Home » ਲਹੂ ਭਿੱਜੇ ਇਤਿਹਾਸ ਦੇ ਪੰਨੇ » ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਸੰਬੰਧੀ ਕਵਿਤਾਵਾਂ

ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਸੰਬੰਧੀ ਕਵਿਤਾਵਾਂ

by Dr. Hari Singh Jachak
Poem on Bhai Sukha Singh Mehtab Singh

ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਸੰਬੰਧੀ ਕਵਿਤਾਵਾਂ

ਭਾਈ ਸੁੱਖਾ ਸਿੰਘ ਮਹਿਤਾਬ ਸਿੰਘ

ਸਮਾਂ ਸਿੰਘਾਂ ਤੇ ਆਇਆ ਸੀ ਬੜਾ ਭਾਰੀ, ਜ਼ਾਲਮ ਜ਼ੁਲਮ ਤੇ ਜ਼ੁਲਮ ਕਮਾ ਰਹੇ ਸੀ।

ਅੱਸੀ ਅੱਸੀ ਰੁਪਈਏ ਸੀ ਮੁੱਲ ਸਿਰ ਦਾ, ਲੋਭੀ ਨਾਰਾਂ ਦੇ ਸੀਸ ਲਿਜਾ ਰਹੇ ਸੀ।

ਸੁਣਦਾ ਨਹੀਂ ਸੀ ਦਾਦ ਫਰਿਆਦ ਕੋਈ, ਸਿੰਘ ਸੂਰੇ ਸ਼ਹੀਦੀਆਂ ਪਾ ਰਹੇ ਸੀ।

ਜੰਗਲਾਂ ਅਤੇ ਪਹਾੜਾਂ ਦੇ ਵਿੱਚ ਜਾ ਕੇ, ਓਹਦੇ ਭਾਣੇ ਨੂੰ ਮਿੱਠਾ ਮਨਾ ਰਹੇ ਸੀ।

 

ਇਧਰ ਸਿੱਖਾਂ ਦੇ ਗੁਰ ਅਸਥਾਨਾਂ ਅੰਦਰ, ਤੁਰਕਾਂ ਡਾਹਡਾ ਅਧਰਮ ਚਲਾ ਦਿਤਾ।

ਮੱਸੇ ਰੰਘੜ ਨੂੰ ਸੋਂਪ ਕੇ ਹਰਿਮੰਦਰ, ਬਲਦੀ ਅੱਗ ਉੱਤੇ ਤੇਲ ਪਾ ਦਿੱਤਾ।

ਮੋਠ ਸਿੰਘਾਂ ਦੇ ਸੀਨੇ ਤੇ ਦਲਣ ਦੇ ਲਈ, ਉਹਨੇ ਭਾਰੀ ਹਨੇਰ ਮਚਾ ਦਿੱਤਾ।

ਚਾਨਣ ਵੰਡੇ ਜੋ ਸਾਰੇ ਸੰਸਾਰ ਅੰਦਰ, ਸੋਹਣੇ ਚੰਨ ਨੂੰ ਗ੍ਰਹਿਣ ਸੀ ਲਾ ਦਿੱਤਾ।

 

ਬੀਕਾਨੇਰ ਦੀ ਧਰਤੀ ਤੇ ਆਉ ਤੱਕੀਏ, ਸੱਜਿਆ ਹੋਇਆ ਏ ਭਾਰੀ ਦੀਵਾਨ ਏਥੇ।

ਸ੍ਰੀ ਗੁਰੂ ਗਰੰਥ ਮਹਾਰਾਜ ਸਾਹਿਬ, ਸੱਜੇ ਹੋਏ ਨੇ ਸਿੰਘਾਂ ਦਰਮਿਆਨ ਏਥੇ।

ਕੋਈ ਤਿੰਨ ਕੁ ਸੌ ਨੇ ਸਿੰਘ ਬੈਠੇ, ਚੜ੍ਹਦੀ ਕਲਾ ਦੇ ਸਾਰੇ ਚਾਹਵਾਨ ਏਥੇ।

ਜ਼ੁਲਮ ਹੋ ਰਿਹਾ ਜੋ ਪੰਜਾਬ ਅੰਦਰ, ਦੱਸੀ ਜਾ ਰਹੀ ਏ ਦਾਸਤਾਨ ਏਥੇ।

 

