ਵਿਸ਼ਵ ਸ਼ਾਂਤੀ
ਵਿਸ਼ਵ ਸ਼ਾਂਤੀ
ਖਿਚੋਤਾਣੀ ਹੈ ਦੇਸ਼ਾਂ ਵਿੱਚ ਆਮ ਹੋ ਗਈ, ਵਿਸ਼ਵ ਯੁੱਧ ਵਾਲੇ, ਬੱਦਲ ਛਾ ਰਹੇ ਨੇ।
ਵੱਡੇ ਦੇਸ਼ਾਂ ਦੀ ਗੱਲ ਤਾਂ ਛੱਡ ਦੇਵੋ, ਛੋਟੇ ਛੋਟੇ ਵੀ ਅੱਖਾਂ ਵਿਖਾ ਰਹੇ ਨੇ।
ਉਤਰੀ ਕੋਰੀਆ ਵਰਗੇ ਵੀ ਦੇਸ਼ ਅੱਜਕਲ੍ਹ, ਐਟਮ ਬੰਬ ਤੇ ਬੰਬ ਬਣਾ ਰਹੇ ਨੇ।
ਕਿੱਦਾਂ ਅਮਨ, ਸ਼ਾਂਤੀ ਹੋਵੇ ਜੱਗ ਅੰਦਰ, ਸੁਘੜ ਸਿਆਣੇ ਸਭ ਸੋਚਾਂ ਦੁੜਾ ਰਹੇ ਨੇ।
ਘਰ ਦੀ ਚਾਰ ਦੀਵਾਰੀ ਵਿੱਚ ਵੇਖੀਏ ਜੇ, ਪਹਿਲਾਂ ਵਾਂਗ ਨਹੀਂ ਰਿਹਾ ਮਾਹੌਲ ਅੱਜਕਲ੍ਹ।
ਉਡ ਗਈ ਸ਼ਾਂਤੀ ਕਿਤੇ ਹੈ ਪਰ ਲਾ ਕੇ, ਬੋਲ ਰਹੇ ਨੇ ਬੋਲ-ਕੁਬੋਲ ਅੱਜਕਲ੍ਹ।
ਅੰਦਰੋਂ ਅੰਦਰੀ ਹਾਂ ਘੁਣ ਦੇ ਵਾਂਗ ਖਾਧੇ, ਕਲਾ-ਕਲੇਸ ਨਾਲ ਡਾਵਾਂਡੋਲ ਅੱਜਕਲ੍ਹ।
ਹਰ ਕੋਈ ਆਪਣੇ ਦੁੱਖੜੇ ਸੁਣਾਉਣ ਲੱਗਦੈ, ਜਦੋਂ ਬਹਿੰਦੇ ਹਾਂ ਕਿਸੇ ਦੇ ਕੋਲ ਅੱਜਕਲ੍ਹ।
ਪੜ੍ਹਿਆਂ ਲਿਖਿਆਂ ਨੂੰ ਨੌਕਰੀ ਨਹੀਂ ਮਿਲ ਰਹੀ, ਲੈ ਕੇ ਡਿਗਰੀਆਂ ਬੇਰੁਜ਼ਗਾਰ, ਘੁੰਮ ਰਹੇ।
ਹਰ ਵੇਲੇ ਹੀ ਮਨ ਅਸ਼ਾਂਤ ਰਹਿੰਦੈ, ਸਿਰ ਤੇ ਚੁੱਕ ਕੇ ਗਮਾਂ ਦਾ ਭਾਰ, ਘੁੰਮ ਰਹੇ।
ਏਸ ਚਿੰਤਾ ਤੋਂ ਖਹਿੜਾ ਛੁਡਵਾਉਣ ਦੇ ਲਈ, ਨਸ਼ਿਆਂ ਵਿੱਚ ਗਲਤਾਨ, ਨਰ-ਨਾਰ , ਘੁੰਮ ਰਹੇ।
ਵੇਖ ਵੇਖ ਕੇ ਮਨ ਹੈ ਦੁਖੀ ਹੁੰਦਾ, ਡੌਰ-ਭੌਰ ਹੋਏ ਵਿੱਚ ਸੰਸਾਰ, ਘੁੰਮ ਰਹੇ।
ਸੁੱਖ-ਸ਼ਾਂਤੀ ਨਾਲ ਸਭ ਰਹਿਣ ਲੋਕੀ, ਗੁਰੂ ਚਰਨਾਂ ਦੇ ਵਿੱਚ ਅਰਦਾਸ ਹੋਵੇ।
ਮਿਲੀਏ ਖਿੜੇ ਮੱਥੇ, ਖੇੜੇ ਵਿੱਚ ਰਹਿ ਕੇ, ਸਾਡੀ ਬੋਲੀ ਦੇ ਵਿੱਚ ਮਿਠਾਸ ਹੋਵੇ।
ਗੁੱਸਾ ਕਦੇ ਨਾ ਸਾਡੇ ਨਜ਼ਦੀਕ ਆਵੇ, ਗਹਿਣਾ ਨਿਮਰਤਾ ਦਾ ਸਾਡੇ ਪਾਸ ਹੋਵੇ।
ਮਨ ਨੂੰ ਜਿੱਤ ਕੇ ਜੱਗ ਨੂੰ ਜਿੱਤ ਲਈਏ, ਸਾਡਾ ਹਰ ਇਕ ਹੀ ਕਾਰਜ ਰਾਸ ਹੋਵੇ।
ਵਿਸ਼ਵ ਸ਼ਾਂਤੀ ਹੋਵੇ ਸੰਸਾਰ ਅੰਦਰ, ਰਲ ਮਿਲ ਬੈਠ ਕੇ ਸੋਚ ਵਿਚਾਰ ਹੋਵੇ।
ਜਾਤਾਂ-ਪਾਤਾਂ ਤੇ ਮਜ੍ਹਬਾਂ ਤੋਂ ਉਠ ਉਪਰ, ਸਾਰੀ ਮਾਨਵਤਾ ਨਾਲ ਪਿਆਰ ਹੋਵੇ।
ਲੜਾਈ, ਝਗੜੇ ਜਾਂ ਯੁੱਧ ਦੀ ਥਾਂ ‘ਜਾਚਕ’, ਵਿਸ਼ਵ ਸ਼ਾਂਤੀ ਲਈ ਪ੍ਰਚਾਰ ਹੋਵੇ।
ਸਾਰੇ ਦੇਸ਼ਾਂ ਦੇ ਮੁੱਖੀ ਇਕਜੁੱਟ ਹੋਵਣ, ਜਿਸ ਨਾਲ ਸਾਰਾ ਹੀ ਸੁੱਖੀ ਸੰਸਾਰ ਹੋਵੇ।