ਸ੍ਰ: ਜੱਸਾ ਸਿੰਘ ਰਾਮਗੜੀਆ ਸੰਬੰਧੀ ਕਵਿਤਾਵਾਂ
ਸ੍ਰ: ਜੱਸਾ ਸਿੰਘ ਰਾਮਗੜੀਆ
ਸਿੰਘਾਂ ਲਈ ਅਠਾਰਵੀਂ ਸਦੀ ਅੰਦਰ, ਸਮਾਂ ਆਇਆ ਸੀ ਬੜਾ ਖਰਾਬ ਓਦੋਂ।
ਅਬਦਾਲੀ, ਨਾਦਰ ਤੇ ਜਕਰੀਆ ਖਾਂ ਵਰਗੇ, ਮਿੱਧ ਰਹੇ ਸਨ ਫੁੱਲ ਗੁਲਾਬ ਓਦੋਂ।
ਮੀਰ ਮੰਨੂੰ ਨੇ ਜ਼ੁਲਮ ਦੀ ਹੱਦ ਕਰਕੇ, ਰੰਗੀ ਲਹੂ ਨਾਲ ਧਰਤ ਪੰਜਾਬ ਓਦੋਂ।
ਸਿੰਘ, ਸਿੰਘਣੀਆਂ ਤੇ ਬੱਚੇ ਖਾਲਸੇ ਦੇ, ਸ਼ਹੀਦੀ ਪਾ ਗਏ ਬੇਹਿਸਾਬ ਓਦੋਂ।
ਦੁਸ਼ਟਾਂ, ਦੋਖੀਆਂ ਦੇ ਜ਼ੁਲਮ-ਸਿਤਮ ਕਾਰਣ, ਹਰ ਇਕ ਪਿੰਡ ਬਣਿਆ ਕਤਲਗਾਹ ਓਦੋਂ।
ਜਿਥੇ ਕਿਤੇ ਵੀ ਸਿੱਖ ਕੋਈ ਨਜ਼ਰ ਆਉਂਦਾ, ਸਿਰ ਧੜ ਤੋਂ ਦੇਂਦੇ ਸਨ ਲਾਹ ਓਦੋਂ।
ਪੈ ਗਏ ਸਿਰਾਂ ਦੇ ਮੁੱਲ ਸੀ ਖਾਲਸੇ ਦੇ, ਘਰ ਘਾਟ ਸਭ ਹੋਏ ਤਬਾਹ ਓਦੋਂ।
ਕੇਸਾਂ ਸੁਆਸਾਂ ਨਾਲ ਸਿੱਖੀ ਨਿਭਾਈ ਸਿੰਘਾਂ, ਕੀਤੀ ਜਾਨਾਂ ਦੀ ਨਹੀਂ ਪ੍ਰਵਾਹ ਓਦੋਂ।
ਸੰਕਟ ਭਰੇ ਇਸ ਬਿਪਤਾ ਦੇ ਸਮੇਂ ਅੰਦਰ, ਜੱਸਾ ਸਿੰਘ ਸਰਦਾਰ ਦਾ ਜਨਮ ਹੋਇਆ।
ਰੱਤ ਪੀਣਿਆਂ ਦੀ ਜੀਹਨੇ ਰੱਤ ਪੀਤੀ, ਓਸ ਬਾਂਕੇ ਬਲਕਾਰ ਦਾ ਜਨਮ ਹੋਇਆ।
ਸਦਾ ਘੋੜੇ ਦੀ ਕਾਠੀ ਤੇ ਰਿਹਾ ਜਿਹੜਾ, ਓਸ ਸਿਪਾਹ-ਸਲਾਰ ਦਾ ਜਨਮ ਹੋਇਆ।
ਸਾਰੀ ਉਮਰ ਹੀ ਜਿਸਨੇ ਮਹਿਕ ਵੰਡੀ, ਓਸ ਖਿੜੀ ਗੁਲਜ਼ਾਰ ਦਾ ਜਨਮ ਹੋਇਆ।
ਸ਼ਸ਼ਤਰ ਵਿਦਿਆ ਸ਼ੁਰੂ ਤੋਂਗਈ ਦਿੱਤੀ, ਭਗਵਾਨ ਸਿੰਘ ਦੇ ਲਾਡਲੇ ਲਾਲ ਤਾਈਂ।
ਸਿੱਖੀ ਸਿਦਕ ਨਿਭਾਉਣ ਦੀ ਸਿਖਿਆ ਵੀ, ਵਿਰਸੇ ਵਿੱਚ ਹੀ ਮਿਲੀ ਸੀ ਬਾਲ ਤਾਈਂ।
ਗੁਰਮਤਿ ਅਤੇ ਗੁਰਬਾਣੀ ਦੀ ਮਿਲੀ ਗੁੜ੍ਹਤੀ, ਛੋਟੀ ਉਮਰ ’ਚ ਨੌਨਿਹਾਲ ਤਾਈਂ।