ਨੂਰੀ ਮੁਖੜੇ ਵਾਲਾ ਇਕ ਸਿੰਘ ਉਠਕੇ, ਹੰਝੂ ਕੇਰਦਾ ਕੇਰਦਾ ਬੋਲਿਆ ਹੈ।

ਮੱਸੇ ਰੰਘੜ ਨੇ ਪਾਵਨ ਦਰਬਾਰ ਅੰਦਰ, ਇੱਕ ਅੱਡਾ ਆਯਾਸ਼ੀ ਦਾ ਖੋਲਿਆ ਹੈ।

ਹੁੱਕਾ ਪੀਵੇ, ਸ਼ਰਾਬ ਦੇ ਦੌਰ ਚੱਲਣ, ਜ਼ਹਿਰ ਅੰਮ੍ਰਿਤ ਸਰੋਵਰ ਵਿੱਚ ਘੋਲਿਆ ਹੈ।

ਸਾਡੇ ਜੀਊਂਦਿਆਂ ਇਸ ਜਹਾਨ ਉੱਤੇ, ਸਾਡੀ ਪੱਗ ਨੂੰ ਓਸਨੇ ਰੋਲਿਆ ਹੈ।

 

ਸੁਣਕੇ ਖ਼ਬਰ ਦੁਖਦਾਈ ਇਹ, ਖਾਲਸੇ ਦੇ, ਘੁੰਮਿਆ ਅੱਖਾਂ ’ਚੋਂ ਸਾਰਾ ਇਤਿਹਾਸ, ਸਿੰਘੋ।

ਹਰ ਇਕ ਦੇ ਦਿਲੋਂ ਇਹ ਹੂਕ ਨਿਕਲੀ, ਇੰਨ੍ਹਾਂ ਮੱਸਿਆਂ ਦਾ ਕਰਨਾ ਏ ਨਾਸ, ਸਿੰਘੋ।

ਚਾਲੇ ਅੰਮ੍ਰਿਤਸਰ ਵੱਲ ਪਾ ਦੇਈਏ, ਗੁਰੂ ਚਰਨਾਂ ’ਚ ਕਰ ਅਰਦਾਸ ਸਿੰਘੋ।

ਗੂੰਜ ਉਠੇ ਜੈਕਾਰੇ ਤੇ ਉਨ੍ਹਾਂ ਸਦਕੇ, ਗੂੰਜ ਉਠਿਆ ਸਾਰਾ ਅਕਾਸ਼ ਸਿੰਘੋ ।

 

ਏਨੇ ਚਿਰ ਨੂੰ ਭਾਈ ਮਹਿਤਾਬ ਸਿੰਘ ਜੀ, ਸਾਰੀ ਸੰਗਤ ਚੋਂ ਜੋਸ਼ ਦੇ ਨਾਲ ਉੱਠੇ।

ਬਦਲਾ ਇਸ ਬੇਅਦਬੀ ਦਾ ਲੈਣ ਦੇ ਲਈ, ਉਹਦੇ ਸੀਨੇ ’ਚ ਕਈ ਭੂਚਾਲ ਉੱਠੇ।

ਦੇਵੋ ਆਗਿਆ ਮੈਨੂੰ ਵੀ ਖਾਲਸਾ ਜੀ, ਸੁੱਖਾ ਸਿੰਘ ਵੀ ਉਨ੍ਹਾਂ ਦੇ ਨਾਲ ਉੱਠੇ।

‘ਮੱਸਾ’ ਸੋਧਣ ਲਈ, ਦਿਲਾਂ ’ਚ ਪ੍ਰਣ ਲੈ ਕੇ, ਕਲਗੀਧਰ ਦੇ ਲਾਡਲੇ ਲਾਲ ਉੱਠੇ।

 

