ਆਪਣੀ ਸਿਹਤ ਦੀ ਆਪ ਸੰਭਾਲ ਰੱਖੀਏ
ਆਪਣੀ ਸਿਹਤ ਦੀ ਆਪ ਸੰਭਾਲ ਰੱਖੀਏ
ਜੀਵਨ ਜੀਣਾ ਜੇ ਵਧੀਆ ਸੰਸਾਰ ਅੰਦਰ,ਆਪਣੀ ਸਿਹਤ ਦੀ ਆਪ ਸੰਭਾਲ ਰੱਖੀਏ।
ਚੰਗਾ ਹੁੰਦਾ ਪਰਹੇਜ਼ ਇਲਾਜ ਨਾਲੋਂ, ਖਾਣ ਪੀਣ ਦਾ ਖਾਸ ਖਿਆਲ ਰੱਖੀਏ।
ਸਵਸਥ ਤਨ ਅੰਦਰ, ਸਵਸਥ ਮਨ ਹੁੰਦੈ, ਪੱਲੇ ਬੰਨ ਕੇ ਇਹ ਗੱਲ ਨਾਲ ਰੱਖੀਏ।
ਹਰ ਰੋਜ਼ ਹੀ ਕਸਰਤ ਤੇ ਸੈਰ ਕਰ ਕੇ, ਤਨ, ਮਨ ਨਿਹਾਲੋ-ਨਿਹਾਲ ਰੱਖੀਏ।
ਆਪਣੀ ਸਿਹਤ ਦੇ ਅਸੀਂ ਹਾਂ ਆਪ ਦੁਸ਼ਮਣ, ਜਾਣ ਬੁੱਝ ਕੇ ਰੋਗ ਲਗਵਾਈ ਜਾਂਦੇ।
ਜਿਵੇਂ ਜਿਵੇਂ ਨੇ ਆਉਂਦੇ ਤਿਓਹਾਰ ਨੇੜੇ, ਸਭ ਨੂੰ ਬੇਹੀਆਂ ਮਿਠਿਆਈਆਂ ਖੁਆਈ ਜਾਂਦੇ।
ਵਿਆਹ,ਸ਼ਾਦੀ ’ਚ ਜਾਂਦਿਆਂ ਸਾਰ ਆਪਾਂ, ਤੱਤਾ, ਠੰਢਾ ਸਭ ਅੰਦਰ ਲੰਘਾਈ ਜਾਂਦੇ।
ਮੱਖੀਆਂ ਜੇਸ ਉਤੇ ਡਾਂਸ ਕਰਦੀਆਂ ਨੇ, ਫਰੂਟ ਚਾਟ ਸਵਾਦ ਨਾਲ ਖਾਈ ਜਾਂਦੇ।
ਆਪਣੇ ਪੇਟ ਨੂੰ ਡਸਟਬਿਨ ਸਮਝ ਕੇ ਤੇ, ਗੰਦ-ਮੰਦ ਸਭ ਏਸ ਵਿੱਚ ਪਾਈ ਜਾਂਦੇ।
ਭੈੜੇ ਨਸ਼ਿਆਂ ਦਾ ਸੇਵਨ ਕਰ ਕਰ ਕੇ, ਸਿੱਧੇ ਮੌਤ ਦੇ ਮੂੰਹ ਵਿੱਚ ਜਾਈ ਜਾਂਦੇ।
ਝੋਲਾ ਛਾਪ ਫਿਰ ਡਾਕਟਰਾਂ ਕੋਲ ਜਾ ਕੇ, ਦਿੱਤੀਆਂ ਹੋਈਆਂ ਦਵਾਈਆਂ ਹਾਂ ਖਾਈ ਜਾਂਦੇ।
ਆਪਣੇ ਆਪ ਹੀ ਰੋਗਾਂ ਨੂੰ ਮੁੱਲ ਲੈ ਕੇ, ਲਾ-ਇਲਾਜ ਬਿਮਾਰੀਆਂ ਲੁਆਈ ਜਾਂਦੇ।
ਕਈ ਤਰ੍ਹਾਂ ਦੇ ਮੱਛਰ ਵੀ ਘੁੰਮ ਰਹੇ ਨੇ, ਜਹਿਰੀ ਡੰਗ ਇਹ ਸਦਾ ਚਲਾਉਣ ਮੱਛਰ।
ਜਿਥੇ ਜਿਥੇ ਵੀ ਪਾਣੀ ਹੈ ਖੜਾ ਹੁੰਦਾ, ਓਥੇ ਓਥੇ ਹੀ ਪਣਪਣਾਉਣ ਮੱਛਰ।
ਚਿਕਨਗੁਨੀਆਂ, ਮਲੇਰੀਆ ਅਤੇ ਡੇਂਗੂ, ਇਹ ਤਾਂ ਸਾਰੇ ਬੁਖਾਰ ਚੜ੍ਹਾਉਣ ਮੱਛਰ।
ਸੌਣ ਵੇਲੇ ਜੇ ਨਾ ਉਪਾਅ ਕਰੀਏ, ਤਾਂ ਫਿਰ ਸਦਾ ਦੀ ਨੀਂਦ ਸੁਆਉਣ ਮੱਛਰ।
ਆਪਣੇ ਆਪ ਨੂੰ ਜੇ ਸਿਹਤਮੰਦ ਰੱਖਣੈ, ਘਰ ਦੇ ਅੰਦਰ ਤੇ ਬਾਹਰ ਸਫਾਈ ਹੋਵੇ।
ਹਵਾ, ਪਾਣੀ ਤੇ ਭੋਜਨ ਨਾ ਹੋਣ ਦੂਸ਼ਿਤ, ਨਾ ਹੀ ਦਰੱਖਤਾਂ ਦੀ ਪੁੱਟ-ਪੁਟਾਈ ਹੋਵੇ।
ਵਾਤਾਵਰਨ ਨੂੰ ਰੱਖੀਏ ਸ਼ੁਧ ਆਪਾਂ, ਜਿਸ ਨਾਲ ਰੁੱਤ ਬਸੰਤ ਦੀ ਆਈ ਹੋਵੇ।
ਜੀਵਨ ‘ਜਾਚਕਾ’ ਚਿੰਤਾ ਤੋਂ ਮੁਕਤ ਹੋਵੇ, ਸੇਹਤ ਜੇਸ ਨਾਲ ਦੂਣ ਸਵਾਈ ਹੋਵੇ।