ਅੰਮ੍ਰਿਤ ਛੱਕ ਕੇ ਬਣਿਆ ਜਦ ਗੁਰੂ ਵਾਲਾ, ਸਮਝ ਗਿਆ ਓਹ ਸਮੇਂ ਦੀ ਚਾਲ ਤਾਈਂ।
ਜੱਸਾ ਸਿੰਘ ਦੇ ਬਾਬੇ ਹਰਦਾਸ ਸਿੰਘ ਨੇ, ਤਨ, ਮਨ ਧਨ ਸਭ ਪੰਥ ਤੋਂ ਵਾਰਿਆ ਸੀ।
ਓਹਦੇ ਪਿਤਾ ਗਿਆਨੀ ਭਗਵਾਨ ਸਿੰਘ ਨੇ, ਸਾਰਾ ਪੰਥਕ ਹੀ ਜੀਵਨ ਗੁਜਾਰਿਆ ਸੀ।
ਸਾਰੀ ਉਮਰ ਹੀ ਮੌਤ ਨਾਲ ਖੇਡ ਖੇਡਾਂ, ਚੁਣ ਚੁਣ ਕੇ ਵੈਰੀ ਨੂੰ ਮਾਰਿਆ ਸੀ।
ਸੂਰਜ ਵਾਂਗ ਉਹ ਚੜ੍ਹਦਾ ਤੇ ਰਿਹਾ ਡੁੱਬਦਾ, ਕਦੇ ਜਿੱਤਿਆ ਤੇ ਕਦੇ ਹਾਰਿਆ ਸੀ।
ਦਲ ਖਾਲਸੇ ਦਾ ਬਣਕੇ ਥੰਮ ਓੁਹਨੇ , ਮੱਲਾਂ ਮਾਰੀਆਂ ਹਰ ਮੈਦਾਨ ਅੰਦਰ।
ਇਹਦੇ ਵਿੱਚ ਸਨ ਸਭ ਸਿਰਲੱਥ ਯੋਧੇ, ਪੰਥਕ ਜਜ਼ਬਾ ਸੀ ਹਰ ਜੁਆਨ ਅੰਦਰ।
ਅਹਿਮਦ ਸ਼ਾਹ ਅਬਦਾਲੀ ਦੀਆਂ ਓਸ ਵੇਲੇ, ਧੁੰਮਾਂ ਪਈਆਂ ਸਨ ਸਾਰੇ ਜਹਾਨ ਅੰਦਰ।
ਸ਼ੇਰ ਦਿਲ ਜਰਨੈਲ ਸੀ ਏਸ਼ੀਆ ਦਾ, ਲੱਖਾਂ ਫੌਜਾਂ ਸਨ ਉਹਦੀ ਕਮਾਨ ਅੰਦਰ।
ਹਿੰਦੁਸਤਾਨ ਤੇ ਹਮਲੇ ਤੇ ਕਰ ਹਮਲਾ, ਫਤਹਿ ਪਾਈ ਉਸ ਹਰ ਮੈਦਾਨ ਅੰਦਰ।
ਲੁੱਟ ਮਾਰ ਉਸ ਡਾਢੀ ਮਚਾਈ ਏਥੇ, ਆਇਆ ਹੋਇਆ ਸੀ ਬੜੇ ਗੁਮਾਨ ਅੰਦਰ।
ਬੰਨ੍ਹ ਬੰਨ੍ਹ ਕੇ ਬਹੂ ਤੇ ਬੇਟੀਆਂ ਨੂੰ, ਲਿਜਾ ਰਿਹਾ ਸੀ ਉਹ ਅਫਗਾਨਿਸਤਾਨ ਅੰਦਰ।
ਇੱਧਰ ਸਿੰਘ ਵੀ ਤਲੀ ਤੇ ਸੀਸ ਧਰ ਕੇ, ਨਿੱਤਰ ਪਏ ਸਨ ਰਣ ਮੈਦਾਨ ਅੰਦਰ।
ਰੋਹ ਭਰੀਆਂ ਤਲਵਾਰਾਂ ਨੇ ਓਸ ਵੇਲੇ, ਉਸਲਵੱਟੇ ਸਨ ਲਏ ਮਿਆਨ ਅੰਦਰ।
ਰਾਮਗੜ੍ਹੀਆ, ਘਨੱਈਆ ਤੇ ਸ਼ੁਕਰਚੱਕੀਆ, ਆਹਲੂਵਾਲੀਆ ਦੀ ਕਮਾਨ ਅੰਦਰ।
ਸੋਚ ਸਮਝ ਕੇ ਬੜੇ ਧਿਆਨ ਦੇ ਨਾਲ, ਖੇਡਣ ਮੌਤ ਨਾਲ ਲੱਗੇ ਮੈਦਾਨ ਅੰਦਰ।
ਫਤਹਿ ਉੱਤੇ ਸੀ ਸਿੰਘਾਂ ਨੇ ਫਤਹਿ ਪਾਈ, ਹਾਰ ਗਿਆ ਅਬਦਾਲੀ ਮੈਦਾਨ ਅੰਦਰ।