ਹੋਈਏ ਸਫਲ ਇਹ ਕਰੋ ਅਰਦਾਸ ਸਾਰੇ, ਥੋਡੇ ਚਰਨਾਂ ’ਚ ਸਾਡੀ ਤਾਗੀਦ ਸਿੰਘੋ।

ਪੀਤੀ ਪਾਹੁਲ ਏ ਖੰਡੇ ਦੀ ਧਾਰ ਵਾਲੀ, ਦਸਮ ਪਿਤਾ ਦੇ ਅਸੀਂ ਮੁਰੀਦ ਸਿੰਘੋ।

ਖਤਮ ਕਰਾਂਗੇ ਪਾਪੀ ਨੂੰ ਅਸੀਂ ਉਵੇਂ, ਜਿਵੇਂ ‘ਬੰਦੇ’ ਨੇ ਕੀਤਾ ‘ਵਜੀਦ’ ਸਿੰਘੋ।

ਲੈ ਕੇ ਆਵਾਂਗੇ ਮੱਸੇ ਦਾ ਸਿਰ ਵੱਢ ਕੇ ਤੇ, ਜਾਂ ਫਿਰ ਹੋਵਾਂਗੇ ਉਥੇ ਸ਼ਹੀਦ ਸਿੰਘੋ।

 

ਗੁਰੂ ਚਰਨਾਂ ਦੇ ਵਿਚ ਅਰਦਾਸ ਕਰਕੇ, ਹੋ ਗਏ ਘੋੜਿਆਂ ਉੱਤੇ ਸਵਾਰ ਦੋਵੇਂ।

ਆਗਿਆ ਲੈ ਕੇ ਚੱਲ ਪਏ ਪੰਥ ਕੋਲੋਂ, ਕਲਗੀਧਰ ਦੇ ਅਜੀਤ ਜੁਝਾਰ ਦੋਵੇਂ।

ਅੰਮ੍ਰਿਤਸਰ ਚ ਪਹੁੰਚ ਕੇ ਬੀਰ ਬਾਂਕੇ, ਸ਼ਕਲ ਬਦਲਣ ਲਈ ਹੋਏ ਤਿਆਰ ਦੋਵੇ।

ਭੇਸ ਤੁਰਕਾਂ ਦੇ ਵਾਂਗ ਬਣਾ ਕੇ ਤੇ, ਪਹੁੰਚ ਗਏ ਸਨ ਗੁਰੂ ਦਰਬਾਰ ਦੋਵੇਂ।

 

ਥੈਲੇ ਠੀਕਰੀਆਂ ਨਾਲ ਸੀ ਭਰੇ ਉਨ੍ਹਾਂ, ਦਿਸਣ ਜਿਵੇਂ ਇਹ ਮੋਹਰਾਂ ਨਾਲ ਭਰੇ ਹੋਏ ਨੇ।

ਮੌਤ ਮੱਸੇ ਦੀ ਹੱਥਾਂ ’ਚ ਪਕੜ ਕੇ ਤੇ, ਲਾਚੀ ਬੇਰ ਲਾਗੇ ਦੋਵੇਂ ਖੜੇ ਹੋਏ ਨੇ।

ਚੋਬਦਾਰਾਂ ਨੇ ਪੁੱਛਿਆ, ਰੋਕ ਕੇ ਤੇ, ਥੈਲੇ ਕਾਸ ਨੂੰ ਹੱਥਾਂ ’ਚ ਫੜੇ ਹੋਏ ਨੇ।

ਤਾਰਨ ਮਾਮਲਾ ਆਏ ਨਵਾਬ ਤਾਈਂ, ਕਹਿ ਕੇ, ਸਿੰਘ ਹੁਣ ਅੰਦਰ ਨੂੰ ਵੜੇ ਹੋਏ ਨੇ।

 

