬਜਰ ਕਪਾਟ ਖੁਲ੍ਹ ਗਏ, ਪੜਦਾ ਹਉਮੈਂ ਦਾ ਗੁਰਾਂ ਜਦ ਦੂਰ ਕੀਤਾ।

ਉਹਦੀ ਰਸਨਾ ਤੇ ਨਾਮ ਦਾ ਰੰਗ ਲਾ ਕੇ, ਨਾਮ ਬਾਣੀ ਦੇ ਨਾਲ ਮਖਮੂਰ ਕੀਤਾ।

ਜਗਮਗ ਜਗ ਪਏ ਤਨ ਤੇ ਮਨ ਉਸਦੇ, ‘ਨੇਰਾ ਕੂੜ ਵਾਲਾ ਚਕਨਾਚੂਰ ਕੀਤਾ।

 

ਲੈ ਕੇ ਆਗਿਆ ਗੁਰਾਂ ਤੋਂ ਵਿਦਾ ਹੋਇਆ, ਸ਼ਾਮੂ ਸ਼ਾਹ ਭਾਈ ਸ਼ਾਮੂ ਸਚਿਆਰ ਬਣ ਕੇ।

ਲਾਇਆ ਆਸਨ ਸੀ ਰਾਵੀ ਦਰਿਆ ਕੰਡੇ, ਪਤਝੜ ਵਿੱਚ ਬਸੰਤ ਬਹਾਰ ਬਣ ਕੇ।

ਚੰਦਨ ਵਾਂਗ ਸੀ ਵੰਡਣ ਖੁਸ਼ਬੋ ਲੱਗੇ, ਸੱਚੇ ਸਤਿਗੁਰਾਂ ਦੇ ਸੇਵਾਦਾਰ ਬਣ ਕੇ।

ਰੱਤੇ ਰਹਿੰਦੇ ਸਨ ਸਾਂਈਂ ਦੇ ਰੰਗ ਅੰਦਰ, ਦੁਖੀਆਂ ਅਤੇ ਗਰੀਬਾਂ ਦੇ ਯਾਰ ਬਣ ਕੇ।

 

‘ਕੱਠੇ ਹੋ ਕੇ ਲੋਕ ਕਮਾਲੀਏ ਦੇ, ਇਕ ਦਿਨ ਸ਼ਾਮੂ ਸਚਿਆਰ ਜੀ ਪਾਸ ਆਏ।

ਕਹਿਣ ਲੱਗੇ ਉਹ ਨਿਮਰਤਾ ਨਾਲ ਆ ਕੇ, ਲੈ ਕੇ ਦਿਲਾਂ ਦੇ ਵਿੱਚ ਹਾਂ ਆਸ ਆਏ।

ਬਖਸ਼ੋ ਸਾਨੂੰ ਵੀ ਸੇਵਾ ਦੀ ਦਾਤ ਕੋਈ, ਝੋਲੀ ਅੱਡ ਕੇ ਤੁਸਾਂ ਦੇ ਪਾਸ ਆਏ।

ਪਾਉ ਚਰਨ ਕਮਾਲੀਏ ਸ਼ਹਿਰ ਅੰਦਰ, ਕਰਨ ਬੇਨਤੀ ਅਸੀਂ ਹਾਂ ਖਾਸ ਆਏ।

 

ਕਿਹਾ ਸ਼ਾਮੂ ਸਚਿਆਰ ਨੇ ਸੰਗਤਾਂ ਨੂੰ, ਕਰੋ ਵਾਹਦਾ ਇਹ ਅਸਾਂ ਦੇ ਨਾਲ ਪਹਿਲਾਂ ।

ਜਿਥੇ ਬੈਠ ਕੇ ਗੁਰੂ ਦੇ ਗੁਣ ਗਾਈਏ, ਯੋਗ ਥਾਂ ਦੀ ਕਰੋ ਪਰ ਭਾਲ ਪਹਿਲਾਂ।

ਬਚਨ ਮੰਨ ਕੇ ਨਗਰ ਦੀਆਂ ਸੰਗਤਾਂ ਨੇ, ਸੇਵਾ ਕੀਤੀ ਸੀ ਸਿਦਕ ਦੇ ਨਾਲ ਪਹਿਲਾਂ।

ਮਹਾਂਪੁਰਖਾਂ ਦੇ ਚਰਨ ਪੁਆਏ ਪਿੱਛੋਂ, ਬਣਾਈ ਨਗਰ ਅੰਦਰ ਧਰਮਸਾਲ ਪਹਿਲਾਂ।

 