ਅੱਧੀ ਰਾਤ ਨੂੰ ਦੁਸ਼ਮਣ ਤੇ ਕਰ ਹਮਲਾ, ਸੁਤਿਆਂ ਤਾਈਂ ਜਗਾਇਆ ਸੀ ਖਾਲਸੇ ਨੇ।
ਅਬਦਾਲੀ ਜਿਹੇ ਲੁਟੇਰੇ ਨੂੰ ਲੁੱਟ ਕੇ ਤੇ, ਚੰਗਾ ਸਬਕ ਸਿਖਾਇਆ ਸੀ ਖਾਲਸੇ ਨੇ।
ਜਿਹੜੇ ਆਉਂਦੇ ਸਨ ਏਧਰ ਨੂੰ ਮੂੰਹ ਚੁੱਕੀ, ਓਨ੍ਹਾਂ ਤਾਈਂ ਭਜਾਇਆ ਸੀ ਖਾਲਸੇ ਨੇ।
ਬਹੂ ਬੇਟੀਆਂ ਤਾਈਂ ਛੁੜਵਾ ਕੇ ਤੇ, ਘਰੋ-ਘਰੀ ਪਹੁੰਚਾਇਆ ਸੀ ਖਾਲਸੇ ਨੇ।
ਜੱਸਾ ਸਿੰਘ ਨੇ ਸਿੰਘਾਂ ਦੇ ਨਾਲ ਮਿਲ ਕੇ ਤੇ, ਰਾਮਰੌਣੀ ਦਾ ਕਿਲਾ ਉਸਰਿਆ ਸੀ।
ਅੰਮ੍ਰਿਤਸਰ ਦੇ ਕੇਂਦਰੀ ਸਥਾਨ ਅੰਦਰ, ਇਥੋਂ ਦੁਸ਼ਟਾਂ ਨੂੰ ਸਿੰਘਾਂ ਲਲਕਾਰਿਆ ਸੀ।
ਵਾਰ ਵਾਰ ਇਹ ਕੀਤਾ ਗਿਆ ਢਹਿ ਢੇਰੀ, ਵਾਰ ਵਾਰ ਹੀ ਓਹਨੇ ਉਸਾਰਿਆ ਸੀ।
ਓਹਦੇ ਦਿਲ ਦੀ ਧੜਕਣ ਇਹ ਰਿਹਾ ਬਣਿਆ, ਓਹਨੇ ਜਾਨ ਤੋਂ ਵੱਧ ਪਿਆਰਿਆ ਸੀ।
ਓਹਦੀ ਜੰਮਦੀ ਧੀ ਜਦ ਗਈ ਮਾਰੀ, ਭਾਈਚਾਰੇ ’ਚੋਂ ਦਿੱਤਾ ਗਿਆ ਛੇਕ ਉਸਨੂੰ।
ਓਹਦੇ ਹਿਰਦੇ ਤੇ ਗਹਿਰਾ ਇਸ ਅਸਰ ਕੀਤਾ, ਲੱਗਾ ਸਦਮਾ ਤੇ ਡਾਢਾ ਸੀ ਸੇਕ ਉਸਨੂੰ।
ਫਿਰ ਵੀ ਸੰਕਟ ਭਰਪੂਰ ਇਸ ਸਮੇਂ ਅੰਦਰ, ਹੈਸੀ ਇੱਕ ਅਕਾਲ ਤੇ ਟੇਕ ਉਸਨੂੰ।
ਔਖੇ ਸਮੇਂ ਲਈ ਧੁਰੋਂ ਪ੍ਰਮਾਤਮਾਂ ਨੇ, ਬੁੱਧੀ ਬਖਸ਼ੀ ਸੀ ਬੜੀ ਬਿਬੇਕ ਉਸਨੂੰ।
ਅਦੀਨਾ ਬੇਗ ਨੇ ਰਾਮਗੜ੍ਹ ਕਿਲੇ ਉੱਤੇ, ਆ ਕੇ ਹੱਲਾ ਅਚਾਨਕ ਹੀ ਬੋਲਿਆ ਸੀ।
ਜੱਸਾ ਸਿੰਘ ਵੀ ਉਹਦੀ ਸੀ ਫੌਜ ਅੰਦਰ, ਭੇਦ ਦਿਲ ਦਾ ਐਪਰ ਨਾ ਖੋਲ੍ਹਿਆ ਸੀ।
ਉਹਨੂੰ ਪੰਥ ਪਿਆਰਾ ਸੀ ਜਿੰਦ ਨਾਲੋਂ, ਸਿੱਖੀ ਸਿਦਕ ’ਚੋਂ ਕਦੇ ਨਾ ਡੋਲਿਆ ਸੀ।
