Home » ਲਹੂ ਭਿੱਜੇ ਇਤਿਹਾਸ ਦੇ ਪੰਨੇ » ਸਾਰਾਗੜ੍ਹੀ ਦੀ ਲੜਾਈ

ਸਾਰਾਗੜ੍ਹੀ ਦੀ ਲੜਾਈ

by Dr. Hari Singh Jachak
Saragarhi Di Ladai

ਸਾਰਾਗੜ੍ਹੀ ਦੀ ਲੜਾਈ

ਸਾਰਾਗੜ੍ਹੀ ਦੀ ਲੜਾਈ

ਬਾਰਾਂ ਸਤੰਬਰ ਅਠਾਰਾਂ ਸੋ ਸਤਾਨਵੇਂ ਨੂੰ, ਕਬਾਇਲੀ ਪਠਾਨਾਂ ਨੇ ਕੀਤੀ ਚੜ੍ਹਾਈ ਹੈਸੀ ।

ਇਕਦਮ ਹੀ ਗੜ੍ਹੀ ਤੇ ਕਰ ਹਮਲਾ, ਸਸ਼ੋਪੰਜ ਵਿੱਚ ਫੌਜ ਇਹ ਪਾਈ ਹੈਸੀ।

ਹਵਾਲਦਾਰ ਈਸ਼ਰ ਸਿੰਘ ਜੀ ਨੇ, ਇਨ੍ਹਾਂ ਸੈਨਿਕਾਂ ਦੀ ਕੀਤੀ ਅਗਵਾਈ ਹੈਸੀ।

ਅੱਧੀ ਰਾਤ ਤੋਂ ਲੈ ਕੇ ਦੁਪਹਿਰ ਤੀਕਰ, ਲਹੂ ਡੋਲਵੀਂ ਹੋਈ ਲੜਾਈ ਹੈਸੀ।

 

ਸਾਰੇ ਸੈਨਿਕਾਂ ਕਰ ਲਏ ਕਮਰਕੱਸੇ, ਫਤਹਿ ਪਾਉਣ ਲਈ ਰਣ ਮੈਦਾਨ ਅੰਦਰ।

ਚਣੇ ਲੋਹੇ ਦੇ ਚੰਗੇ ਚਬਾਏ ਓਨ੍ਹਾਂ, ਕੌਮੀ ਜਜ਼ਬਾ ਸੀ ਹਰ ਜੁਆਨ ਅੰਦਰ।

ਕਿਸੇ ਇਕ ਵੀ ਸੀਅ ਨਾ ਹਾਇ ਆਖੀ, ਖਿੜੇ ਮੱਥੇ ਸਨ ਜੂਝੇ ਮੈਦਾਨ ਅੰਦਰ।

ਓਦੋਂ ਤੱਕ ਮੁਕਾਬਲਾ ਰਹੇ ਕਰਦੇ, ਜਦ ਤੱਕ ਰਹੀ ਸਰੀਰ ਦੇ ਜਾਨ ਅੰਦਰ।

 

ਗਏ ਮੌਤ ਵੱਲ ਆਪਣਾ ਮੂੰਹ ਕਰਕੇ, ਐਸੀ ਜੁਅਰਤ ਵਿਖਾਈ ਸੀ ਸੈਨਿਕਾਂ ਨੇ।

ਟੁੱਟ ਰਹੇ ਬੰਨ੍ਹ ਨੂੰ ਸਿਰਾਂ ਦੇ ਬੰਨ੍ਹ ਲਾ ਕੇ, ਜਿੰਮੇਵਾਰੀ ਨਿਭਾਈ ਸੀ ਸੈਨਿਕਾਂ ਨੇ।

ਉਦੋਂ ਮੌਤ ਦੀ ਅੱਖ ’ਚ ਅੱਖ ਪਾ ਕੇ, ਜਿੰਦੜੀ ਘੋਲ ਘੁਮਾਈ ਸੀ ਸੈਨਿਕਾਂ ਨੇ।

ਲਾੜੇ ਨਾਲ ਸ਼ਹੀਦਾਂ ਦੀ ਜੰਝ ਓਦੋਂ, ਮੌਤ ਸੱਜ ਵਿਆਹੀ ਸੀ ਸੈਨਿਕਾਂ ਨੇ।

 

ਓਦੋਂ ਤੱਕ ਓਹ ਜੰਗ ਵਿੱਚ ਜੂਝਦੇ ਰਹੇ, ਜਦੋਂ ਤੱਕ ਸਨ ਰਹੇ ਸੁਆਸ ਅੰਦਰ।

ਆਓ ਓਨ੍ਹਾਂ ਸ਼ਹੀਦਾਂ ਨੂੰ ਯਾਦ ਕਰਦੇ, ਸ਼ਰਧਾ, ਅਦਬ ਰੱਖ ਕੇ ਖਾਸਮ-ਖਾਸ ਅੰਦਰ।

ਚਮਕ ਰਹੇ ਨੇ ਵਾਂਗ ਸਿਤਾਰਿਆਂ ਦੇ, ਦੇਸ਼ ਕੌਮ ਦੇ ਸੋਹਣੇ ਅਕਾਸ਼ ਅੰਦਰ।

ਰਹਿੰਦੀ ਦੁਨੀਆਂ ਤੱਕ ਰਹਿਣਗੇ ਅਮਰ ‘ਜਾਚਕ’, ਸਾਰੇ ਜੱਗ ਦੇ ਫੌਜੀ ਇਤਿਹਾਸ ਅੰਦਰ।