ਪਿੰਡ ਕਮਾਲੀਏ ਪਹੁੰਚ ਕੇ ਭਾਈ ਸਾਹਿਬ, ਸਮਾਂ ਬੰਦਗੀ ਵਿੱਚ ਬਿਤਾਉਣ ਲੱਗੇ।

ਮਹਿਮਾ ਸੁਣਕੇ ਗੁਰੂ ਦੇ ਲਾਲ ਸਾਰੇ, ਦੂਰ ਦੂਰ ਤੋਂ ਚੱਲ ਕੇ ਆਉਣ ਲੱਗੇ।

ਅੰਮ੍ਰਿਤ ਬਚਨਾਂ ਨਾਲ ਗੁਰੂ ਕੀਆਂ ਸੰਗਤਾਂ ਨੂੰ, ਸੱਚੇ ਗੁਰੂ ਦੇ ਲੜ ਸੀ ਲਾਉਣ ਲੱਗੇ।

ਜਿਹੜੇ ਬਚਨ ਵੀ ਮੁੱਖ ਚੋਂ ਨਿਕਲਦੇ ਸੀ, ਸੁਤੇ ਸਿੱਧ ਹੀ ਪੂਰੇ ਉਹ ਹੋਣ ਲੱਗੇ।

 

ਰੱਬੀ ਰੰਗ’ਚ ਰੱਤੇ ਉਹ ਦਿਨ ਰਾਤੀਂ, ਕਰਦੇ ਰਹੇ ਸਨ ਗੁਰਮਤ ਪ੍ਰਚਾਰ ਏਥੇ।

ਮੰਨ ਕੇ ਬੇਨਤੀ ਨਗਰ ਨਿਵਾਸੀਆਂ ਦੀ, ਲੈ ਆਏ ਫਿਰ ਘਰ ਪ੍ਰਵਾਰ ਏਥੇ।

ਰਹੇ ਗ੍ਰਿਹਸਤ’ਚ ਕਮਲ ਦੇ ਫੁੱਲ ਵਾਂਗੂੰ, ਮਿਲਿਆ ਬੜਾ ਪਿਆਰ ਸਤਿਕਾਰ ਏਥੇ।

ਸਦਾ ਸੱਚ ਦੇ ਮਾਰਗ ਤੇ ਰਹੇ ਚਲਦੇ, ਭਾਈ ਸਾਹਿਬ ਭਾਈ ਸ਼ਾਮੂ ਸਚਿਆਰ ਏਥੇ।

 

ਇਕ ਦਿਨ ਬਹੁਤ ਹੀ ਦੁਖੀ ਇਕ ਮਾਈ ਆ ਕੇ, ਦਰੀ ਉੱਤੇ ਲਿਟਾਇਆ ਬੀਮਾਰ ਪੁੱਤਰ।

ਕੀਤੀ ਨਿਮਰਤਾ ਸਹਿਤ ਅਰਜ਼ੋਈ ਉਸ ਨੇ, ਤਪ ਰਿਹਾ ਏ ਨਾਲ ਬੁਖਾਰ ਪੁੱਤਰ।

ਨਹੀਂ ਕਿਸੇ ਦਵਾਈ ਨਾਲ ਠੀਕ ਹੋਇਆ, ਇਕੋ ਇਕ ਮੇਰਾ ਬਰਖੁਰਦਾਰ ਪੁੱਤਰ।

ਥੋਡੇ ਚਰਨਾਂ ’ਚ ਇਕੋ ਹੀ ਬੇਨਤੀ ਏ, ਕਰ ਦਿਉ ਠੀਕ ਮੇਰਾ, ਇਕ ਵਾਰ ਪੁੱਤਰ।

 