ਤੱਕ ਦੇ ਸਿੰਘਾਂ ਨੂੰ ਘਿਰੇ ਹੋਏ ਕਿਲੇ ਅੰਦਰ, ਸਿਦਕੀ ਸੂਰਮੇ ਦਾ ਖੂਨ ਖੌਲਿਆ ਸੀ।
ਉਸੇ ਵੇਲੇ ਉਸ ਤੀਰ ਨਾਲ ਬੰਨ੍ਹ ਚਿੱਠੀ, ਭੇਜ ਦਿੱਤੀ ਸੀ ਸਿੰਘਾਂ ਦੇ ਪਾਸ ਅੰਦਰ।
ਕਰੋ ਮੈਨੂੰ ਮੁੜ ਪੰਥ ਦੇ ਵਿੱਚ ਸ਼ਾਮਲ, ਲਿਖਿਆ ਸ਼ਰਧਾ ਤੇ ਅਦਬ ਵਿਸਵਾਸ਼ ਅੰਦਰ।
ਕੀਤੀ ਸਿੰਘਾਂ ਨੇ ਸੋਚ ਵਿਚਾਰ ਇਸ ਤੇ, ਲਿਆ ਫੈਸਲਾ ਓਦੋਂ ਫਿਰ ਖਾਸ ਅੰਦਰ।
ਘੜੀ ਆਈ ਏ ਕਠਨ ਪ੍ਰੀਖਿਆ ਦੀ, ਆ ਜਾ ਯੋਧਿਆ ਸਿੰਘਾਂ ਦੇ ਪਾਸ ਅੰਦਰ।
ਬਖਸ਼ ਦੇਊਗਾ ਖਾਲਸਾ ਭੁੱਲ ਤੇਰੀ, ਏਸ ਗੱਲ ਦੀ ਰੱਖੀਂ ਤੂੰ ਆਸ ਅੰਦਰ।
ਆਪਣੀ ਜਾਨ ਨੂੰ ਖਤਰੇ ’ਚ ਪਾ ਕੇ ਤੇ, ਪਹੁੰਚਾ ਕਿਲੇ ’ਚ ਸਿੰਘਾਂ ਦੇ ਪਾਸ ਅੰਦਰ।
ਵਿਛੜੇ ਸਾਥੀ ਨੂੰ ਲਾਇਆ ਸੀ ਗਲੇ ਸਭ ਨੇ, ਕਾਰਜ ਸਾਰੇ ਹੀ ਹੋ ਗਏ ਰਾਸ ਅੰਦਰ।
ਰਾਤੋ ਰਾਤ ਹੀ ਪਾਸਾ ਫਿਰ ਪਲਟ ਗਿਆ, ਘਟਨਾ ਘਟੀ ਇਤਿਹਾਸਕ ਇਤਿਹਾਸ ਅੰਦਰ।
ਅਹਿਮਦ ਸ਼ਾਹ ਕਚੀਚੀਆਂ ਵੱਟ ਕੇ ਤੇ, ਚੜ੍ਹ ਕੇ ਫੇਰ ਆਇਆ ਹਿੰਦੁਸਤਾਨ ਅੰਦਰ।
ਸਿੰਘਾਂ ਤਾਈਂ ਉਹ ਸਬਕ ਸਿਖਾਉਣ ਦੇ ਲਈ, ਲੈ ਕੇ ਆਇਆ ਸੀ ਦਿਲੀ ਅਰਮਾਨ ਅੰਦਰ।
ਅੱਗੋਂ ਸਿੰਘਾਂ ਵੀ ਕਰ ਲਏ ਕਮਰਕੱਸੇ, ਫਤਹਿ ਪਾਉਣ ਲਈ ਰਣ ਮੈਦਾਨ ਅੰਦਰ।
ਬੂਹੇ ਮੌਤ ਨੇ ਦਿੱਤੇ ਸਨ ਖੋਲ੍ਹ ਸਾਰੇ, ਮਚੇ ਹੋਏ ਇਸ ਯੁੱਧ ਘਮਸਾਨ ਅੰਦਰ।
ਚਣੇ ਲੋਹੇ ਦੇ ਚੰਗੇ ਚਬਾਏ ਸਿੰਘਾਂ, ਪੰਥਕ ਜਜਬਾ ਸੀ ਹਰ ਜੁਆਨ ਅੰਦਰ।
ਰਾਮਗੜੀਏ ਨੇ ਘੋੜੇ ਨੂੰ ਲਾ ਅੱਡੀ, ਭੜਥੂ ਪਾਏ ਸਨ ਜੰਗੇ ਮੈਦਾਨ ਅੰਦਰ।
ਅਹਿਮਦ ਸ਼ਾਹ ਅਬਦਾਲੀ ਵੀ ਤੱਕ ਤੱਕ ਕੇ, ਹੋ ਰਿਹਾ ਸੀ ਬੜਾ ਹੈਰਾਨ ਅੰਦਰ।
ਆਪਣੇ ਦਿਲ ਦੀਆਂ ਦਿਲ ਦੇ ਵਿੱਚ ਲੈ ਕੇ, ਪਰਤ ਗਿਆ ਸੀ ਅਫ਼ਗਾਨਿਸਤਾਨ ਅੰਦਰ।