ਅੱਖਾਂ ਸਾਹਵੇਂ ਹਰਿਮੰਦਰ ਦੀ ਤੱਕ ਹਾਲਤ, ਭਾਂਡਾ ਸਬਰ ਦਾ ਟੁੱਟਦਾ ਜਾ ਰਿਹਾ ਸੀ।

ਥਾਂ ਪ੍ਰਕਾਸ਼ ਦੀ ਮੱਸੇ ਸੀ ਪਲੰਘ ਡਾਹਿਆ, ਬੈਠਾ ਪਾਪੀ ਇਹ ਕਹਿਰ ਕਮਾ ਰਿਹਾ ਸੀ।

ਹੁੱਕਾ ਪੀਂਦਾ ਤੇ ਨਸ਼ੇ ’ਚ ਮਸਤ ਮੱਸਾ, ਵੇਸਵਾਵਾਂ ਦਾ ਨਾਚ ਕਰਵਾ ਰਿਹਾ ਸੀ।

ਹੋਣੀ ਓਹਦੇ ਦੁਆਲੇ ਪਈ ਘੁੰਮਦੀ ਸੀ, ਥੋੜ੍ਹੇ ਚਿਰ ਤੱਕ ਨਰਕ ਨੂੰ ਜਾ ਰਿਹਾ ਸੀ।

 

ਪਹੁੰਚੇ ਓਸਦੇ ਸਾਹਵੇਂ ਜਾ ਸਿੰਘ ਸੂਰੇ, ਓਨ੍ਹੇ ਵੇਖਿਆ ਨਜ਼ਰ ਭੁਆ ਕੇ ਤੇ।

ਦੱਸਿਆ ਪੁੱਛਣ ਤੇ ਮਾਮਲਾ ਦੇਣ ਆਏ, ਥੈਲੇ ਥੱਲੇ ਨੂੰ ਸੁੱਟੇ ਸੀ ਆ ਕੇ ਤੇ।

ਮੱਸੇ ਵੇਖਣ ਲਈ ਕੀਤਾ ਜਦ ਸਿਰ ਨੀਵਾਂ, ਲਾਹੀ ਧੌਣ ਤਲਵਾਰ ਚਲਾ ਕੇ ਤੇ।

ਧੜ ਤੜਫਦਾ ਪਿਆ ਸੀ ਧਰਤ ਉੱਤੇ, ਸੁਟਿਆ ਬੱਕਰਾ ਜਿਵੇਂ ਝਟਕਾ ਕੇ ਤੇ।

 

ਦੁਸ਼ਟ ਤਾਈਂ ਸੀ ਸਿੰਘਾਂ ਨੇ ਸੋਧ ਦਿੱਤਾ, ਓਹਨੂੰ ਸਦਾ ਦੀ ਨੀਂਦ ਸੁਆ ਕੇ ਤੇ।

ਗਾਜਰ ਮੂਲੀਆਂ ਵਾਂਗ ਸੀ ਕੁਤਰ ਦਿੱਤੇ, ਅੜੇ ਜਿਹੜੇ ਵੀ ਸਾਹਮਣੇ ਆ ਕੇ ਤੇ।

ਸਿਰ ਨੇਜੇ ਤੇ ਟੰਗ ਕੇ, ਸਿੰਘ ਚੱਲ ਪਏ, ਉੱਚੀ ਉੱਚੀ ਜੈਕਾਰੇ ਗਜਾ ਕੇ ਤੇ।

ਹੋ ਗਏ ਉਹ ਸਦਾ ਲਈ ਅਮਰ ‘ਜਾਚਕ’, ਸਿੱਖੀ ਸ਼ਾਨ ਨੂੰ ਚਾਰ ਚੰਨ ਲਾ ਕੇ ਤੇ।