ਮਹਾਂ ਪੁਰਖਾਂ ਨੇ ਸੰਗਤ ਦੀ ਚਰਨ ਧੂੜੀ, ਚੁੱਕ ਕੇ ਬੱਚੇ ਦੇ ਮੱਥੇ ਤੇ ਲਾ ਦਿੱਤੀ।

ਟੁੱਟ ਗਿਆ ਸੀ ਓਹਦਾ ਬੁਖਾਰ ਇਕ ਦਮ, ਐਸੀ ਦਾਤੇ ਨੇ ਕਲਾ ਵਰਤਾ ਦਿੱਤੀ।

ਦੋ ਤਿੰਨ ਵੇਰਾਂ ਏਦਾਂ ਠੀਕ ਕਰਕੇ, ਬੁਝਦੀ ਜੀਵਨ ਦੀ ਜੋਤ ਜਗਾ ਦਿੱਤੀ।

ਇਹਦੇ ਜੀਵਨ ਦੀ ਡੋਰ ਹੈ ਟੁੱਟ ਚੁੱਕੀ, ਸੰਤਾਂ ਆਖਰ ਪਰ ਗੱਲ ਸੁਣਾ ਦਿੱਤੀ।

 

ਇਕੋ ਇਕ ਹੈ ਇਸ ਦਾ ਹੱਲ ਐਪਰ, ਤੁਸੀਂ ਪੁਰੀ ਅਨੰਦ ਵਿੱਚ ਜਾਓ ਛੇਤੀ।

ਦਸਵੇਂ ਜਾਮੇ ’ਚ ਰੱਬੀ ਹੈ ਜੋਤ ਬੈਠੀ, ਧੂੜੀ ਚਰਨਾਂ ਦੀ ਮਸਤਕ ਤੇ ਲਾਓ ਛੇਤੀ।

ਜਿਸ ਘੋੜੇ ਤੇ ਪਾਤਸ਼ਾਹ ਬੈਠਦੇ ਨੇ, ਉਸ ਨੀਲੇ ਦੀ ਸੇਵਾ ਕਮਾਓ ਛੇਤੀ।

ਹਾਜ਼ਰ ਹੋ ਕੇ ਸੱਚੇ ਦਰਬਾਰ ਅੰਦਰ, ਇਹ ਦੀ ਉਮਰ ਦਾ ਧਾਗਾ ਵਧਾਓ ਛੇਤੀ।

 

ਬਚਨ ਮੰਨ ਕੇ ਸ਼ਾਮੂ ਸਚਿਆਰ ਜੀ ਦਾ, ਪਹੁੰਚਾ ਪੁਰੀ ਅਨੰਦ ਪ੍ਰਵਾਰ ਸਾਰਾ।

ਦਰਸ਼ਨ ਦੂਰੋਂ ਹੀ ਕਰਕੇ ਪਾਤਸ਼ਾਹ ਦੇ, ਤਨ ਮਨ ਹੋ ਗਿਆ ਸੀ ਠੰਢਾ ਠਾਰ ਸਾਰਾ।

ਨੀਲੇ ਘੋੜੇ ਦੀ ਸੇਵਾ ਦਿਨ ਰਾਤ ਕਰਕੇ, ਸਮਾਂ ਕਰ ਰਹੇ ਸਨ ਸਾਕਾਰ ਸਾਰਾ।

ਇਕ ਦਿਨ ਪਾਤਸ਼ਾਹ ਪਹੁੰਚੇ ਜਦ ਘੋੜਸ਼ਾਲਾ, ਮਨ ਤੋਂ ਲਹਿ ਗਿਆ ਗਮਾਂ ਦਾ ਭਾਰ ਸਾਰਾ।

 

ਭਾਈ ਧੰਨੇ ਨੇ ਦੱਸਿਆ ਪਾਤਸ਼ਾਹ ਨੂੰ, ਲਹਿੰਦੇ ਦੇਸ਼ ਤੋਂ ਆਏ ਨੇ ਪਾਤਸ਼ਾਹ ਜੀ।

ਭਾਈ ਸ਼ਾਮੂ ਸਚਿਆਰ ਨੇ ਭੇਜਿਆ ਏ, ਜਿਹੜੇ ਧੁਰੋਂ ਵਰੋਸਾਏ ਨੇ ਪਾਤਸ਼ਾਹ ਜੀ।

ਨੀਲੇ ਘੋੜੇ ਦੀ ਸੇਵਾ ਸੰਭਾਲ ਕਰਕੇ, ਚਾਰ ਮਹੀਨੇ ਬਿਤਾਏ ਨੇ ਪਾਤਸ਼ਾਹ ਜੀ।

ਘੜੀ ਪਲ ਨਹੀਂ ਇਨ੍ਹਾਂ ਆਰਾਮ ਕੀਤਾ, ਸੁਆਸ ਸੇਵਾ ’ਚ ਲਾਏ ਨੇ ਪਾਤਸ਼ਾਹ ਜੀ।

 