ਆਹਲੂਵਾਲੀਆ ਹੋ ਗਿਆ ਸਖ਼ਤ ਜ਼ਖ਼ਮੀ, ਸਿੱਖ ਕੌਮ ਦਾ ਬਾਂਕਾ ਬਲਕਾਰ ਓਦੋਂ।
ਆ ਕੇ ਰੋਹ ਤੇ ਜੋਸ਼ ’ਚ ਰਾਮਗੜੀਏ, ਅਠਾਰਾਂ ਘੰਟੇ ਚਲਾਈ ਤਲਵਾਰ ਉਦੋਂ।
ਗਹਿਰੇ ਸੰਕਟ ਦੇ ਸਾਗਰ ’ਚੋਂ ਓਸ ਵੇਲੇ, ਹੋਇਆ ਹੌਸਲੇ ਨਾਲ ਸੀ ਪਾਰ ਓਦੋਂ।
ਮੂੰਹ ਮੋੜ ਅਬਦਾਲੀ ਦਾ ਖਾਲਸੇ ਨੇ, ਦਿੱਤੀ ਬੜੀ ਕਰਾਰੀ ਸੀ ਹਾਰ ਓਦੋਂ।
ਬਾਰਾਂ ਮਿਸਲਾਂ ਫਿਰ ਬਣੀਆਂ ਪੰਜਾਬ ਅੰਦਰ, ਹਰ ਇਕ ਮਿਸਲ ਦਾ ਸੀ ਮਿਸਲਦਾਰ ਬਣਿਆ।
ਰਾਮਗੜੀਆ ਮਿਸਲ ਦਾ ਓਸ ਵੇਲੇ, ਨੰਦ ਸਿੰਘ ਪਹਿਲਾ ਜਥੇਦਾਰ ਬਣਿਆ।
ਕਰ ਗਿਆ ਚਲਾਣਾ ਜਦ ਸੂਰਮਾ ਉਹ, ਜੱਸਾ ਸਿੰਘ ਫਿਰ ਮੁਖੀ ਸਰਦਾਰ ਬਣਿਆ।
ਰਾਮਰੌਣੀ ਦਾ ਰਾਮਗੜ੍ਹ ਨਾਂ ਰੱਖ ਕੇ, ਇਸ ਕਿਲੇ ਦਾ ਵੀ ਕਿਲੇਦਾਰ ਬਣਿਆ।
ਹਰਿਗੋਬਿੰਦਪੁਰ, ਬਣਾ ਕੇ ਰਾਜਧਾਨੀ, ਕੀਤਾ ਮਿਸਲ ਦਾ ਬੜਾ ਪ੍ਰਬੰਧ ਸੋਹਣਾ।
ਕਲਾਨੌਰ, ਬਟਾਲਾ ਤੇ ਕਾਦੀਆਂ ’ਚ, ਕੀਤਾ ਮਿਸਲ ਤਾਈਂ ਜਥੇਬੰਦ ਸੋਹਣਾ।
ਹਿੰਦੂ, ਮੁਸਲਮ ਤੇ ਸਿੱਖਾਂ ਦੀ ਰੱਖਿਆ ਲਈ, ਲਾਗੂ ਕੀਤਾ ਸੀ ਰਾਖੀ ਪ੍ਰਬੰਧ ਸੋਹਣਾ।
ਕੁਝ ਪਹਾੜੀ ਇਲਾਕਿਆਂ ਵਿੱਚ ਵੀ ਸੀ, ਕੀਤਾ ਖਾਲਸਾਈ ਝੰਡਾ ਬੁਲੰਦ ਸੋਹਣਾ।
ਆਹਲੂਵਾਲੀਆ, ਓਨ੍ਹਾਂ ਹੀ ਦਿਨਾਂ ਅੰਦਰ, ਕਰ ਰਿਹਾ ਜੰਗਲ ਦੇ ਵਿਚ ਸ਼ਿਕਾਰ ਹੈਸੀ।
ਰਾਮਗੜੀਏ ਦੇ ਛੋਟੇ ਭਰਾ ਉਸ ਨੂੰ, ਫੱਟੜ ਕਰਕੇ ਕੀਤਾ ਗ੍ਰਿਫਤਾਰ ਹੈਸੀ।
ਜੱਸਾ ਸਿੰਘ ਸਰਦਾਰ ਦੇ ਲਿਆ ਸਾਹਵੇਂ, ਪੇਸ਼ ਕੀਤਾ ਓਹ ਬਾਂਕਾ ਬਲਕਾਰ ਹੈਸੀ।
ਰਾਮਗੜੀਏ ਨੇ ਮੰਗ ਕੇ ਖਿਮਾਂ ਐਪਰ, ਉਹਨੂੰ ਦਿੱਤਾ ਤਦ ਸ਼ਾਹੀ ਸਤਿਕਾਰ ਹੈਸੀ।
