ਭਾਈ ਮਨੀ ਸਿੰਘ ਜੀ ਸੰਬੰਧੀ ਕਵਿਤਾਵਾਂ
ਭਾਈ ਮਨੀ ਸਿੰਘ ਜੀ
ਹੋਇਆ ਸਿੱਖ ਘਰਾਣੇ ਵਿੱਚ ਜਨਮ ਜੀਹਦਾ, ‘ਮਨੀਆ’ ਸ਼ੁਰੂ ਤੋਂ ਸੀ ਹੋਣਹਾਰ ਬਾਲਕ।
ਛੋਟੀ ਉਮਰ ਤੋਂ ਮਾਪਿਆਂ ਨਾਲ ਚਲ ਕੇ, ਆਉਂਦਾ ਰਿਹਾ ਸੀ ਗੁਰੂ ਦਰਬਾਰ ਬਾਲਕ।
ਸੱਤਵੇਂ ਪਾਤਸ਼ਾਹ ਤੋਂ ਦਸਵੇਂ ਪਾਤਸ਼ਾਹ ਤੱਕ, ਖੁਲ੍ਹੇ ਕੀਤੇ ਸਨ ਦਰਸ਼ਨ ਦੀਦਾਰ ਬਾਲਕ।
ਸੱਤਵੇਂ ਪਾਤਸ਼ਾਹ ਤੱਕ ਕੇ ਆਖਿਆ ਸੀ , ‘ਗੁਨੀਆ’ ਹੋਏਗਾ ਵਿੱਚ ਸੰਸਾਰ ਬਾਲਕ।
ਦਸਮ ਪਿਤਾ ਤੋਂ ਕੀਤਾ ਜਿਸ ਪਾਨ ਅੰਮ੍ਰਿਤ, ਜੰਗਬਾਜ਼ ਸੀ ਉਹ ਸੂਰਬੀਰ ਯੋਧਾ।
ਦੁਸ਼ਮਣ ਦਲਾਂ ਚ ਭਾਜੜਾਂ ਪੈਣ ਓਧਰ, ਜਿਹੜੇ ਪਾਸੇ ਚਲਾਉਂਦਾ ਸੀ ਤੀਰ ਯੋਧਾ।
ਸੂਰਮਗਤੀ ਦੇ ਜੌਹਰ ਵਿਖਾਂਵਦਾ ਸੀ, ਵਾਹੁੰਦਾ ਰਣ ਵਿੱਚ ਜਦੋਂ ਸ਼ਮਸ਼ੀਰ ਯੋਧਾ।
ਭਾਵੇਂ ਪੁੱਤ ਤੇ ਭਾਈ ਸ਼ਹੀਦ ਹੋ ਗਏ, ਫਿਰ ਵੀ ਹੋਇਆ ਨਾ ਰਤਾ ਦਿਲਗੀਰ ਯੋਧਾ।
ਦਸਵੇਂ ਗੁਰਾਂ ਦਾ ਪਾਵਨ ਆਦੇਸ਼ ਮੰਨ ਕੇ, ਹਰੀਮੰਦਰ ਦੀ ਸੇਵਾ ਨਿਭਾਈ ਹੈਸੀ।
ਕਰ ਕੇ ਮੀਣੇ ਮਸੰਦਾਂ ਦੀ ਖਤਮ ਮਨਮੱਤ, ਪੂਰਨ ਗੁਰ ਮਰਿਯਾਦਾ ਚਲਾਈ ਹੈਸੀ।
ਗੁਰੂ ਦੋਖੀਆਂ, ਦੁਸ਼ਮਣ ਦੀ ਲੈ ਮੱਦਦ, ਅੰਮ੍ਰਿਤਸਰ ਤੇ ਕੀਤੀ ਚੜ੍ਹਾਈ ਹੈਸੀ।
ਭਾਈ ਮਨੀ ਸਿੰਘ ਨਾਲ ਫਿਰ ਖਾਲਸੇ ਨੇ, ਚੰਗੀ ਵੈਰੀਆਂ ਨੂੰ ਭਾਜੜ ਪਾਈ ਹੈਸੀ।
ਸੀ ਨਿਰਭੈ, ਨਿਰਮਾਣ, ਨਿਸ਼ਕਾਮ ਸੇਵਕ, ਸਾਰੀ ਉਮਰ ਹੀ ਸੇਵਾ ਕਮਾਈ ਸੋਹਣੀ।