ਕਹਿਣ ਲੱਗੇ ਫਿਰ ਪਾਤਸ਼ਾਹ ਵਜਦ ਅੰਦਰ, ਸਚਮੁੱਚ ਹੈ ਸ਼ਾਮੂ ਸਚਿਆਰ ਉਹ ਤਾਂ।

ਗੁਰੂ ਚਰਨਾਂ ਨਾਲ ਜੋੜ ਕੇ ਸੰਗਤਾਂ ਨੂੰ, ਕਰ ਰਿਹਾ ਹੈ ਪਰਉਪਕਾਰ ਉਹ ਤਾਂ।

ਮਹਾਂਪੁਰਖ ਦੀ ਰਸਨਾ ਤੇ ਰੱਬ ਵਸਦੈ, ਡੁੱਬ ਰਿਹਾਂ ਨੂੰ ਰਿਹਾ ਹੈ ਤਾਰ ਉਹ ਤਾਂ।

ਕਹਿਣਾ ਜਾ ਕੇ ਹੁੰਡੀਆਂ ਰਹਿਣ ਭਰਦੇ, ਕਰਦੇ ਰਹਾਂਗੇ ਅਸੀਂ ਸਵੀਕਾਰ ਉਹ ਤਾਂ।

 

ਸੁਣ ਕੇ ਗਾਥਾ ਇਹ ਸਾਰੀਆਂ ਸੰਗਤਾਂ ਤੋਂ, ਗਦਗਦ ਹੋ ਗਏ ਸ਼ਾਮੂ ਸਚਿਆਰ ਆਖਰ।

ਸਦਾ ਸੱਚ ਦੀ ਰਹੇ ਕਮਾਈ ਕਰਦੇ, ਤੁਰ ਗਏ ਸੱਚ ਦਾ ਕਰਦੇ ਵਪਾਰ ਆਖਰ।

ਸਾਰੀ ਉਮਰ ਹੀ ਧਰਮ ਪ੍ਰਚਾਰ ਕਰਕੇ, ਗੁਰਪੁਰੀ ਨੂੰ ਗਏ ਸਿਧਾਰ ਆਖਰ।

ਸੱਜਲ ਨੈਣਾਂ ਨਾਲ ਸਾਰੀਆਂ ਸੰਗਤਾਂ ਨੇ, ਮਹਾਂਪੁਰਖਾਂ ਦਾ ਕੀਤਾ ਸਸਕਾਰ ਆਖਰ।

 

ਬੂਟਾ ਲਾਇਆ ਜੋ ਸ਼ਾਮੂ ਸਚਿਆਰ ਜੀ ਨੇ, ਵਧਿਆ ਫੁਲਿਆ ਵਿੱਚ ਸੰਸਾਰ ਹੈਸੀ ।

ਸੰਤ ਸੰਗਤ ਸਿੰਘ ਕਮਾਲੀਏ ਵਾਲਿਆਂ ਵੀ, ਲੱਖਾਂ ਸੰਗਤਾਂ ਦਿਤੀਆਂ ਤਾਰ ਹੈਸੀ ।

ਪਾਵਨ ਗੁਰੂ ਗਰੰਥ ਦੇ ਲੜ ਲਾ ਕੇ, ਕੀਤਾ ਗੁਰਮਤਿ ਦਾ ‘ਜਾਚਕ’ ਪ੍ਰਚਾਰ ਹੈਸੀ ।

‘ਕਥੜੀਆ ਸੰਤਾਹ’ ਲਿਖ ਕੇ ਕਰਤਾਰ ਸਿੰਘ ਨੇ, ਕੀਤਾ ਕੌਮ ਤੇ ਬੜਾ ਉਪਕਾਰ ਹੈਸੀ।