ਲਹੂ ਭਿੱਜਾ ਇਹ ਸਿੱਖ ਇਤਿਹਾਸ ਦੱਸਦੈ, ਅਸਾਂ ਜ਼ਾਲਮ ਨੂੰ ਸਦਾ ਵੰਗਾਰਿਆ ਏ।
ਜਿਸ ਵੀ ਵੇਖਿਆ ਸਾਡੇ ਵੱਲ ਅੱਖ ਕੈਰੀ, ਸੀਨਾ ਤਾਣ ਕੇ ਉਹਨੂੰ ਲਲਕਾਰਿਆ ਏ।
ਇਹ ਵੀ ਸੱਚ ਜੇ, ਖਾਲਸਾ ਰਣ ਅੰਦਰ, ਸਦਾ ਜਿੱਤਿਆ ਕਦੇ ਨਾ ਹਾਰਿਆ ਏ।
ਸਾਨੂੰ ਕਦੇ ਨਹੀਂ ਕੋਈ ਵੀ ਮਾਰ ਸਕਿਆ, ਜਦ ਵੀ ਮਾਰਿਆ, ਫੁੱਟ ਨੇ ਮਾਰਿਆ ਏ।
ਰਾਜ ਭਾਗ ਜਦ ਸਿੰਘਾਂ ਦੇ ਹੱਥ ਆਇਆ, ਓਦੋਂ ਮਿੱਤਰ ਹੀ ਸੀ ਮਿੱਤਰਮਾਰ ਹੋ ਗਏ।
ਇਕ-ਮੁੱਠ, ਇਕ-ਜੁੱਟ ਸੀ ਰਹੇ ਜਿਹੜੇ, ਚੰਦਰੀ ਫੁੱਟ ਦਾ ਓਹੋ ਸ਼ਿਕਾਰ ਹੋ ਗਏ ।
ਲੜੇ ਵੈਰੀ ਨਾਲ ਮੋਢੇ ਨਾਲ ਜੋੜ ਮੋਢਾ, ਇਕ ਦੂਜੇ ਲਈ ਓਹੀਓ ਖੂੰਖਾਰ ਹੋ ਗਏ ।
ਧੁਖਦੇ ਧੁਖਦੇ ਫਿਰ ਧੂੰਏ ਸਭ ਈਰਖਾ ਦੇ, ਵੇਂਹਦੇ ਵਿਹਦਿਆਂ ਭੱਖਦੇ ਅੰਗਿਆਰ ਹੋ ਗਏ ।
ਕੱਠੇ ਹੋ ਕੇ ਓਦੋਂ ਕਈ ਮਿਸਲਦਾਰਾਂ, ਏਸ ਯੋਧੇ ਦੇ ਤਾਈਂ ਲਲਕਾਰਿਆ ਸੀ।
ਇਕ ਸ਼ੇਰ ਨੂੰ ਘੇਰ ਕੇ ਕਈ ਸ਼ੇਰਾਂ, ਆਪੋ ਆਪਣਾ ਪੰਜਾ ਉਲਾਰਿਆ ਸੀ।
ਹਾਰ ਗਿਆ ਓਹ ਜੰਗ ਦੇ ਵਿੱਚ ਯੋਧਾ, ਫਿਰ ਵੀ ਹੌਸਲਾ ਓਸ ਨਾ ਹਾਰਿਆ ਸੀ।
ਚਲਾ ਗਿਆ ਉਹ ਪਾਵਨ ਪੰਜਾਬ ਛੱਡ ਕੇ, ਸਿਰ ਤੇ ਪਿਆ ਉਸ ਵਕਤ ਵਿਚਾਰਿਆ ਸੀ।
ਕੰਮ ਯੋਧੇ ਦਾ ਅੱਗੇ ਨੂੰ ਵਧੀ ਜਾਣਾ, ਭਾਵੇਂ ਆਰ ਹੋਵੇ ਤੇ ਭਾਵੇਂ ਪਾਰ ਹੋਵੇ।
ਚੜ੍ਹਦੀ ਕਲਾ ’ਚ ਰਹਿੰਦੇ ਨੇ ਸਿੰਘ ਸੂਰੇ, ਭਾਵੇਂ ਪਤਝੜ ਤੇ ਭਾਵੇਂ ਬਹਾਰ ਹੋਵੇ।
ਜਿਹੜਾ ਅੜ ਜਾਂਦਾ ਉਹ ਫਿਰ ਝੜ ਜਾਂਦਾ, ਭਾਵੇਂ ਦਸ਼ਮਣ ਤੇ ਭਾਵੇਂ ਫਿਰ ਯਾਰ ਹੋਵੇ।
ਧਰਮ ਯੋਧੇ ਦਾ ਜੂਝਣਾ ਜੰਗ ਅੰਦਰ, ਭਾਵੇਂ ਜਿੱਤ ਹੋਵੇ ਤੇ ਭਾਵੇਂ ਹਾਰ ਹੋਵੇ।
