ਮੁਸਕਰਾਹਟ
ਮੁਸਕਰਾਹਟ
ਤਨ ਮਨ ਦਾ ਸ਼ੀਸ਼ਾ ਹੈ ਇਹ ਚਿਹਰਾ, ਸਾਹਵੇਂ ਰਹਿੰਦਾ ਹੈ ਖੁਲ੍ਹੀ ਕਿਤਾਬ ਵਾਂਗੂੰ।
ਖੁਸ਼ੀ, ਗਮੀ ਨੂੰ ਜਾਹਰ ਹੈ ਇਹ ਕਰਦਾ,ਪੂਰੀ ਤਰ੍ਹਾਂ ਹਿਸਾਬ-ਕਿਤਾਬ ਵਾਂਗੂੰ।
ਗਮ ਹੋਣ ਤੇ ਹੋ ਜਾਏ ਇਹ ਗੁੰਮ ਸੁੰਮ,ਖੁਸ਼ੀ ਹੋਵੇ ਤਾਂ ਖਿੜੇ ਗੁਲਾਬ ਵਾਂਗੂੰ।
ਅੱਖਾਂ ਚਮਕਣ ਤੇ ਗੱਲ੍ਹਾਂ ਬਾਹਰ ਆਵਣ, ਮੱਥਾ ਚਮਕਦਾ ਓਦੋਂ ਮਹਿਤਾਬ ਵਾਂਗੂੰ।
ਚਿਹਰੇ ਉਤੇ ਮੁਸਕਰਾਹਟ ਦਿਖਾਈ ਦਿੰਦੀ, ਮਿੱਠੇ ਮਿੱਠੇ ਜਦ ਬੋਲ ਕੋਈ ਬੋਲਦਾ ਏ।
ਅੰਗ ਅੰਗ ਜਦ ਵਜਦ ਦੇ ਵਿੱਚ ਹੁੰਦੈ, ਬੋਲ ਬੋਲ ਅੰਦਰ ਰਸ ਘੋਲਦਾ ਏ।
ਬੜੀ ਸਹਜ ਅਵੱਸਥਾ ਦੇ ਵਿੱਚ ਰਹਿ ਕੇ, ਬੋਲ ਬੋਲਣ ਤੋਂ ਪਹਿਲਾਂ ਓਹ ਤੋਲਦਾ ਏ।
ਹਰ ਪਲ ਮੁਸਕਰਾ ਕੇ ਹੈ ਜਿਉਂਦਾ, ਦੁੱਖਾਂ ਵਿੱਚ ਵੀ ਕਦੇ ਨਾ ਡੋਲਦਾ ਏ।
ਸਭ ਤੋਂ ਚੰਗੀ ਦਵਾਈ ਇਹ ਸਿਹਤ ਦੇ ਲਈ, ਇਸ ਨਾਲ ਕਈ ਬਿਮਾਰੀਆਂ ਲਹਿੰਦੀਆਂ ਨੇ।
ਜਿਥੇ ਹੁੰਦੀ ਮੁਸਕਰਾਹਟ ਦੀ ਫਸਲ ਪੈਦਾ, ਓਸ ਘਰ ਵਿੱਚ ਬਰਕਤਾਂ ਰਹਿੰਦੀਆਂ ਨੇ।
ਚੜ੍ਹਦੀ ਕਲਾ ਉਸ ਘਰ ਜਰੂਰ ਰਹਿੰਦੀ, ਢਹਿੰਦੀ ਕਲਾ ਦੀਆਂ ਕੰਧਾਂ ਢਹਿੰਦੀਆਂ ਨੇ।
ਰੱਬੀ ਰਹਿਮਤਾਂ ਦਾ ਚਿਰਾਗ ਜਗਦੈ, ਸੱਤੇ ਖੈਰਾਂ ਹੀ ਝੋਲੀ ਵਿੱਚ ਪੈਂਦੀਆਂ ਨੇ।
ਖਿੜੇ ਮੱਥੇ ਜਦ ਡਾਕਟਰ ਹੈ ਹਾਲ ਪੁੱਛਦਾ, ਅੱਧਾ ਰੋਗ ਤਦ ਰੋਗੀ ਦਾ ਦੂਰ ਹੁੰਦੈ।
ਸੇਵਾ ਕਰਦੀਆਂ ਨਰਸਾਂ ਮੁਸਕਰਾ ਕੇ ਤੇ, ਇਸ ਦਾ ਰੋਗੀ ਤੇ ਅਸਰ ਜਰੂਰ ਹੁੰਦੈ।
ਖੁਸ਼ੀ ਵੰਡਣ ਨਾਲ ਦੂਣ ਸਵਾਈ ਹੁੰਦੀ, ਇਸਦੇ ਮਿਲਣ ਨਾਲ ਦੂਜਾ ਮਖਮੂਰ ਹੁੰਦੈ।
ਇਸ ਨਾਲ ਰੂਹ ਦੇ ਤਾਈਂ ਸਕੂਨ ਮਿਲਦੈ, ਖੁਸ਼ ਰਹਿਣ ਲਈ ਬੰਦਾ ਮਜਬੂਰ ਹੁੰਦੈ।
ਚਿੰਤਾ ਚਿਖਾ ਬਰਾਬਰ ਹੈ ਕਹਿਣ ਲੋਕੀ, ਆਪਣੇ ਆਪ ਨੂੰ ਚਿੰਤਾ ਤੋਂ ਦੂਰ ਰੱਖੀਏ।
ਗੁਰੂ ਬਾਣੀ ਦਾ ਆਸਰਾ ਲੈ ਕੇ ਤੇ, ਤਨ-ਮਨ ਤਾਈਂ ਹਰਦਮ ਨੂਰੋ-ਨੂਰ ਰੱਖੀਏ।
ਚੜ੍ਹਦੀ ਕਲਾ ਦਾ ਪੱਲਾ ਨਾ ਕਦੇ ਛੱਡੀਏ, ਢਹਿੰਦੀ ਕਲਾ ਤਾਈਂ ਚਕਨਾਚੂਰ ਰੱਖੀਏ।
ਭਾਵੇਂ ਕਿੰਨੇ ਵੀ ਭੈੜੇ ਹਾਲਾਤ ਹੋਵਣ, ਚਿਹਰੇ ਉੱਤੇ ਮੁਸਕਰਾਹਟ ਜਰੂਰ ਰੱਖੀਏ।
ਸਦਾ ਸਹਿਜ ਅਵਸਥਾ ’ਚ ਰਹਿ ‘ਜਾਚਕ’, ਮੁਸਕਰਾਉਣ ਦੀ ਆਦਤ ਬਣਾਓ ਮਿੱਤਰੋ।
ਦਿੱਤੀ ਦਾਤ ਹੈ ਇਹ ਪਰਮਾਤਮਾਂ ਨੇ, ਜਿਉਂਦੇ ਜੀਅ ਨਾ ਇਹਨੂੰ ਭੁਲਾਓ, ਮਿੱਤਰੋ।
ਚਿਹਰਾ ਚਮਕਦਾ ਰਹੇ ਇਹ ਚੰਨ ਵਾਂਗੂੰ, ਏਸ ਚਿਹਰੇ ਨੂੰ ਚਾਰ ਚੰਨ ਲਾਓ, ਮਿਤਰੋ।
ਇਹ ਤਾਂ ਕੁਦਰਤ ਦਾ ਹੈ ਅਨਮੋਲ ਤੋਹਫਾ, ਇਸ ਲਈ ਸਦਾ ਹੀ ਤੁਸੀਂ ਮੁਸਕਰਾਓ, ਮਿੱਤਰੋ।