ਕਲਗੀਧਰ ਨੇ ਬਖਸ਼ ਕੇ ਹੁਕਮਨਾਮੇ, ਸਮੇਂ ਸਮੇਂ ਤੇ ਦਿੱਤੀ ਵਡਿਆਈ ਸੋਹਣੀ।
ਬਖਸ਼ਿਸ਼ ਵਿਦਿਆ ਦੀ ਕਰ ਕੇ ਪਾਤਸ਼ਾਹ ਨੇ, ਪਾਵਨ ਦਮਦਮੀ ਬੀੜ ਲਿਖਵਾਈ ਸੋਹਣੀ।
ਪ੍ਰੀਤ ਗੁਰਾਂ ਨਾਲ ਚੰਦ ਚਕੋਰ ਵਾਲੀ, ਸਾਰੀ ਜ਼ਿੰਦਗੀ ਤੋੜ ਨਿਭਾਈ ਸੋਹਣੀ।
ਬਿਖੜੇ ਸਮੇਂ ਚ ਅੰਮ੍ਰਿਤਸਰ ਪਹੁੰਚ ਕੇ ਤੇ, ਕੀਤੀ ਆਣ ਫਿਰ ਸੇਵਾ ਸੰਭਾਲ ਓਨ੍ਹਾਂ।
ਲੱਖਾਂ ਸਿੰਘ ਸਜਾਏ ਛਕਾ ਅੰਮ੍ਰਿਤ, ਬਿਖੜੇ ਸਮੇਂ ’ਚ ਘਾਲਣਾ ਘਾਲ ਓਨ੍ਹਾਂ।
ਤੱਤ ਖਾਲਸਾ ਤੇ ਬੰਦਈ ਖਾਲਸੇ ਚ, ਸੂਝ ਨਾਲ ਦਿੱਤਾ ਝਗੜਾ ਟਾਲ ਓਨ੍ਹਾਂ।
ਭਾਈਆਂ ਹੱਥੋਂ ਹੀ ਭਾਈਆਂ ਕਾ ਖੂਨ ਡੁਲ੍ਹਣੋਂ, ਰੋਕ ਲਿਆ ਸੀ ਬਣ ਕੇ ਢਾਲ ਓਨ੍ਹਾਂ।
ਚੜ੍ਹਦੀ ਕਲਾ ਚ ਪੰਥ ਲਿਜਾਣ ਖਾਤਰ, ਭਾਈ ਸਾਹਿਬ ਨੇ ਦਿੱਤਾ ਧਿਆਨ ਹੈਸੀ।
ਭਰਵਾਂ ਮੇਲਾ ਦੀਵਾਲੀ ਦਾ ਲਾਉਣ ਦੇ ਲਈ, ਕੀਤਾ ਸ਼ੁਰੂ ਫਿਰ ਓਨ੍ਹਾਂ ਅਭਿਆਨ ਹੈਸੀ।
ਟੈਕਸ ਸੂਬੇ ਨੇ ਜਿਹੜਾ ਵੀ ਮੰਗਿਆ ਸੀ, ਖਿੜੇ ਮੱਥੇ ਓਹ ਕੀਤਾ ਪ੍ਰਵਾਨ ਹੈਸੀ।
ਸੱਦੇ ਭੇਜੇ ਸਨ ਥਾਂ ਥਾਂ ਸੰਗਤਾਂ ਨੂੰ, ਲਾਇਆ ਜਾਣਾ ਇਕ ਭਾਰੀ ਦੀਵਾਨ ਹੈਸੀ।
ਉਧਰ ਪੰਥ ਦੇ ਦੋਖੀ ਸਭ ਹੋ ਕੱਠੇ, ਕਹਿੰਦੇ ਜਾ ਕੇ, ਸਾਡੀ ਸਲਾਮ ਖਾਨਾ।
ਸੱਪ ਬੁੱਕਲ ਦੇ ਵਿਚ ਜੋ ਪਾਲ ਰਿਹੈਂ, ਤੇਰੀ ਕਰਨਗੇ ਨੀਂਦ ਹਰਾਮ ਖਾਨਾ।