ਆਪਣੀ ਵਿਗੜੀ ਬਣਾਉਣ ਲਈ ਰਾਮਗੜ੍ਹੀਏ, ਕੀਤਾ ਸਤਿਲੁਜ ਦਰਿਆ ਫਿਰ ਪਾਰ ਓਦੋਂ ।
ਮਹਾਰਾਜਾ ਪਟਿਆਲਾ ਨੇ ਆਣ ਦਿੱਤਾ, ਮਹਾਂਰਾਜਿਆਂ ਵਾਲਾ ਸਤਿਕਾਰ ਓਦੋਂ।
ਬੜੇ ਅਦਬ ਦੇ ਨਾਲ ਸਨ ਭੇਟ ਕੀਤੇ, ਮਹਾਰਾਜੇ ਨੂੰ ਹਾਂਸੀ ਹਿਸਾਰ ਓਦੋਂ।
ਰਾਮਗੜੀਏ ਨੇ ਜੰਗ’ਚ ਸਾਥ ਦੇ ਕੇ, ਉਹਦੇ ਦੁਸ਼ਮਣ ਨੂੰ ਦਿੱਤੀ ਫਿਰ ਹਾਰ ਓਦੋਂ।
ਸਿਦਕੀ, ਸਿਰੜੀ, ਇਸ ਕੌਮੀ ਜਰਨੈਲ ਯੋਧੇ, ਕੱਠੀ ਕੀਤੀ ਸੀ ਫੌਜ ਕਮਾਨ ਅੰਦਰ।
ਪਾਈਆਂ ਭਾਂਜੜਾਂ ਮੁਗਲਾਂ ਮਰਹੱਟਿਆਂ ਨੂੰ, ਦਿੱਲੀ, ਯੂ.ਪੀ. ਤੇ ਰਾਜਿਸਥਾਨ ਅੰਦਰ।
ਹਾਰ ਗਿਆ ਜਦ ਬਾਦਸ਼ਾਹ ਸ਼ਾਹ ਆਲਮ, ਮਚੀ ਖਲਬਲੀ ਸੀ ਹਿੰਦੁਸਤਾਨ ਅੰਦਰ।।
ਬੀਰ, ਬਾਂਕੇ, ਬਹਾਦਰ ਜਰਨੈਲ ਦੀਆਂ, ਧੁੰਮਾਂ ਪੈ ਗਈਆਂ ਸਾਰੇ ਜਹਾਨ ਅੰਦਰ।
ਇਕ ਦਿਨ ਬ੍ਰਾਹਮਣ ਦੀ ਫਰਿਆਦ ਸੁਣਕੇ, ਹੋਇਆ ਘੋੜੇ ਦੇ ਉੱਤੇ ਸਵਾਰ ਯੋਧਾ।
ਮੁਗਲ ਹਾਕਮ ਦੀ ਠੱਪਣ ਲਈ ਖੁੰਬ ਚੰਗੀ, ਪਹੁੰਚ ਗਿਆ ਸੀ ਵਿੱਚ ਹਿਸਾਰ ਯੋਧਾ।
ਗਹਿਗੱਚ ਸੀ ਹੋਈ ਲੜਾਈ ਉਥੇ, ਕਰ ਰਿਹਾ ਹੈਸੀ ਮਾਰੋ ਮਾਰ ਯੋਧਾ।
ਉਹਦੀ ਕੈਦ ’ਚੋਂ ਲੜਕੀ ਛੁਡਾ ਆਖਰ, ਪਰਤ ਆਇਆ ਸੀ ਬਾਕਾਂ ਬਲਕਾਰ ਯੋਧਾ।
ਦੁਖੀ ਜਿਹੜਾ ਵੀ ਉਹਦੇ ਸੀ ਦਰ ਆਇਆ, ਸੁਣੀ ਉਹਦੀ ਸੀ ਚੀਖੋ ਪੁਕਾਰ ਉਸਨੇ।
ਹਰ ਇਕ ਦੇ ਤਾਂਈ ਨਿਆਂ ਦੇਣੈ, ਪੱਕਾ ਦਿਲ ਵਿੱਚ ਰੱਖਿਆ ਸੀ ਧਾਰ ਉਸਨੇ।
ਧੀ ਬ੍ਰਾਹਮਣ ਦੀ ਉਸ ਨੂੰ ਸੋਂਪ ਕੇ ਤੇ, ਉਹਨੂੰ ਦਿੱਤਾ ਸੀ ਪੂਰਨ ਸਤਿਕਾਰ ਉਸਨੇ।
ਧੀਆਂ ਵਾਂਗ ਉਸ ਧੀ ਨੂੰ ਤੋਰਿਆ ਸੀ, ਪਾ ਕੇ ਝੋਲੀ ’ਚ ਪੰਜ ਹਜ਼ਾਰ ਉਸਨੇ।
ਹਿੰਦੁਸਤਾਨ ’ਚੋਂ ਫਿਰ ਉਸ ਪਰਤ ਕੇ ਤੇ, ਘਰ ਦੇ ਭੇਤੀਆਂ ਤਾਈਂ ਵੰਗਾਰਿਆ ਸੀ।
ਉਨ੍ਹਾਂ ਤਾਈਂ ਉਸ ਆਣ ਕੇ ਸੋਧਿਆ ਸੀ, ਜੀਹਨਾਂ ਪਿੱਠ ਅੰਦਰ ਛੁਰਾ ਮਾਰਿਆ ਸੀ।
ਜੀਹਨੇ ਜੀਹਨੇ ਵੀ ਭਾਜੀ ਸੀ ਸਿਰ ਚਾੜ੍ਹੀ, ਦੂਣਾ, ਚਉਣਾ ਨਿਉਂਦਰਾ ਤਾਰਿਆ ਸੀ।
ਉਨ੍ਹਾਂ ਕਿਲਿਆਂ ਨੂੰ ਫੇਰ ਉਸ ਆਣ ਜਿੱਤਿਆ, ਜਿਹਨਾਂ ਕਿਲਿਆਂ ਨੂੰ ਕਦੇ ਉਹ ਹਾਰਿਆ ਸੀ।
ਰਾਜਨੀਤਕ ਉਹ ਚਾਲਾਂ ਨੂੰ ਸਮਝਦਾ ਸੀ, ਹੰਢਿਆ, ਵਰਤਿਆ ਸੀ ਨੀਤੀਵਾਨ ਉਹ ਤਾਂ।
ਧੁੱਪਾਂ ਛਾਵਾਂ ਹੰਢਾਈਆਂ ਸਨ ਤਨ ਉੱਤੇ, ਸੁਘੜ, ਸਿਆਣਾ ਸੀ ਸੂਝਵਾਨ ਉਹ ਤਾਂ।
ਸ਼ਰਨ ਆਏ ਨੂੰ ਸਦਾ ਹੀ ਮੁਆਫ ਕਰਦਾ, ਸਾਫ ਦਿਲ ਸੀ ਨੇਕ ਇਨਸਾਨ ਉਹ ਤਾਂ।
ਗੁਰੂ ਪੰਥ ਦਾ ਬਣਿਆ ਸੀ ਰਿਹਾ ਸੇਵਕ, ਹੈਸੀ ਪੰਥ ਦੀ ਜਿੰਦ ਤੇ ਜਾਨ ਉਹ ਤਾਂ।
ਉਸ ਕਾਰਜ ਨੂੰ ਗੁਰੂ ਸੀ ਆਪ ਕਰਦਾ, ਜਿਹੜਾ ਦਿਲ ’ਚ ਲੈਂਦਾ ਸੀ ਧਾਰ ਯੋਧਾ।
ਬਾਜ ਵਾਂਗ ਸੀ ਝਪਟਦਾ ਦੁਸ਼ਮਣਾਂ ਤੇ, ਰੋਹ ਭਰੀ ਲੈ ਹੱਥ ਤਲਵਾਰ ਯੋਧਾ।
ਲਾਲ ਕਿਲੇ ਨੂੰ ਕੀਤਾ ਸੀ ਫਤਹਿ ਜੀਹਨੇ, ਸੀ ਸਰਦਾਰਾਂ ਦਾ ਉਹ ਸਰਦਾਰ ਯੋਧਾ।
ਸਮੇਂ ਸਮੇਂ ਤੇ ਸੰਕਟ ਦੇ ਸਾਗਰਾਂ ’ਚੋਂ, ਹੋਇਆ ਹੌਸਲੇ ਨਾਲ ਸੀ ਪਾਰ ਯੋਧਾ।
ਸਾਰੀ ਉਮਰ ਸੀ ਉਸ ਸੰਘਰਸ਼ ਕੀਤਾ, ਚਲਦਾ ਰਿਹਾ ਸੀ ਖੰਡੇ ਦੀ ਧਾਰ ਉੱਤੇ।
ਉੱਚਾ ਸੁੱਚਾ ਉਸ ਸਦਾ ਇਖਲਾਕ ਰੱਖਿਆ, ਸਾਨੂੰ ਮਾਣ ਏ ਉਹਦੇ ਕਿਰਦਾਰ ਉੱਤੇ।
ਸਿੱਖੀ ਸ਼ਾਨ ਨੂੰ ਚਾਰ ਚੰਨ ਲਾ ਕੇ ਤੇ, ਚਲਾ ਗਿਆ ਸੀ ਸਿੰਘ ਸਰਦਾਰ ਉੱਤੇ।
ਕੇਸਾਂ, ਸੁਆਸਾਂ ਨਾਲ ਸਿੱਖੀ ਨਿਭਾ ‘ਜਾਚਕ’ ਅਮਰ ਹੋ ਗਿਆ ਸਾਰੇ ਸੰਸਾਰ ਉੱਤੇ।