ਲਈਏ ਘੇਰ ਦੀਵਾਲੀ ਦੀ ਰਾਤ ਸਭ ਨੂੰ, ਕਰੀਏ ਏਹਨਾਂ ਦਾ ਕਤਲੇਆਮ ਖਾਨਾ।
ਏਦੂੰ ਸੋਹਣਾ ਕੋਈ ਮੌਕਾ ਨਹੀਂ ਹੋਰ ਲੱਭਣਾ, ਕਰਦੇ ਹੋਣਗੇ ਇਹ ਅਰਾਮ ਖਾਨਾ।
ਭਾਈ ਸਾਹਿਬ ਨੂੰ ਮਿਲੀ ਜਦ ਸੂਹ ਸਾਰੀ, ਨਾ ਪਹੁੰਚਣ ਲਈ ਹੁਕਮ ਭਿਜਵਾ ਦਿੱਤੇ।
ਐਪਰ ਫੇਰ ਵੀ ਪਹੁੰਚੇ ਕਈ ਦਰਸ਼ਨਾਂ ਨੂੰ, ਕਈ ਰਸਤੇ ਦੇ ਵਿੱਚ ਰੁਕਵਾ ਦਿੱਤੇ।
ਹੋਇਆ ਹਮਲਾ ਸੀ ਓਦੋਂ ਦਰਬਾਰ ਉਤੇ, ਕਰਦੇ ਸਿੰਘ ਇਸ਼ਨਾਨ, ਮਰਵਾ ਦਿੱਤੇ।
ਲਖਪਤ ਰਾਇ ਨੇ ਫੌਜਾਂ ਨੂੰ ਹੁਕਮ ਦੇ ਕੇ, ਕਈ ਪ੍ਰਕਰਮਾ ’ਚ ਕਤਲ ਕਰਵਾ ਦਿੱਤੇ।
ਤਰ੍ਹਾਂ ਤਰ੍ਹਾਂ ਦੇ ਝੂਠੇ ਇਲਜ਼ਾਮ ਲਾ ਕੇ, ਭਾਈ ਸਾਹਿਬ ਨੂੰ ਕੀਤਾ ਗ੍ਰਿਫ਼ਤਾਰ ਆਖਰ।
ਦੁੱਖ, ਕਸ਼ਟ, ਤਸੀਹੇ ਅਨੇਕ ਦਿੱਤੇ, ਕੀਤੇ ਅਣ-ਮਨੁੱਖੀ ਅੱਤਿਆਚਾਰ ਆਖਰ।
ਸਿੱਖੀ ਸਿਦਕ ਤੋਂ ਐਪਰ ਓਹ ਨਹੀਂ ਡੋਲੇ, ਖਿੜੀ ਚਿਹਰੇ ਤੇ ਰਹੀ ਗੁਲਜ਼ਾਰ ਆਖਰ।
ਕੱਟ ਕੇ ਬੰਦ ਬੰਦ ਕਰ ਸ਼ਹੀਦ ਦਿੱਤੇ, ਸਿੱਖ ਕੌਮ ਦੇ ਇਹ ਪਹਿਰੇਦਾਰ ਆਖਰ।
ਰਹੂ ਜੋਤਿ ਸ਼ਹੀਦੀ ਦੀ ਸਦਾ ਜਗਦੀ, ਜ਼ੁਲਮੀ ਝੱਖੜ ਤੇ ਭਾਵੇਂ ਤੂਫਾਨ ਆਵਣ।
ਸਿੱਖ ਕੌਮ ਨੇ ‘ਜਾਚਕ’ ਪਾਸ ਹੋਣੇ, ਭਾਵੇਂ ਕਿੰਨੇ ਹੀ ਕਰੜੇ ਇਮਤਿਹਾਨ ਆਵਣ।
ਸਿੰਘਾਂ ਸਿਦਕ ਤੋਂ ਕਦੇ ਨਾ ਡੋਲਣਾ ਏ, ਭਾਵੇਂ ਲੱਖਾਂ ਹੀ ਜ਼ਕਰੀਏ ਖਾਨ ਆਵਣ।
ਸਮੇਂ ਸਮੇਂ ਸ਼ਹੀਦ ਸੰਸਾਰ ਅੰਦਰ, ਦੂਣੀ ਕਰਨ ਲਈ ਸਿੱਖੀ ਦੀ ਸ਼ਾਨ ਆਵਣ।